ਮੋਗਾ : ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ’ਤੇ ਕਾਤਲਾਨਾ ਹਮਲੇ ਕਰਨ ਵਾਲੇ ਸਰਪੰਚ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਬੋਲੇ ਜਾਤੀ ਸੂਚਕ ਸ਼ਬਦਾਂ ਲਈ ਐੱਸ ਸੀ/ ਐੱਸ ਟੀ ਐਕਟ ਤਹਿਤ ਤੁਰੰਤ ਪਰਚਾ ਦਰਜ ਕੀਤਾ ਜਾਵੇ। ਇਹ ਮੰਗ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਸੀਰ ਖੋਸਾ ਅਤੇ ਸਲਾਹਕਾਰ ਕੁਲਦੀਪ ਸਿੰਘ ਭੋਲਾ ਨੇ ਕੀਤੀ। ਉਹਨਾਂ ਦੱਸਿਆ ਕਿ ਪਿੰਡ ਸੁੱਖੇਵਾਲਾ ਦੇ ਸਰਪੰਚ ਦੇ ਪਤੀ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਕਸ਼ਮੀਰ ਸਿੰਘ ਉਪਰ ਪਿੰਡ ਦੀ ਸਰਪੰਚ (ਇਸਤਰੀ) ਦੇ ਪਤੀ ਨੇ ਕੁਝ ਵਿਅਕਤੀਆਂ ਸਮੇਤ ਗਿਣੀਮਿਥੀ ਸਾਜ਼ਿਸ਼ ਨਾਲ ਹਮਲਾ ਕੀਤਾ, ਜਾਤੀ ਸੂਚਕ ਗਾਲ੍ਹਾਂ ਕੱਢੀਆਂ, ਕੁੱਟਮਾਰ ਕੀਤੀ ਤੇ ਮੋਬਾਇਲ ਖੋਹ ਲਿਆ। ਗੁਰਦੁਆਰਾ ਸਾਹਿਬ ਵਿੱਚ ਬੰਦੀ ਬਣਾਇਆ ਗਿਆ। ਉਪਰੋਕਤ ਆਗੂਆਂ ਨੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਹਮਲਾਵਰਾਂ ’ਤੇ ਫੌਰੀ ਕਾਰਵਾਈ ਕੀਤੀ ਜਾਵੇ। ਗੁਰਦੁਆਰਾ ਸਾਹਿਬ ਦੇ ਕੈਮਰਿਆਂ ਦੀ ਫੁਟੇਜ ਪੜਤਾਲੀ ਜਾਵੇ ਤੇ ਬਣਦੀਆਂ ਧਾਰਾਵਾਂ ਨਾਲ ਪਰਚਾ ਦਰਜ ਹੋਵੇ। ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਢਿੱਲ ਦਿਖਾਉਂਦਾ ਹੈ ਤਾਂ ਇਸ ਵਿਰੁੱਧ ਸਾਰੇ ਪੰਜਾਬ ’ਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।




