ਚੰਡੀਗੜ੍ਹ : ਸੂਬੇ ਵਿਚ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਕਿਹਾ ਕਿ ‘ਕਿਸਾਨ-ਸਰਕਾਰ ਮਿਲਣੀ’ ਦੀ ਤਰਜ਼ ਉਤੇ ‘ਪਿੰਡ-ਸਰਕਾਰ ਮਿਲਣੀ’ ਕਰਵਾਈ ਜਾਵੇਗੀ, ਤਾਂ ਕਿ ਪਿੰਡਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵਿਕਾਸ ਕਾਰਜਾਂ ਵਿਚ ਭਾਈਵਾਲ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸੁਝਾਅ ਹਾਸਲ ਕੀਤੇ ਜਾ ਸਕਣ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਪਿੰਡ-ਸਰਕਾਰ ਮਿਲਣੀ’ ਜ਼ਿਲ੍ਹਾ ਪੱਧਰ ਉਤੇ ਕਰਵਾਈ ਜਾਵੇਗੀ, ਜਿੱਥੇ ਪੰਚਾਇਤਾਂ ਅਧਿਕਾਰੀਆਂ ਨੂੰ ਪਿੰਡਾਂ ਦੇ ਵਿਕਾਸ ਲਈ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂੰ ਕਰਵਾਉਣਗੀਆਂ।
ਭਗਵੰਤ ਮਾਨ ਨੇ ਕਿਹਾ ਕਿ ਇਹ ਮਿਲਣੀਆਂ ਮਾਲਵਾ ਖਿੱਤੇ ਵਿਚ ਦੋ ਦਿਨ, ਜਦਕਿ ਦੋਆਬੇ ਤੇ ਮਾਝੇ ਵਿਚ ਇਕ-ਇਕ ਦਿਨ ਕਰਵਾਈਆਂ ਜਾਣਗੀਆਂ, ਕਿਉਂ ਜੋ ਸੂਬੇ ਦੇ 60 ਫੀਸਦੀ ਪਿੰਡ ਮਾਲਵੇ ਖੇਤਰ ਵਿਚ ਪੈਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਅਕਸਰ ਦੇਖਿਆ ਗਿਆ ਕਿ ਪੰਚਾਇਤਾਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਪੱਧਰ ਉਤੇ ਹੱਲ ਹੋਣ ਵਾਲੇ ਛੋਟੇ-ਛੋਟੇ ਮਸਲੇ ਵੀ ਸੰਬੰਧਤ ਅਧਿਕਾਰੀਆਂ ਤੱਕ ਨਹੀਂ ਪਹੁੰਚਾ ਸਕਦੀਆਂ, ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੀਆਂ ਕਈ ਪੰਚਾਇਤਾਂ ਨੇ ਨਿਵੇਕਲੇ ਪ੍ਰਾਜੈਕਟ ਲਾਗੂ ਕਰਕ ਆਪੋ-ਆਪਣੇ ਪਿੰਡਾਂ ਨੂੰ ਮਾਡਰਨ ਪਿੰਡਾਂ ਵਜੋਂ ਵਿਕਸਤ ਕੀਤਾ ਹੈ, ਜਿਸ ਨਾਲ ਇਨ੍ਹਾਂ ਪੰਚਾਇਤਾਂ ਪਾਸੋਂ ਸੁਝਾਅ ਵੀ ਲਏ ਜਾਣਗੇ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਏ ਵੇਨੂੰ ਪ੍ਰਸਾਦ ਤੇ ਹੋਰ ਅਧਿਕਾਰੀ ਹਾਜ਼ਰ ਸਨ।




