ਵੱਖ-ਵੱਖ ਬੁਲਾਰਿਆਂ ਨੇ ਪੀ ਟੀ ਸੀ ਦੀ ਕਾਰਗੁਜ਼ਾਰੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇੱਕ ਵਿਸ਼ੇਸ਼ ਚੈਨਲ ਨੂੰ ਹੀ ਬਾਣੀ ਪ੍ਰਸਾਰਨ ਦਾ ਅਧਿਕਾਰ ਦੇਣਾ ਸ਼੍ਰੋਮਣੀ ਕਮੇਟੀ ਦੀ ਕੋਈ ਮਜਬੂਰੀ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਮੈਂਬਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਿਫਾਫਿਆਂ ਵਿੱਚੋਂ ਲਗਾਤਾਰ ਨਿਕਲਦੇ ਆ ਰਹੇ ਹਨ, ਜਿਸ ਦਾ ਕਿਸੇ ਨੇ ਵੀ ਕਦੇ ਵਿਰੋਧ ਨਹੀਂ ਕੀਤਾ, ਜਿਸ ਕਾਰਨ ਅੱਜ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਢਾਹ ਲੱਗ ਰਹੀ ਹੈ।
ਬੀਬੀ ਜਗੀਰ ਕੌਰ ਨੇ ਸਿੱਧੇ ਲਫਜ਼ਾਂ ਵਿੱਚ ਕਿਹਾ ਕਿ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੀ ਉਹ ਨਿਖੇਧੀ ਕਰਦੇ ਹਨ ਤੇ ਸ਼੍ਰੋਮਣੀ ਕਮੇਟੀ ਦੁਆਰਾ ਦਿੱਤੇ ਜਾਣ ਵਾਲੇ ਪ੍ਰੋਗਰਾਮ ’ਤੇ ਪੂਰੀ ਤਰ੍ਹਾਂ ਪਹਿਰਾ ਦੇਣਗੇ। ਉਹਨਾ ਕਿਹਾ ਕਿ ਮਰਿਆਦਾ ਦਾ ਪਾਲਣ ਕਰਨ ਲਈ ਉਹਨਾ ਨੂੰ ਆਪਣਾ ਖੂਨ ਵੀ ਵਹਾਉਣਾ ਪਿਆ ਤਾਂ ਪਿੱਛੇ ਨਹੀਂ ਹਟਣਗੇ।
ਉਹਨਾ ਕਿਹਾ ਕਿ ਉਹ ਜਦੋਂ ਸੰਗਤਾਂ ਵਿੱਚ ਜਾਂਦੇ ਹਨ ਤਾਂ ਸੰਗਤਾਂ ਆਪਣੀਆਂ ਸੰਸਥਾਵਾਂ ਨੂੰ ਬਚਾਉਣ ਲਈ ਤੜਪ ਰਹੀਆਂ ਹਨ। ਅੱਜ ਵੀ ਅਸੀ ਰਸਾਤਲ ਵੱਲ ਜਾ ਰਹੇ ਹਾਂ। ਉਹਨਾ ਜਦੋਂ ਦੋ ਗੱਲਾਂ ਹੋਰ ਕਰਨ ਦੀ ਬਾਤ ਪਾਈ ਤਾਂ ਪ੍ਰਧਾਨ ਨੇ ਰੋਕ ਦਿੱਤਾ ਤੇ ਸਪੀਕਰ ਬੰਦ ਕਰ ਦਿੱਤਾ। ਬੀਬੀ ਨੇ ਕਿਹਾ ਕਿ ਉਹ ਇੱਕ ਪਰਵਾਰ ਦੇ ਏਕਾਧਿਕਾਰ ਨੂੰ ਚੁੱਪ ਕਰਕੇ ਸਹਿੰਦੇ ਰਹੇ, ਜਿਸ ਕਾਰਨ ਅੱਜ ਪੰਥ ਨੂੰ ਇਹ ਦਿਨ ਵੇਖਣੇ ਪੈ ਰਹੇ ਹਨ। ਬੀਬੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਪਣਾ ਯੂ ਟਿਊਬ ਚੈਨਲ ਪਹਿਲਾਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਹਨਾ ਕਿਹਾ ਕਿ ਸੱਤ ਮਹੀਨੇ ਪਹਿਲਾਂ ਜਦੋਂ ਉਹਨਾ ਬਾਦਲ ਸਾਹਿਬ ਨੂੰ ਸੁਝਾਅ ਦਿੱਤਾ ਸੀ ਕਿ ਉਹ ਪੀ ਟੀ ਸੀ ਗੁਰੂ ਘਰ ਨੂੰ ਦਾਨ ਕਰ ਦੇਣ ਤਾਂ ਉਹਨਾ ਗੁੱਸਾ ਜ਼ਾਹਰ ਕੀਤਾ ਸੀ।
ਮੈਂਬਰ ਜਸਵੰਤ ਸਿੰਘ ਪੁੜੈਣ ਨੇ ਕਿਹਾ ਕਿ ਪਹਿਲ਼ਾਂ ਅਸੀਂ ਸੁੱਤੇ ਰਹਿੰਦੇ ਹਾਂ ਤੇ ਫਿਰ ਵਾਦ-ਵਿਵਾਦ ਵਿੱਚ ਪੈ ਜਾਂਦੇ ਹਾਂ ਤੇ ਉਠਿਆ ਪ੍ਰਸ਼ਨ ਦਾ ਅੰਤ ਉਥੇ ਹੀ ਹੋ ਜਾਂਦਾ ਹੈ। ਉਹਨਾ ਕਿਹਾ ਕਿ ਜਿਹੜਾ ਮਤਾ ਇੱਕ ਮਸਕਰੇ ਨੇ ਲਿਆਂਦਾ ਹੈ, ਉਸ ਨੂੰ ਰੱਦ ਵੀ ਕੀਤਾ ਜਾਂਦਾ ਹੈ ਤੇ ਸਰਕਾਰ ਇਸ ਨੂੰ ਤੁਰੰਤ ਵਾਪਸ ਲਵੇ।
ਉਹਨਾ ਕਿਹਾ ਕਿ ਇਹ ਮਸਕਰਾ ਅੱਜ ਇੱਕ ਮਤਾ ਲੈ ਕੇ ਆਇਆ ਹੈ, ਕੱਲ੍ਹ ਨੂੰ ਮੈਂਬਰ ਬਣਨ ਵਿੱਚ ਤੇ ਵੋਟਰ ਬਣਨ ਲਈ ਵੀ ਸੋਧ ਕਰ ਸਕਦਾ ਹੈ। ਫਿਰ ਛੱਲ਼ੀ ਰਾਮ ਤੇ ਟੱਲੀ ਰਾਮ ਵੀ ਮੈਂਬਰ ਤੇ ਵੋਟਰ ਬਣ ਜਾਣਗੇ ਅਤੇ ਫਿਰ ਇਸ ਸਿੱਖਾਂ ਦੀ ਪਾਰਲੀਮੈਂਟ ਦੀ ਕੋਈ ਤੁਕ ਨਹੀਂ ਰਹਿ ਜਾਵੇਗੀ। ਉਹਨਾ ਕਿਹਾ ਕਿ ਅੱਜ ਪੀ ਟੀ ਸੀ ਤੇ ਉਸ ਦੇ ਮਾਲਕਾਂ ਖਿਲਾਫ ਸਾਰੇ ਸਿੱਖ ਵਿਰੁੱਧ ਹਨ ਤੇ ਮੈਂ ਵੀ ਖਿਲਾਫ ਹਾਂ, ਫਿਰ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਕਿਉਂ ਨਹੀਂ ਸ਼ੁਰੂ ਕਰਦੀ। ਉਹਨਾ ਕਿਹਾ ਕਿ ਜਦੋਂ ਕੋਈ ਵਿਰੋਧੀ ਮੈਂਬਰ ਬੋਲਣ ਲੱਗਦਾ ਹੈ ਤਾਂ ਉਸ ’ਤੇ ਭਾਜਪਾ ਦਾ ਟੈਗ ਲਗਾ ਦਿੱਤਾ ਜਾਂਦਾ ਹੈ, ਸਾਨੂੰ ਇਸ ਵਿੱਚੋਂ ਵੀ ਨਿਕਲਣਾ ਪਵੇਗਾ। ਉਹਨਾ ਕਿਹਾ ਕਿ ਅੱਜ ਦਾ ਸਾਰਾ ਹਾਊਸ ਹੀ ਮੰਗ ਕਰਦਾ ਹੈ ਕਿ ਇੱਕ ਚੈਨਲ ਤੇ ਇੱਕ ਪਰਵਾਰ ਦਾ ਏਕਾਧਿਕਾਰ ਖਤਮ ਕੀਤਾ ਜਾਵੇ ਅਤੇ ਆਪਣਾ ਚੈਨਲ ਤੁਰੰਤ ਸ਼ੁਰੂ ਕੀਤਾ ਜਾਵੇ।
ਬੀਬੀ ਕਿਰਨਜੋਤ ਕੌਰ ਤੇ ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ ਨੇ ਕਿਹਾ ਕਿ ਜਸਵੰਤ ਸਿੰਘ ਪੁੜੈਣ ਨੇ ਠੀਕ ਕਿਹਾ ਕਿ ਲੋਕ ਪੀ ਟੀ ਸੀ ਦੇ ਏਕਾਧਿਕਾਰ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ, ਇਸ ਲਈ ਬਿਨਾਂ ਕਿਸੇ ਦੇਰੀ ਦੇ ਪਹਿਲ਼ਾਂ ਯੂ ਟਿਊਬ ਚੈਨਲ ਸ਼ੁਰੂ ਕੀਤਾ ਜਾਵੇ ਤੇ ਨਾਲ-ਨਾਲ ਸੈਟੇਲਾਈਟ ਚੈਨਲ ਦੀ ਵੀ ਕਾਰਵਾਈ ਆਰੰਭ ਕੀਤੀ ਜਾਵੇ। ਅਮਰਜੀਤ ਸਿੰਘ ਵਡਾਲਾ ਤੇ ਇੱਕ-ਦੋ ਹੋਰ ਮੈਂਬਰਾਂ ਨੇ ਵੀ ਕਿਹਾ ਕਿ ਬਾਦਲ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਗੁਰੂ ਘਰ ਨੂੰ ਪੀ ਟੀ ਸੀ ਚੈਨਲ ਦਾਨ ਕਰ ਦੇਣ ਤਾਂ ਸਾਰੇ ਝਮੇਲੇ ਹੀ ਖਤਮ ਹੋ ਜਾਣਗੇ।
ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਕਾਲ ਤਖਤ ਤੇ ਬੁਲਾ ਕੇ ਜਥੇਦਾਰ ਸਾਹਿਬ ਪੁੱਛ-ਪੜਤਾਲ ਕਰਨ ਕਿ ਉਸ ਦੀ ਪ੍ਰਧਾਨਗੀ ਹੇਠ ਗੁਰੂ ਘਰ ਖਿਲਾਫ ਮਤਾ ਕਿਵੇਂ ਪਾਸ ਕਰ ਦਿੱਤਾ ਗਿਆ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਾਨੂੰ ਮਾਡਰਨ ਮਸੰਦ ਦੱਸਦਾ ਹੈ ਤਾਂ ਉਹ ਵੀ ਮਾਡਰਨ ਨਚਾਰ ਹੀ ਹੈ।
ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਭਗਵੰਤ ਮਾਨ ਨਾ ਸਿੱਖ ਹੈ ਤੇ ਨਾ ਹੀ ਸਿੱਖ ਰੂਹ ਵਾਲਾ ਵਿਅਕਤੀ ਹੈ, ਜਿਹੜਾ ਚੱਤੇ ਪਹਿਰ ਵੀ ਕਈ ਪ੍ਰਕਾਰ ਦੇ ਪਦਾਰਥ ਛਕ ਕੇ ਰੱਖਦਾ ਹੈ। ਉਹਨਾ ਕਿਹਾ ਕਿ ਜਿਸ ਨੇ ਵੀ ਗੁਰੂ ਘਰ ਨਾਲ ਮੱਥਾ ਲਾਇਆ, ਉਸ ਦਾ ਕੱਖ ਨਹੀਂ ਰਿਹਾ।




