ਚੰਡੀਗੜ੍ਹ (ਗੁਰਜੀਤ ਬਿੱਲਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 1993 ਬੈਚ ਦੇ ਆਈ ਏ ਐੱਸ ਅਧਿਕਾਰੀ ਅਨੁਰਾਗ ਵਰਮਾ ਨੂੰ ਪੰਜਾਬ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਹੈ। ਵਰਤਮਾਨ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਵਰਮਾ ਇਸ ਵੇਲੇ ਗ੍ਰਹਿ ਸਕੱਤਰ ਹਨ। ਵਰਮਾ ਦੀ ਨਿਯੁਕਤੀ ਦੇ ਨਾਲ ਹੀ ਉਨ੍ਹਾ ਤੋਂ ਸੀਨੀਅਰ 7 ਆਈ ਏ ਐੱਸ ਅਫਸਰਾਂ ਨੂੰ ਵਿਸ਼ੇਸ਼ ਮੁੱਖ ਸਕੱਤਰ ਦਾ ਦਰਜਾ ਦੇ ਦਿੱਤਾ ਗਿਆ ਹੈ।
ਪਟਿਆਲਾ ਵਿਖੇ ਅਧਿਆਪਕ ਪਰਵਾਰ ਵਿੱਚ ਜਨਮੇ ਅਨੁਰਾਗ ਵਰਮਾ ਦੇ ਪਿਤਾ ਕੈਮਿਸਟਰੀ ਦੇ ਪ੍ਰੋਫੈਸਰ ਅਤੇ ਮਾਤਾ ਅੰਗਰੇਜ਼ੀ ਅਧਿਆਪਕਾ ਰਹੇ। ਉਨ੍ਹਾ ਦਾ ਜੱਦੀ ਪਿੰਡ ਪਟਿਆਲਾ ਜ਼ਿਲੇ੍ਹ ਵਿੱਚ ਚਲੈਲਾ ਹੈ। ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ’ਚ ਇੰਜੀਨੀਅਰਿੰਗ ਦੀ ਡਿਗਰੀ ਦੇ ਗੋਲਡ ਮੈਡਲਿਸਟ ਵਰਮਾ 1993 ਵਿੱਚ ਭਾਰਤੀ ਪ੍ਰਸ਼ਾਸਿਨਕ ਸੇਵਾਵਾਂ (ਆਈ ਏ ਐੱਸ) ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ ਸੱਤਵੇਂ ਸਥਾਨ ਉਤੇ ਆਏ ਸਨ। ਫੀਲਡ ਪੋਸਟਿੰਗ ਦੌਰਾਨ ਉਹ ਬਠਿੰਡਾ, ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਰਹੇ।





