ਲਾਪਤਾ ਪਣਡੁੱਬੀ ’ਚੋਂ ਅਵਾਜ਼ਾਂ ਸੁਣੀਆਂ

0
245

ਬੋਸਟਨ (ਅਮਰੀਕਾ) : ਕੈਨੇਡਾ ਦੇ ਹਵਾਈ ਜਹਾਜ਼ ਨੇ ਐਤਵਾਰ ਤੋਂ ਲਾਪਤਾ ਪਣਡੁੱਬੀ ਦੀ ਭਾਲ ਦੌਰਾਨ ਅੰਧ ਮਹਾਸਾਗਰ ਦੇ ਇੱਕ ਦੂਰ-ਦੁਰਾਡੇ ਖੇਤਰ ’ਚ ਟਾਈਟੈਨਿਕ ਦੇ ਮਲਬੇ ਦੇ ਨੇੜੇ ਪਾਣੀ ਦੇ ਹੇਠਾਂ ਲਾਪਤਾ ਟਾਈਟਨ ਪਣਡੁੱਬੀ ਵਿਚੋਂ ਸੋਨਾਰ-ਬਾਇ ਦੀ ਮਦਦ ਨਾਲ ਆਵਾਜ਼ਾਂ ਸੁਣੀਆਂ ਹਨ। ਅਮਰੀਕੀ ਤੱਟ ਰੱਖਿਅਕਾਂ ਨੇ ਇਹ ਜਾਣਕਾਰੀ ਦਿੱਤੀ। ਪਣਡੁੱਬੀ ਵਿਚ ਪੰਜ ਵਿਅਕਤੀ ਸਵਾਰ ਹਨ। ਇਹ ਸਾਰੇ ਸਦੀ ਤੋਂ ਵੱਧ ਸਮਾਂ ਪਹਿਲਾਂ ਡੁੱਬਣ ਵਾਲੇ ਟਾਈਟੈਨਿਕ ਦੇ ਮਲਬੇ ਨੂੰ ਦੇਖਣ ਲਈ ਨਿਕਲੇ ਸਨ। ਯੂ ਐਸ ਕੋਸਟ ਗਾਰਡ ਦੇ ਅਨੁਸਾਰ ਕੈਨੇਡੀਅਨ ਪੀ-3 ਹਵਾਈ ਜਹਾਜ਼ ਵੱਲੋਂ ਆਵਾਜ਼ ਦਾ ਪਤਾ ਲੱਗਣ ਤੋਂ ਬਾਅਦ ਖੋਜ ਮੁਹਿੰਮ ਦੀ ਥਾਂ ਬਦਲੀ ਗਈ ਹੈ।
ਬੀ ਬੀ ਸੀ ਮੁਤਾਬਕ ਪਣਡੁੱਬੀ ਵਿਚ 36 ਘੰਟਿਆਂ ਦੀ ਹੀ ਆਕਸੀਜਨ ਬਚੀ ਹੈ। ਪਣਡੁੱਬੀ ਵਿਚ ਬਰਤਾਨਵੀ ਅਰਬਪਤੀ ਹੈਮਿਸ਼ ਹਾਰਡਿੰਗ ਵੀ ਮੌਜੂਦ ਹੈ, ਜਿਸਨੇ ਭਾਰਤ ਵਿਚ ਚੀਤਾ ਲਿਆਉਣ ’ਚ ਸਹਿਯੋਗ ਦਿੱਤਾ ਸੀ। ਉਸਤੋਂ ਇਲਾਵਾ ਫਰਾਂਸੀਸੀ ਡਾਈਵਰ ਪਾਲ ਹੈਨਰੀ, ਪਾਕਿਸਤਾਨੀ-ਬਿ੍ਰਟਿਸ਼ ਕਾਰੋਬਾਰੀ ਸ਼ਹਿਜ਼ਾਦਾ ਦਾਊਦ, ਉਸਦਾ ਬੇਟਾ ਸੁਲੇਮਾਨ ਤੇ ਓਸ਼ਨਗੇਟ ਕੰਪਨੀ ਦਾ ਸੀ ਈ ਓ ਸਟਾਕਟਨ ਰੱਸ਼ ਵੀ ਮੌਜੂਦ ਹਨ। ਓਸ਼ਨਗੇਟ ਕੰਪਨੀ ਹੀ ਟਾਈਟਨ ਪਣਡੁੱਬੀ ਦੀ ਮਾਲਕ ਹੈ। ਟੂਰਿਸਟ ਪਣਡੁੱਬੀ ਅੰਧ ਮਹਾਸਾਗਰ ਵਿਚ 18 ਜੂਨ ਨੂੰ ਉਤਰਨ ਦੇ ਪੌਣੇ ਦੋ ਘੰਟਿਆਂ ਬਾਅਦ ਲਾਪਤਾ ਹੋ ਗਈ ਸੀ। ਅਮਰੀਕਾ ਤੇ ਕੈਨੇਡਾ ਦੀਆਂ ਟੀਮਾਂ ਕੇਪ ਕੌਡ ਤੋਂ ਕਰੀਬ 90 ਮੀਲ ਪੂਰਬ ’ਚ ਸਮੁੰਦਰ ਵਿਚ 7600 ਵਰਗ ਮੀਲ ’ਚ ਪਣਡੁੱਬੀ ਦੀ ਭਾਲ ਕਰ ਰਹੀਆਂ ਹਨ।
ਪਾਣੀ ਵਿਚ ਸੋਨਾਰ-ਬਾਇ ਵੀ ਛੱਡੇ ਗਏ ਹਨ, ਜਿਹੜੇ 13 ਹਜ਼ਾਰ ਫੁਟ ਦੀ ਡੂੰਘਾਈ ਤਕ ਮਾਨੀਟਰ ਕਰ ਸਕਦੇ ਹਨ। ਪਣਡੁੱਬੀ 22 ਫੁੱਟ ਲੰਮੀ ਤੇ 9.2 ਫੁੱਟ ਚੌੜੀ ਹੈ। ਕਾਰਬਨ ਫਾਈਬਰ ਦੀ ਪਣਡੁੱਬੀ ਨੂੰ ਟਾਈਟੈਨਿਕ ਦਾ ਮਲਬਾ ਦਿਖਾਉਣ ਲਈ ਵਰਤਿਆ ਜਾਂਦਾ ਹੈ ਤੇ ਪ੍ਰਤੀ ਵਿਅਕਤੀ ਫੀਸ ਦੋ ਕਰੋੜ ਰੁਪਏ ਹੈ।

LEAVE A REPLY

Please enter your comment!
Please enter your name here