ਓਟਵਾ : ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ਼ਾਂ ’ਤੇ ਕੈਨੇਡਾ ਭੇਜਣ ਵਾਲੇ ਟਰੈਵਲ ਏਜੰਟ ਬਿ੍ਰਜੇਸ਼ ਮਿਸ਼ਰਾ ਨੂੰ ਕੈਨੇਡਾ ’ਚ ਗਿ੍ਰਫਤਾਰ ਕਰ ਲਿਆ ਗਿਆ ਹੈ। ਉਸ ਨੂੰ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗਿ੍ਰਫਤਾਰ ਕੀਤਾ ਗਿਆ। ਉਸ ’ਤੇ ਕੈਨੇਡਾ ’ਚ ਉੱਚ ਸਿੱਖਿਆ ਸੰਸਥਾਵਾਂ ਲਈ ਭਾਰਤੀ ਵਿਦਿਆਰਥੀਆਂ ਨੂੰ ਫਰਜ਼ੀ ਪੱਤਰ ਜਾਰੀ ਕਰਨ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਉਸ ਦੇ ਸਾਥੀ ਰਾਹੁਲ ਭਾਰਗਵ ਨੂੰ ਪਹਿਲਾਂ ਹੀ 28 ਮਾਰਚ ਨੂੰ ਜਲੰਧਰ ਤੋਂ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਕੈਨੇਡਾ ਬਾਰਡਰ ਸਕਿਉਰਿਟੀ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿ੍ਰਜੇਸ਼ ਮਿਸ਼ਰਾ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਕੈਨੇਡਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਕੰਪਨੀ ਨੇ ਫੜ ਲਿਆ। ਇਸ ਤੋਂ ਬਾਅਦ ਉਸ ਨੂੰ ਬਾਰਡਰ ਸਕਿਉਰਿਟੀ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜਾਲ੍ਹੀ ਕਾਲਜ ਦਾਖਲਾ ਪੱਤਰ ਘੁਟਾਲੇ ਕਾਰਨ ਪੰਜਾਬ ਅਤੇ ਭਾਰਤ ਦੇ ਹੋਰ ਰਾਜਾਂ ਦੇ ਸੈਂਕੜੇ ਵਿਦਿਆਰਥੀ ਕਥਿਤ ਤੌਰ ’ਤੇ ਦੇਸ਼ ਨਿਕਾਲੇ ਦੇ ਰਾਹ ਪਏ ਹੋਏ ਹਨ।
ਬਿ੍ਰਜੇਸ਼ ਮਿਸ਼ਰਾ ਖਿਲਾਫ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਾਰਵਾਈ ਕਰਦਿਆਂ ਉਸ ’ਤੇ ਬਿਨਾਂ ਲਾਇਸੈਂਸ ਦੇ ਇਮੀਗ੍ਰੇਸ਼ਨ ਸਲਾਹ ਦੇਣ ਅਤੇ ਅਧਿਕਾਰੀਆਂ ਤੋਂ ਜਾਣਕਾਰੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਜਾਂ ਰੋਕਣ ਲਈ ਦੂਜਿਆਂ ਨੂੰ ਸਲਾਹ ਦੇਣ ਦਾ ਦੋਸ਼ ਲਗਾਇਆ ਹੈ।





