ਮਨੀਪੁਰ ਦੇ ਹਾਲਾਤ ਨੂੰ ਲੈ ਕੇ ਉਥੋਂ ਦੇ ਲੋਕ ਕਿੰਨੇ ਗੁੱਸੇ ਵਿਚ ਹਨ, ਇਸ ਦਾ ਪਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 102ਵੀਂ ਕਿਸ਼ਤ ਪ੍ਰਤੀ ਉਨ੍ਹਾਂ ਦੀ ਪ੍ਰਤੀਕਿ੍ਰਆ ਤੋਂ ਲੱਗਿਆ। ਪ੍ਰਧਾਨ ਮੰਤਰੀ ‘ਮਨ ਕੀ ਬਾਤ’ ਮਹੀਨੇ ਦੇ ਅਖੀਰ ਵਿਚ ਕਰਦੇ ਹਨ, ਪਰ ਅਮਰੀਕਾ ਦੌਰੇ ’ਤੇ ਜਾਣ ਕਰਕੇ ਐਡਵਾਂਸ ਕਰ ਲਈ। ਐਤਵਾਰ ਦੇਸ਼ ਦੇ ਹੋਰਨਾਂ ਲੋਕਾਂ ਵਾਂਗ ਮਨੀਪੁਰ ਦੇ ਲੋਕਾਂ ਨੇ ਵੀ ਇਹ ਬਾਤ ਸੁਣੀ, ਪਰ ਉਨ੍ਹਾਂ ਦੀ ਪ੍ਰਤੀ�ਿਆ ਮੋਦੀ ਭਗਤਾਂ ਨਾਲੋਂ ਵੱਖਰੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ 3 ਮਈ ਤੋਂ ਚੱਲ ਰਹੀ ਹਿੰਸਾ ਵਿਚ ਘੱਟੋ-ਘੱਟ 110 ਲੋਕ ਮਾਰੇ ਜਾ ਚੁੱਕੇ ਹਨ ਤੇ 60 ਹਜ਼ਾਰ ਉੱਜੜ ਚੁੱਕੇ ਹਨ, ਪਰ ਮੋਦੀ ਇਸ ਨਰਸੰਘਾਰ ਬਾਰੇ ਇਕ ਲਫਜ਼ ਵੀ ਨਹੀਂ ਉੱਚਰੇ। ਗੁੱਸੇ ਵਿਚ ਆਏ ਲੋਕਾਂ ਨੇ ਇੰਫਾਲ ਪੱਛਮੀ ਜ਼ਿਲ੍ਹੇ ਦੀ ਸਿੰਗਜਾਮੀ ਮਾਰਕਿਟ ਅਤੇ ਕਾਕਚਿੰਗ ਜ਼ਿਲ੍ਹੇ ਦੀ ਕਾਕਚਿੰਗ ਮਾਰਕਿਟ ’ਚ ਰੇਡੀਓ ਲੈ ਕੇ ਮੁਜ਼ਾਹਰੇ ਕੀਤੇ ਤੇ ਕਿਹਾ ਕਿ ਮੋਦੀ ਨੇ ਐਮਰਜੈਂਸੀ ਦੀ ਗੱਲ ਕੀਤੀ ਅਤੇ ਭਾਰਤ ਨੂੰ ਜਮਹੂਰੀਅਤ ਦੀ ਜਨਨੀ ਕਿਹਾ, ਪਰ 49 ਦਿਨ ਤੋਂ ਚੱਲੇ ਰਹੇ ਸੰਕਟ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ। ਸਿੰਗਜਾਮੀ ਵਿਚ ਨੈਸ਼ਨਲ ਹਾਈਵੇਅ-2 ਦੇ ਦੋਹੀਂ ਪਾਸੀਂ ਲਾਈਨ ਬਣਾ ਕੇ ਮਹਿਲਾਵਾਂ ਨੇ ਮੋਦੀ ਤੇ ਹੁਕਮਰਾਨ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੋਸਟਰ ਚੁੱਕੇ ਹੋਏ ਸਨਮੈਂ ਮਨ ਕੀ ਬਾਤ ਦਾ ਵਿਰੋਧ ਕਰਦੀ ਹਾਂ, ਮਿਸਟਰ ਮੋਦੀ ਸ਼ਰਮ ਕਰੋ, ਮਨ ਕੀ ਬਾਤ ’ਚ ਮਨੀਪੁਰ ਲਈ ਇਕ ਸ਼ਬਦ ਵੀ ਨਹੀਂ, ਮਨ ਕੀ ਬਾਤ ਨੂੰ ਨਾਂਹ, ਮਨੀਪੁਰ ਕੀ ਬਾਤ ਨੂੰ ਹਾਂ ਅਤੇ ਮਿਸਟਰ ਮੋਦੀ ਮਨ ਕੀ ਬਾਤ ’ਚ ਹੋਰ ਡਰਾਮਾ ਬਰਦਾਸ਼ਤ ਨਹੀਂ। ਇਸ ਦੌਰਾਨ ਇਕ ਬੰਦੇ ਨੇ ਸੜਕ ਦੇ ਵਿਚਕਾਰ ਰੇਡੀਓ ਚੁੱਕ ਕੇ ਮਾਰਿਆ ਤੇ ਉਸ ਤੋਂ ਬਾਅਦ ਇਕ ਮਹਿਲਾ ਨੇ ਵੀ ਰੇਡੀਓ ਚੁੱਕ ਕੇ ਮਾਰਿਆ। ਫਿਰ ਦੋ ਮਰਦਾਂ ਤੇ ਇਕ ਮਹਿਲਾ ਨੇ ਉਨ੍ਹਾਂ ’ਤੇ ਟੱਪ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਕਾਕਚਿੰਗ ਵਿਚ ਮਹਿਲਾ ਪ੍ਰੋਟੈੱਸਟਰਾਂ ਨੇ ਚਾਰ-ਪੰਜ ਰੇਡੀਓ ਸਾੜ ਦਿੱਤੇ। ਪ੍ਰੋਟੈੱਸਟਰਾਂ ਨੇ ਮੋਦੀ ਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ‘ਨਾਰਥ ਈਸਟ ਇੰਡੀਆ ਵੋਮੈਨ ਇਨੀਸ਼ਿਏਟਿਵ ਫਾਰ ਪੀਸ’ ਦੀ ਕਨਵੀਨਰ ਤੇ ‘ਮਨੀਪੁਰ ਵੋਮੈਨ ਗਨ ਸਰਵਾਈਵਰਜ਼ ਨੈੱਟਵਰਕ’ ਦੀ ਬਾਨੀ ਬੀਨਾਲਕਸ਼ਮੀ ਨੇਪਰਾਮ ਨੇ ਕਿਹਾ ਕਿ ਮਨ ਕੀ ਬਾਤ ਮਨੀਪੁਰੀਆਂ ਲਈ ਤਾਂ ਮੌਨ ਕੀ ਬਾਤ ਹੀ ਬਣ ਕੇ ਰਹਿ ਗਈ। ਏਨਾ ਜਾਨੀ ਤੇ ਮਾਲੀ ਨੁਕਸਾਨ ਹੋਣ ਦੇ ਬਾਅਦ ਪ੍ਰਧਾਨ ਮੰਤਰੀ ਦੀ ਬੇਰੁਖੀ ਨੇ ਮਨੀਪੁਰ ਤੇ ਉੱਤਰ-ਪੂਰਬੀ ਭਾਰਤ ਦੇ ਲੋਕਾਂ ਨੂੰ ਬਹੁਤ ਦੁਖੀ ਕੀਤਾ ਹੈ। ਮਨੀਪੁਰ ਦੇ ਲੋਕ ਆਪਣੀ ਥਾਂ ਦੁਖੀ ਹਨ, ਪਰ ਹਕੀਕਤ ਇਹੀ ਹੈ ਕਿ ਪ੍ਰਧਾਨ ਮੰਤਰੀ ਅਜਿਹੇ ਕਿਸੇ ਮੁੱਦੇ ’ਤੇ ਨਹੀਂ ਬੋਲਦੇ, ਜਿੱਥੋਂ ਉਨ੍ਹਾਂ ਨੂੰ ਕੁਝ ਲੱਭਦਾ ਨਾ ਹੋਵੇ, ਉਨ੍ਹਾ ਦੀ ਬੱਲੇ-ਬੱਲੇ ਨਾ ਹੁੰਦੀ ਹੋਵੇ।



