35.2 C
Jalandhar
Friday, October 18, 2024
spot_img

ਪਾਠ-ਪੁਸਤਕਾਂ ਦੀ ਸਫਾਈ

ਕਰਨਾਟਕ ਵਿਚ ਭਾਜਪਾ ਸਰਕਾਰ ਨੇ ਸਕੂਲੀ ਪਾਠ ਪੁਸਤਕਾਂ ਵਿੱਚੋਂ ਸਾਵਿਤਰੀ ਬਾਈ ਫੂਲੇ, ਅੰਬੇਡਕਰ ਤੇ ਨਹਿਰੂ ਨਾਲ ਜੁੜੇ ਅਧਿਆਇ ਹਟਾ ਦਿੱਤੇ ਸਨ ਤੇ ਉਨ੍ਹਾਂ ਦੀ ਥਾਂ ਆਰ ਐੱਸ ਐੱਸ ਦੇ ਬਾਨੀ ਕੇਸ਼ਵ ਬਲੀਰਾਮ ਹੈਡਗੇਵਾਰ ਤੇ ਚੱਕਰਵਰਤੀ ਸੁਲੀਬੇਲੇ ਵਰਗਿਆਂ ਦੇ ਪਾਠ ਜੋੜ ਦਿੱਤੇ ਸਨ। ਹੁਣ ਨਵੀਂ ਕਾਂਗਰਸ ਸਰਕਾਰ ਨੇ ਪਾਠ ਪੁਸਤਕਾਂ ਦੇ ਭਗਵਾਂਕਰਨ ’ਤੇ ਕੂਚੀ ਫੇਰਨੀ ਸ਼ੁਰੂ ਕਰ ਦਿੱਤੀ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਸਿੱਖਿਆ ਮੰਤਰੀ ਮਧੂ ਬੰਗਾਰੱਪਾ ਨੇ ਕਿਹਾ ਕਿ ਕੈਬਨਿਟ ਨੇ ਚੋਣਾਂ ਵਿਚ ਕੀਤੇ ਵਾਅਦੇ ਮੁਤਾਬਕ ਭਾਜਪਾ ਸਰਕਾਰ ਵੱਲੋਂ ਪਾਠ ਪੁਸਤਕਾਂ ਵਿਚ ਕੀਤੇ ਬਦਲਾਅ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪੁਸਤਕਾਂ ਛਪ ਚੁੱਕੀਆਂ ਹਨ, ਪਰ ਫਿਰ ਵੀ ਜ਼ਰੂਰੀ ਬਦਲਾਅ ਫੌਰੀ ਤੌਰ ’ਤੇ ਕੀਤੇ ਜਾਣਗੇ। ਛੇਵੀਂ ਤੋਂ ਦਸਵੀਂ ਤੱਕ ਦੀਆਂ ਕੰਨੜ ਤੇ ਸਮਾਜ ਵਿਗਿਆਨ ਦੀਆਂ ਪੁਸਤਕਾਂ ਵਿਚ ਬਦਲਾਅ ਕਰ ਦਿੱਤੇ ਗਏ ਹਨ। ਸਾਵਿਤਰੀ ਬਾਈ ਫੂਲੇ ਦਾ ਪਾਠ ਬਹਾਲ ਕਰ ਦਿੱਤਾ ਗਿਆ ਹੈ, ਦੱਖਣਪੰਥੀ ਚੱਕਰਵਰਤੀ ਸੁਲੀਬੇਲੇ ਦੇ ਪਾਠ ਨੂੰ ਹਟਾ ਦਿੱਤਾ ਗਿਆ ਹੈ। ਅਧਿਆਪਕ ਕੁਝ ਪਾਠ ਪੜ੍ਹਾ ਚੁੱਕੇ ਹਨ, ਪਰ ਭਾਸ਼ਾ ਤੇ ਹੋਰ ਵਿਸ਼ੇ ਇਕ ਮਹੀਨੇ ਬਾਅਦ ਪੜ੍ਹਾਉਣਗੇ। ਮੂਲ ਪਾਠ ਪੁਸਤਕਾਂ ਨੂੰ ਹਟਾਉਣਾ ਸੰਭਵ ਨਹੀਂ, ਪਰ ਜ਼ਿਮਨੀ ਕਿਤਾਬਚਿਆਂ ਦੀ ਸਪਲਾਈ ਡੇਢ ਹਫਤਿਆਂ ਵਿਚ ਕਰ ਦਿੱਤੀ ਜਾਵੇਗੀ ਅਤੇ ਅਧਿਆਪਕ ਪਹਿਲਾਂ ਛਪੇ ਪਾਠਾਂ ਦੀ ਥਾਂ ਉਸ ਮੁਤਾਬਕ ਪੜ੍ਹਾਉਣਗੇ। ਇਕ ਮਹੀਨੇ ਬਾਅਦ ਸਿਲੇਬਸ ਵਿਚ ਜ਼ਰੂਰੀ ਸੋਧਾਂ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਦੀਆਂ ਸਿਫਾਰਸ਼ਾਂ ’ਤੇ ਅਗਲੇ ਸੈਸ਼ਨ ਦੀਆਂ ਪੁਸਤਕਾਂ ਛਾਪੀਆਂ ਜਾਣਗੀਆਂ। ਫਿਲਹਾਲ ਕੀ ਪੜ੍ਹਾਉਣਾ ਹੈ ਤੇ ਕੀ ਨਹੀਂ ਪੜ੍ਹਾਉਣਾ, ਇਸ ਬਾਰੇ ਅਧਿਆਪਕਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ। ਕੈਬਨਿਟ ਨੇ ਸਾਰੇ ਸਕੂਲਾਂ ਵਿਚ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ ਵੀ ਲਾਜ਼ਮੀ ਕਰ ਦਿੱਤਾ ਹੈ। ਸਾਰੇ ਸਰਕਾਰੀ ਤੇ ਨੀਮ-ਸਰਕਾਰੀ ਅਦਾਰਿਆਂ ਵਿਚ ਪ੍ਰਸਤਾਵਨਾ ਦੇ ਚਾਰਟ ਦਾ ਪ੍ਰਦਰਸ਼ਨ ਲਾਜ਼ਮੀ ਕੀਤਾ ਜਾਵੇਗਾ।
ਹਿੰਦੂਤਵੀ ਸਮੂਹਾਂ ਦੀ ਅਖੰਡ ਭਾਰਤ ਦੀ ਕਲਪਨਾ ਵਿਚ ਆਰ ਐੱਸ ਐੱਸ ਦੇ ਬਾਨੀ ਹੈਡਗੇਵਾਰ, ਵੀਰ ਸਾਵਰਕਰ ਤੇ ਗੋਲਵਲਕਰ ਪੂਜਨੀਕ ਹਨ। ਕਰਨਾਟਕ ’ਚ ਸਕੂਲੀ ਪਾਠ ਪੁਸਤਕਾਂ ਵਿੱਚੋਂ ਇਨ੍ਹਾਂ ਦੇ ਪਾਠ ਕੱਢਣ ਨਾਲ ਉਹ ਤਿਲਮਿਲਾ ਗਏ ਹਨ। ਕੇਂਦਰ ਦੀ ਮੋਦੀ ਸਰਕਾਰ ਨੇ ਵੀ ਨਵੀਂ ਸਿੱਖਿਆ ਨੀਤੀ ਭਗਵਾਂ ਵਿਚਾਰਧਾਰਾ ਨਾਲ ਬਣਾਈ ਹੈ, ਜਿਸ ਦਾ ਸੈਕੂਲਰ ਤੇ ਜਮਹੂਰੀ ਤਾਕਤਾਂ ਜ਼ੋਰਦਾਰ ਵਿਰੋਧ ਕਰਦੀਆਂ ਆ ਰਹੀਆਂ ਹਨ। ਕਰਨਾਟਕ ਸਰਕਾਰ ਦਾ ਫੈਸਲਾ ਇਨ੍ਹਾਂ ਤਾਕਤਾਂ ਨੂੰ ਯਕੀਨੀ ਤੌਰ ’ਤੇ ਤਾਕਤ ਬਖਸ਼ੇਗਾ।

Related Articles

LEAVE A REPLY

Please enter your comment!
Please enter your name here

Latest Articles