ਨਵੀਂ ਦਿੱਲੀ : ਆਰ ਐੱਸ ਐੱਸ ਨੇ ਹਿੰਸਾ ਦੇ ਝੰਬੇ ਮਣੀਪੁਰ ’ਚ ਅਮਨ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਸੰਘ ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਾਬਲੇ ਨੇ ਕਿਹਾ ਕਿ ਮਣੀਪੁਰ ’ਚ ਅਸ਼ਾਂਤੀ ਅਤੇ ਹਿੰਸਾ ਦਾ ਦੌਰ ਅਜੇ ਤੱਕ ਨਾ ਰੁਕਣਾ ਮੰਦਭਾਗਾ ਹੈ। ਉਨ੍ਹਾ ਕਿਹਾ ਕਿ ਸੁਰੱਖਿਆ ਏਜੰਸੀਆਂ, ਸਥਾਨਕ ਪ੍ਰਸ਼ਾਸਨ ਤੇ ਪੁਲਸ ਨੂੰ ਹਰ ਸੰਭਵ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਮਣੀਪੁਰ ’ਚ ਸ਼ਾਂਤੀ ਬਹਾਲ ਹੋ ਸਕੇ। ਆਰ ਐੱਸ ਐੱਸ ਇਸ ਸੰਕਟ ਦੀ ਘੜੀ ਵਿਚ ਘਰੋਂ ਬੇਘਰ ਹੋਏ ਲੋਕਾਂ ਦੇ ਨਾਲ ਖੜ੍ਹੀ ਹੈ। ਹੋਸਾਬਲੇ ਅਨੁਸਾਰ ਜਮਹੂਰੀਅਤ ’ਚ ਹਿੰਸਾ ਤੇ ਨਫਰਤ ਲਈ ਕੋਈ ਥਾਂ ਨਹੀਂ ਅਤੇ ਆਪਸੀ ਗੱਲਬਾਤ ਤੇ ਭਾਈਚਾਰਕ ਸਾਂਝ ਦੇ ਪ੍ਰਗਟਾਵੇ ਨਾਲ ਹੀ ਸਮੱਸਿਆ ਦਾ ਹੱਲ ਸੰਭਵ ਹੈ। ਇਸ ਨੂੰ ਮੈਤੇਈ ਭਾਈਚਾਰੇ ਵਿਚ ਅਸੁਰੱਖਿਆ ਦੀ ਭਾਵਨਾ, ਬੇਬਸੀ ਅਤੇ ਕੁੱਕੀ ਭਾਈਚਾਰੇ ਦੇ ਅਸਲ ਫਿਕਰਾਂ ਨੂੰ ਮੁਖਾਤਿਬ ਹੋ ਕੇ ਹੱਲ ਕੀਤਾ ਜਾ ਸਕਦਾ ਹੈ। ਆਰ ਐੱਸ ਐੱਸ ਨੇ ਸਥਾਨਕ ਪ੍ਰਸ਼ਾਸਨ, ਪੁਲਸ, ਫੌਜ ਅਤੇ ਕੇਂਦਰੀ ਏਜੰਸੀਆਂ ਸਮੇਤ ਸਰਕਾਰ ਨੂੰ ਮਣੀਪੁਰ ’ਚ ਹਿੰਸਾ ਨੂੰ ਤੁਰੰਤ ਰੋਕਣ ਲਈ ਮਦਦ ਦੀ ਅਪੀਲ ਕੀਤੀ ਹੈ।


