ਨਵੀਂ ਦਿੱਲੀ : ਅਮਰੀਕਾ ਅਤੇ ਮਿਸਰ ਦੇ ਸਰਕਾਰੀ ਦੌਰੇ ਤੋਂ ਭਾਰਤ ਪਰਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਅਤੇ ਹੋਰ ਨੇਤਾਵਾਂ ਤੋਂ ਪੁੱਛਿਆ ਕਿ ਦੇਸ਼ ਵਿਚ ਕੀ ਚੱਲ ਰਿਹਾ ਹੈ। ਛੇ ਦਿਨ ਦੇ ਦੌਰੇ ਤੋਂ ਬਾਅਦ ਐਤਵਾਰ ਦੇਰ ਰਾਤ ਪਰਤੇ ਮੋਦੀ ਦਾ ਨੱਢਾ ਅਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਦਿੱਲੀ ਹਵਾਈ ਅੱਡੇ ’ਤੇ ਸਵਾਗਤ ਕੀਤਾ। ਇਸ ਮੌਕੇ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਹਰਸ਼ਵਰਧਨ, ਹੰਸ ਰਾਜ ਹੰਸ, ਮਨੋਜ ਤਿਵਾੜੀ ਅਤੇ ਗੌਤਮ ਗੰਭੀਰ ਤੋਂ ਇਲਾਵਾ ਪਾਰਟੀ ਦੇ ਕਈ ਹੋਰ ਆਗੂ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਵਾਲੇ ਨੇਤਾਵਾਂ ਤੋਂ ਪੱਤਰਕਾਰਾਂ ਨੇ ਪੁੱਛਿਆ ਕਿ ਦੇਸ਼ ਪਰਤਣ ਬਾਅਦ ਮੋਦੀ ਨੇ ਕੀ ਕਿਹਾ ਤਾਂ ਮਨੋਜ ਤਿਵਾੜੀ ਨੇ ਦੱਸਿਆ-ਉਨ੍ਹਾ (ਮੋਦੀ) ਨੇ ਨੱਢਾ ਜੀ ਨੂੰ ਪੁੱਛਿਆ ਕਿ ਇੱਥੇ ਕਿਵੇਂ ਚੱਲ ਰਿਹਾ ਹੈ ਅਤੇ ਨੱਢਾ ਜੀ ਨੇ ਉਨ੍ਹਾ ਨੂੰ ਜਵਾਬ ਦਿੱਤਾ ਕਿ ਪਾਰਟੀ ਨੇਤਾ ਸਰਕਾਰ ਦੇ 9 ਸਾਲ ਦੇ ਕਾਰਜਕਾਲ ਦੇ ਕੰਮਾਂ ਬਾਰੇ ਲੋਕਾਂ ਨੂੰ ਦੱਸ ਰਹੇ ਹਨ ਤੇ ਲੋਕ ਖੁਸ਼ ਹਨ। ਇਸੇ ਦੌਰਾਨ ਮੋਦੀ ਨੇ ਸੋਮਵਾਰ ਮਨੀਪੁਰ ਦੀ ਸਥਿਤੀ ਬਾਰੇ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸੂਤਰਾਂ ਨੇ ਦੱਸਿਆ ਕਿ ਇਹ ਮੀਟਿੰਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੋਦੀ ਨੂੰ ਮਨੀਪੁਰ ਨਾਲ ਸੰਬੰਧਤ ਘਟਨਾਕ੍ਰਮ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਹੋਈ। ਮੋਦੀ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਸ਼ਾਹ ਤੋਂ ਇਲਾਵਾ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਤੇ ਹਰਦੀਪ ਪੁਰੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਤੇ ਖੁਫੀਆ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।





