ਪਟਿਆਲਾ : ਪੰਜਾਬ ਸਰਕਾਰ ਦੇ ਚਾਲੂ ਵਿੱਤੀ ਵਰ੍ਹੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਗਰਾਂਟ ਵਧਾਉਣ ਤੋਂ ਬਾਅਦ ਵਧੀ ਮੰਗ ਕਾਰਨ ਕਈ ਕੋਰਸਾਂ ਵਿੱਚ ਸੀਟਾਂ ਵਧਾਉਣੀਆਂ ਪਈਆਂ ਹਨ। ਦੋ ਸਾਲ ਪਹਿਲਾਂ ਸ਼ੁਰੂ ਕੀਤੇ ਨਿਰਾਲੇ ਕਿਸਮ ਦੇ ਪੰਜ ਸਾਲਾ ਏਕੀਕਿ੍ਰਤ ਕੋਰਸਾਂ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਵਧੀ ਹੈ। ਤਕਰੀਬਨ ਅੱਠ ਸੌ ਸੀਟਾਂ ਲਈ ਤਿੰਨ ਹਜ਼ਾਰ ਤੋਂ ਜ਼ਿਆਦਾ ਅਰਜ਼ੀਆਂ ਆਈਆਂ ਹਨ, ਜੋ ਕਿ ਪਿਛਲੇ ਸਾਲ 2600 ਸਨ। ਪਿਛਲੇ ਸਾਲਾਂ ਦੌਰਾਨ ਬੀ ਟੈੱਕ ਦੇ ਕੋਰਸਾਂ ਵਿੱਚ ਦਾਖ਼ਲੇ ਘਟੇ ਸਨ, ਜੋ ਕਿ ਇਸ ਸਾਲ ਵਧ ਗਏ ਹਨ। ਕੰਪਿਊਟਰ ਸਾਇੰਸ ਵਿੱਚ 223 ਸੀਟਾਂ ਭਰ ਗਈਆਂ ਹਨ। ਮਕੈਨੀਕਲ ਇੰਜੀਨੀਅਰਿੰਗ ਵਿੱਚ ਪਿਛਲੇ ਸਾਲ 29 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਸੀ। ਇਸ ਸਾਲ 51 ਵਿਦਿਆਰਥੀਆਂ ਨੇ ਦਾਖ਼ਲਾ ਲੈਣ ਲਈ ਫੀਸ ਜਮ੍ਹਾਂ ਕਰਾ ਦਿੱਤੀ ਹੈ ਅਤੇ ਅਗਲੇ ਗੇੜ ਵਿੱਚ ਹੋਰ ਵਿਦਿਆਰਥੀ ਲੈਣ ਵਾਲੇ ਹਨ। ਸਿਵਲ ਇੰਜੀਨੀਅਰਿੰਗ ਵਿੱਚ ਪਿਛਲੇ ਸਾਲ 42 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਸੀ, ਜੋ ਇਸ ਸਾਲ ਵਧ ਕੇ 71 ਹੋ ਗਿਆ ਹੈ। ਫਿਜ਼ੀਓਥਰੈਪੀ ਵਿੱਚ 30 ਸੀਟਾਂ ਲਈ 500 ਅਰਜ਼ੀਆਂ ਆਈਆਂ ਹਨ। ਇਸ ਕੋਰਸ ਦੀ ਲੋੜ ਮੁਤਾਬਕ ਸਹੂਲਤਾਂ ਵਧਾ ਕੇ ਸੀਟਾਂ ਵਧਾਉਣ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਅੰਡਰ ਗਰੈਜੂਏਟ ਕੋਰਸਾਂ ਵਿੱਚ ਦਾਖਲੇ ਦੇ ਰੁਝਾਨ ਵਿੱਚ ਇਸ ਵਾਰ ਪਿਛਲੇ ਸਾਲ ਨਾਲੋਂ ਵਾਧਾ ਵੇਖਣ ਨੂੰ ਮਿਲਿਆ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਮੌਜੂਦਾ ਸਮੇਂ 13 ਤਰ੍ਹਾਂ ਦੇ ਅੰਡਰ ਗਰੈਜੂਏਟ ਕੋਰਸ ਚਲਾਏ ਜਾਂਦੇ ਹਨ। ਕੇਂਦਰੀ ਦਾਖ਼ਲਾ ਸੈੱਲ ਦੇ ਅੰਕੜਿਆਂ ਅਨੁਸਾਰ ਦਾਖ਼ਲਿਆਂ ਲਈ ਅਰਜ਼ੀਆਂ ਦੀ ਗਿਣਤੀ ਇਸ ਸਾਲ ਪਿਛਲੇ ਸਾਲ ਨਾਲੋਂ ਵਧੇਰੇ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਵੱਖਰੀ ਭਾਂਤ ਦੇ ਪੰਜ ਸਾਲਾ ਏਕੀਕਿ੍ਰਤ ਕੋਰਸਾਂ ਵਿੱਚੋਂ ਭਾਸ਼ਾਵਾਂ ਦੇ ਖੇਤਰ ਵਿਚਲੇ ਪੰਜ ਸਾਲਾ ਏਕੀਕਿ੍ਰਤ ਕੋਰਸ ਲਈ ਪਿਛਲੇ ਸਾਲ 558 ਅਰਜ਼ੀਆਂ ਪ੍ਰਾਪਤ ਹੋਈਆਂ, ਜਦੋਂ ਕਿ 2023 ਦੌਰਾਨ ਇਹ ਗਿਣਤੀ 572 ਰਹੀ। ਇਸ ਕੋਰਸ ਵਿੱਚ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁੱਲ 130 ਸੀਟਾਂ ਭਰੀਆਂ ਗਈਆਂ। ਇਨ੍ਹਾਂ ਪੰਜ ਸਾਲਾ ਕੋਰਸਾਂ ਤੋਂ ਇਲਾਵਾ ਬਾਕੀ ਦੇ ਰਵਾਇਤੀ ਕੋਰਸਾਂ ਵਿੱਚ ਵੀ ਇਹੋ ਰੁਝਾਨ ਵੇਖਣ ਨੂੰ ਮਿਲਿਆ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਇਸ ਉਤਸ਼ਾਹ ਦਾ ਸਿਹਰਾ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਰ ਬੱਝਦਾ ਹੈ। ਉਨ੍ਹਾ ਵਿੱਤੀ ਸੰਕਟ ਵਿੱਚ ਫਸੇ ਅਦਾਰੇ ਦੀ ਬਾਂਹ ਫੜੀ ਹੈ, ਜੋ ਅਦਾਰੇ ਦੇ ਮੁਲਾਜ਼ਮਾਂ ਵਿੱਚ ਕੰਮ ਕਰਨ ਦਾ ਉਤਸ਼ਾਹ ਵਧਾਉਣ ਅਤੇ ਵਿਦਿਆਰਥੀਆਂ ਦਾ ਭਰੋਸਾ ਵਧਾਉਣ ਵਿੱਚ ਕਾਮਯਾਬ ਹੋਈ ਹੈ। ਫਿਜ਼ੀਓਥਰੈਪੀ ਅਤੇ ਬੀ ਟੈੱਕ ਦੇ ਕੁਝ ਕੋਰਸਾਂ ਵਿੱਚ ਸੀਟਾਂ ਵਧਾਉਣ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ।




