ਮਾਸਕੋ : ਰੂਸ ਨੇ ਆਪਣੀ ਪ੍ਰਾਈਵੇਟ ਮਿਲਟਰੀ ਵੈਗਨਰ ’ਤੇ ਤਖ਼ਤਾ ਪਲਟਣ ਦੀ ਕੋਸ਼ਿਸ਼ ਦੇ ਦੋਸ਼ ਲਾਏ ਹਨ। ਇਸ ਤੋਂ ਬਾਅਦ ਮਾਸਕੋ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਉਥੋਂ ਤੱਕ ਪਹੁੰਚਣ ਵਾਲੇ ਐਮ-4 ਮੋਟਰ ਵੇ ਨੂੰ ਬਲਾਕ ਕਰ ਦਿੱਤਾ ਗਿਆ ਹੈ। ਰੂਸ ਦੀ ਸਕਿਉਰਿਟੀ ਸਰਵਿਸ ਨੇ ਦੱਸਿਆ ਕਿ ਪ੍ਰਾਈਵੇਟ ਆਰਮੀ ਦੇ ਮਾਲਕ ਯੇਵਗੇਨੀ ਪ੍ਰੀਗੋਜ਼ਿਨ ’ਤੇ ਰੂਸ ਖਿਲਾਫ਼ ਵਿਦਰੋਹ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਉਹੀ ਪ੍ਰੀਗੋਜ਼ਿਨ ਹੈ, ਜਿਸ ਨੂੰ ਪੁਤਿਨ ਦਾ ਰਸੋਈਆ ਕਿਹਾ ਜਾਂਦਾ ਹੈ ਅਤੇ ਜਿਸ ਨੇ ਜੰਗ ’ਚ ਯੂਕਰੇਨ ਦੇ ਕਈ ਇਲਾਕਿਆਂ ਨੂੰ ਜਿੱਤਣ ’ਚ ਰੂਸੀ ਫੌਜ ਦੀ ਮਦਦ ਕੀਤੀ ਸੀ। ਹਾਲਾਂਕਿ, ਕਾਫੀ ਸਮੇਂ ਤੋਂ ਯੇਵਗੇਨੀ ਅਤੇ ਰੂਸੀ ਫੌਜ ਵਿਚਾਲੇ ਖਿੱਚੋਤਾਣ ਦੀਆਂ ਜਾਣਕਾਰੀਆਂ ਆ ਰਹੀਆਂ ਸਨ। ਇਸ ਤੋਂ ਬਾਅਦ ਸ਼ਨੀਵਾਰ ਸਾਹਮਣੇ ਆਈਆਂ ਤਸਵੀਰਾਂ ’ਚ ਰੋਸਤੋਵ ਸ਼ਹਿਰ ’ਚ ਬਖ਼ਤਰਬੰਦ ਗੱਡੀਆਂ ਦਿਖਾਈ ਦਿੱਤੀਆਂ। 13 ਜਨਵਰੀ ਤੋਂ ਲਗਾਤਾਰ ਜੰਗ ’ਚ ਪਿੱਛੇ ਧੱਕੇ ਜਾ ਰਹੇ ਰੂਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਯੂਕਰੇਨ ਦੇ ਸੋਲੇਡਾਰ ਇਲਾਕੇ ’ਤੇ ਕਬਜ਼ਾ ਕਰ ਲਿਆ ਹੈ। ਇਹ ਕਬਜ਼ਾ ਰੂਸ ਦੀ ਫੌਜ ਨਹੀਂ, ਬਲਕਿ ਪ੍ਰਾਈਵੇਟ ਮਿਲਟਰੀ ਦੇ ਲੜਾਕਿਆਂ ਨੇ ਕੀਤਾ ਸੀ।




