32.9 C
Jalandhar
Thursday, March 28, 2024
spot_img

ਪੀ ਆਰ ਟੀ ਸੀ ਕਾਮਿਆਂ ਵੱਲੋਂ ਜ਼ਬਰਦਸਤ ਰੈਲੀ, 19 ਨੂੰ ਹੜਤਾਲ ਦੀ ਚਿਤਾਵਨੀ

ਪਟਿਆਲਾ : ਤਨਖਾਹ ਤੇ ਪੈਨਸ਼ਨ ਦਾ ਭੁਗਤਾਨ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਵੱਲੋਂ ਮੁਫਤ ਸਫਰ ਬਦਲੇ ਬਣਦੇ 250 ਕਰੋੜ ਰੁਪਏ ਦੀ ਅਦਾਇਗੀ ਨਾ ਕਰਨਾ ਅਤੇ ਟਿਕਟ ਮਸ਼ੀਨਾਂ ਦੇ ਸਕੈਂਡਲ ਦੇ ਸੂਤਰਧਾਰ ਜਨਰਲ ਮੈਨੇਜਰ ਬਠਿੰਡਾ ਨੂੰ ਮੁਅੱਤਲ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ ਸਮੁੱਚੀਆਂ ਜਥੇਬੰਦੀਆਂ ਦੇ ਸੱਦੇ ‘ਤੇ ਮੰਗਲਵਾਰ 500 ਤੋਂ ਵੱਧ ਵਰਕਰਾਂ ਨੇ ਪਟਿਆਲਾ ਬੱਸ ਸਟੈਂਡ ਜਾਮ ਕਰਕੇ ਜ਼ੋਰਦਾਰ ਰੋਸ ਮੁਜ਼ਾਹਰਾ ਅਤੇ ਰੈਲੀ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ | ਰੋਸ ਮੁਜ਼ਾਹਰਾ ਖਤਮ ਹੋਣ ਸਮੇਂ ਐਕਸ਼ਨ ਕਮੇਟੀ ਵੱਲੋਂ ਸਮੇਤ ਕੰਟਰੈਕਟ ਵਰਕਰਾਂ ਦੀ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਜੂਨ ਮਹੀਨੇ ਦੀ ਤਨਖਾਹ, ਪੈਨਸ਼ਨ ਵੀ ਇਸੇ ਤਰ੍ਹਾਂ ਲੇਟ ਕੀਤੀ ਗਈ ਤਾਂ 19 ਜੁਲਾਈ ਨੂੰ ਪੀ ਆਰ ਟੀ ਸੀ ਦੇ ਸਾਰੇ ਡਿਪੂਆਂ ਵਿੱਚ ਇੱਕ ਦਿਨ ਦੀ ਮੁਕੰਮਲ ਹੜਤਾਲ ਕੀਤੀ ਜਾਵੇਗੀ | ਹੜਤਾਲ ਦੀ ਤਿਆਰੀ ਅਤੇ ਜਨਰਲ ਮੈਨੇਜਰ ਬਠਿੰਡਾ ਨੂੰ ਮੁਅੱਤਲ ਕਰਨ ਦੀ ਮੰਗ ਸੰਬੰਧੀ 5 ਜੁਲਾਈ ਨੂੰ ਬਠਿੰਡਾ ਵਿਖੇ ਕਨਵੈਨਸ਼ਨ ਕੀਤੀ ਜਾਵੇਗੀ, ਕਿਉਂਕਿ ਜੇਕਰ ਸਰਕਾਰਾਂ ਅਤੇ ਮੈਨੇਜਮੈਂਟ ਇੱਕ ਮਹੀਨਾ ਸਖਤ ਮੁਸ਼ੱਕਤ ਵਾਲੀ ਡਿਊਟੀ ਲੈ ਕੇ ਪਰਵਾਰਾਂ ਦੇ ਗੁਜ਼ਾਰੇ ਲਈ ਬਣਦਾ ਮਿਹਨਤਾਨਾ ਵੀ ਨਹੀਂ ਦੇ ਸਕਦੀਆਂ ਤਾਂ ਫਿਰ ਕਿਰਤੀਆਂ ਕੋਲ ਇਹੀ ਰਸਤਾ ਸਰਕਾਰਾਂ ਨੂੰ ਜਗਾਉਣ ਲਈ ਅਤੇ ਲੋਕਾਂ ਦੀ ਕਚਹਿਰੀ ਵਿੱਚ ਸਰਕਾਰਾਂ ਦਾ ਕਿਰਦਾਰ ਦੱਸਣ ਲਈ ਬਾਕੀ ਰਹਿ ਜਾਂਦਾ ਹੈ |
ਪਟਿਆਲਾ ਬੱਸ ਸਟੈਂਡ ਦੇ ਸਾਹਮਣੇ ਇਸ ਜ਼ੋਰਦਾਰ ਰੋਸ ਅਤੇ ਗੁੱਸੇ ਵਿੱਚ ਆਏ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਬੁਲਾਰਿਆਂ ਨਿਰਮਲ ਸਿੰਘ ਧਾਲੀਵਾਲ, ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਗੁਰਬਖਸ਼ਾ ਰਾਮ, ਸੁੱਚਾ ਸਿੰਘ, ਹਰਕੇਸ਼ ਕੁਮਾਰ ਕੰਟਰੈਕਟ ਵਰਕਰਜ਼ ਆਗੂ ਅਤੇ ਮੁਹੰਮਦ ਖਲੀਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜਦੋਂ ਤੋਂ ਆਪ ਦੀ ਮਾਨ ਸਰਕਾਰ ਗੱਦੀਨਸ਼ੀਨ ਹੋਈ ਹੈ, ਉਸੇ ਸਮੇਂ ਤੋਂ ਪੀ ਆਰ ਟੀ ਸੀ ਦੇ ਵਰਕਰਾਂ ਨੂੰ ਤਨਖਾਹ ਅਤੇ ਪੈਨਸ਼ਨ ਦੇ ਲਾਲੇ ਪਏ ਹੋਏ ਹਨ | ਭਾਵੇਂ ਕਿ ਇਸ ਤੋਂ ਬਿਨਾਂ ਵੀ ਇਹ ਸਰਕਾਰ ਸਮੁੱਚੇ ਕਿਰਤੀ ਵਰਗ ਦੇ ਵਿਰੋਧ ਵਿੱਚ ਭੁਗਤ ਰਹੀ ਹੈ, ਕਿਉਂਕਿ ਇਹ ਵਾਅਦੇ ਕਰਕੇ ਆਏ ਸਨ ਕਿ ਸਭ ਕੰਟਰੈਕਟ ਕਾਮੇ ਪੱਕੇ ਕੀਤੇ ਜਾਣਗੇ ਅਤੇ ਅੱਗੇ ਵਾਸਤੇ ਸਾਰੀ ਭਰਤੀ ਪੱਕੇ ਮੁਲਾਜਮਾਂ ਦੀ ਹੋਵੇਗੀ | ਪਰ ਹੁਣ ਸਰਕਾਰ ਪੂਰੀ ਤਰ੍ਹਾਂ ਚੁੱਪ ਵੱਟਕੇ ਬੈਠੀ ਹੈ | ਘੱਟੋਘੱਟ ਉਜਰਤਾ ਵਿੱਚ ਇੱਕ ਰੁਪਈਏ ਦਾ ਵੀ ਵਾਧਾ ਨਹੀਂ ਕੀਤਾ, ਨਿੱਜੀਕਰਨ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ | ਬੇਰੁਜ਼ਗਾਰੀ ਦਾ ਕੋਈ ਹੱਲ ਐਲਾਨ ਦੇ ਤੌਰ ‘ਤੇ ਵੀ ਪੇਸ਼ ਨਹੀਂ ਕੀਤਾ | ਗੈਰ-ਜਥੇਬੰਦਕ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ | ਚੋਣਾਂ ਸਮੇਂ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ | ਸਿਰਫ ਝੂਠੇ ਪ੍ਰਾਪੇਗੰਡੇ ਰਾਹੀਂ ਡੰਗ ਟਪਾਈ ਕੀਤੀ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਭਰੋਸੇਯੋਗ ਵਸੀਲਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਸਰਕਾਰ ਕਿਲੋਮੀਟਰ ਸਕੀਮ ਅਧੀਨ ਪ੍ਰਾਈਵੇਟ ਬੱਸਾਂ ਪਾਉਣਾ ਚਾਹੁੰਦੀ ਹੈ | ਸਰਕਾਰ ਮੁਫਤ ਅਤੇ ਰਿਆਇਤੀ ਸਫਰ ਸਹੂਲਤਾਂ ਦੇ ਕੇ ਪਿੰਡਾਂ ਦੀਆਂ ਸੱਥਾਂ ਵਿੱਚ ਤਾੜੀਆਂ ਮਰਵਾਉਂਦੀ ਹੈ ਅਤੇ ਇਸੇ ਨਾਂਅ ‘ਤੇ ਵੋਟਾਂ ਮੰਗਦੀ ਹੈ, ਪਰ ਸਰਕਾਰ ਦੇ ਇਨ੍ਹਾਂ ਸ਼ੋਸ਼ਿਆਂ ਦਾ ਖਮਿਆਜਾ ਪੀ.ਆਰ.ਟੀ.ਸੀ. ਦੇ ਕਾਮੇ ਤਨਖਾਹਪੈਨਸ਼ਨ ਨਾ ਮਿਲਣ ਦੇ ਰੂਪ ਵਿੱਚ ਭੋਗ ਰਹੇ ਹਨ | ਆਗੂਆਂ ਨੇ ਮੰਗ ਕੀਤੀ ਕਿ ਮੁਫਤ ਸਫਰ ਦੇ ਪੈਸੇ ਸਰਕਾਰ ਆਪਣੇ ਵਾਅਦੇ ਮੁਤਾਬਿਕ ਹਰ 15 ਦਿਨਾਂ ਬਾਅਦ ਦੇਵੇ, ਪ੍ਰਾਈਵੇਟ ਬੱਸ ਮਾਫੀਏ ਨੂੰ ਅਦਾਲਤਾਂ ਦੇ ਹੁਕਮਾਂ ਮੁਤਾਬਿਕ ਕੰਟਰੋਲ ਕਰੇ | ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਦਾ ਮੰਦ ਮਨਸੂਬਾ ਤਿਆਗੇ | ਕੰਟਰੈਕਟ ਕਾਮੇ ਪੱਕੇ ਕਰੇ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਗਏ ਬਜ਼ੁਰਗਾਂ ਨੂੰ ਪੈਨਸ਼ਨ ਦਾ ਮੈਂਬਰ ਬਣਾਵੇ ਅਤੇ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਨੂੰ ਤੁਰੰਤ ਮੁਅੱਤਲ ਕਰੇ | ਵਰਕਰਾਂ ਦੇ ਨੁਮਾਇੰਦਿਆਂ ਨੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਉਸ ਨੇ ਅਜੇ ਤੱਕ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਬਠਿੰਡਾ ਡਿਪੂ ਵਿਖੇ ਹੋਏ ਬਹੁ ਕਰੋੜੀ ਟਿਕਟ ਮਸ਼ੀਨਾਂ ਦੇ ਸਕੈਂਡਲ ਦੇ ਸੂਤਰਧਾਰ ਜਨਰਲ ਮੈਨੇਜਰ ਬਠਿੰਡਾ ਨੂੰ ਮੁਅੱਤਲ ਨਹੀਂ ਕੀਤਾ | ਆਗੂਆਂ ਨੇ ਕਿਹਾ ਕਿ ਜੇਕਰ ਅਜੇ ਹੋਰ ਦੇਰੀ ਕੀਤੀ ਤਾਂ ਇਸ ਮੁੱਦੇ ਨੂੰ ਲੈ ਕੇ ਭਿ੍ਸ਼ਟਾਚਾਰ ਵਿਰੋਧੀ ਉੱਚ ਪੱਧਰੀ ਏਜੰਸੀਆਂ ਦੇ ਮੁਖੀਆਂ ਨੂੰ ਵੀ ਮਿਲਿਆ ਜਾਵੇਗਾ ਅਤੇ ਐਜੀਟੇਸ਼ਨ ਦੀ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ |

Related Articles

LEAVE A REPLY

Please enter your comment!
Please enter your name here

Latest Articles