ਮਾਸਕੋ : ਰੂਸ ਅਤੇ ਯੂਕਰੇਨ ਯੁੱਧ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਹੁਣ ਲੱਗਦਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਲਦ ਹੀ ਜੰਗ ਨੂੰ ਖ਼ਤਮ ਕਰਨ ਦੇ ਮੂਡ ’ਚ ਹਨ। ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਯੂਕਰੇਨ ਨਾਲ ਜੰਗ ਵਿਚਾਲੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੀ ਧਮਕੀ ਦੌਰਾਨ ਰੂਸ ਦਾ ਪਹਿਲਾ ਪ੍ਰਮਾਣੂ ਹਥਿਆਰ ਬੇਲਾਰੂਸ ਪਹੁੰਚ ਚੁੱਕਾ ਹੈ। ਬੇਲਾਰੂਸ ਦੀ ਸਰਹੱਦ ਯੂਕਰੇਨ ਨਾਲ ਲੱਗਦੀ ਹੈ, ਇਸ ਲਈ ਪੁਤਿਨ ਦੇ ਇਸ ਫੈਸਲੇ ਨਾਲ ਯੂਕਰੇਨ ’ਤੇ ਪ੍ਰਮਾਣੂ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈ। ਪੁਤਿਨ ਨੇ 25 ਮਾਰਚ ਨੂੰ ਬੇਲਾਰੂਸ ’ਚ ਪ੍ਰਮਾਣੂ ਹਥਿਆਰਾਂ ਦੀ ਤਾਇਨਾਤੀ ਦਾ ਐਲਾਨ ਕੀਤਾ ਸੀ। ਰੂਸੀ ਰਾਸ਼ਟਰਪਤੀ ਪੁਤਿਨ ਨੇ ਆਪਣੇ ਐਲਾਨ ਦੇ ਤਿੰਨ ਮਹੀਨੇ ਬਾਅਦ ਹੀ ਬੇਲਾਰੂਸ ’ਚ ਰੂਸ ਦਾ ਪਹਿਲਾ ਪ੍ਰਮਾਣੂ ਹਥਿਆਰ ਤਾਇਨਾਤ ਕਰ ਦਿੱਤਾ। ਪੁਤਿਨ ਨੇ ਕਿਹਾ ਗਰਮੀਆਂ ਦੇ ਅੰਤ ਤੱਕ ਅਸੀਂ ਪ੍ਰਮਾਣੂ ਹਥਿਆਰਾਂ ’ਚ ਹੋਰ ਵਾਧਾ ਕਰਾਂਗੇ।




