ਇਕਜੁੱਟ ਸੰਘਰਸ਼ ਹੀ ਕਾਮਰੇਡ ਬਲਵਿੰਦਰ ਸੰਧੂ ਨੂੰ ਸੱਚੀ ਸ਼ਰਧਾਂਜਲੀ : ਜਗਰੂਪ

0
202

ਮੋਗਾ (ਅਮਰਜੀਤ ਬੱਬਰੀ)
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਵੱਲੋਂ ਆਪਣੇ ਮਹਿਬੂਬ ਆਗੂ ਬਲਵਿੰਦਰ ਸਿੰਘ ਸੰਧੂ ਦੀ 20ਵੀਂ ਬਰਸੀ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਮਨਾਈ ਗਈ, ਜਿਸ ਵਿੱਚ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦੀ ਲੀਡਰਸ਼ਿਪ, ਵਰਕਰ, ਪੈਨਸ਼ਨਰਾਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੀ ਲੀਡਰਸ਼ਿਪ, ਵਰਕਰ ਅਤੇ ਵੱਡੀ ਗਿਣਤੀ ਵਿੱਚ ਨਰੇਗਾ ਮਜ਼ਦੂਰ ਯੂਨੀਅਨ ਦੇ ਸਾਥੀ ਹਾਜ਼ਰ ਹੋਏ। ਇਸ ਬਰਸੀ ਸਮਾਗਮ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਕਾਮਰੇਡ ਜਗਰੂਪ ਨੇ ਕਿਹਾ ਕਿ ਅੱਜ ਦੇਸ਼ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਦੀ ਆਰਥਿਕਤਾ ਦਿਨੋ-ਦਿਨ ਡਾਵਾਂਡੋਲ ਹੋ ਰਹੀ ਹੈ। ਅੱਤ ਦੀ ਮਹਿੰਗਾਈ ਨੇ ਆਮ ਲੋਕਾਂ ਦਾ ਜੀਣਾ ਮੁਸ਼ਕਲ ਕਰ ਰੱਖਿਆ ਹੈ। ਪਬਲਿਕ ਅਦਾਰਿਆਂ ਨੂੰ ਸਰਕਾਰਾਂ ਵੱਲੋਂ ਆਪਣੇ ਚਹੇਤੇ ਕਾਰਪੋਰੇਟ ਅਦਾਰਿਆਂ ਕੋਲ ਕੌਡੀਆਂ ਦੇ ਭਾਅ ਵੇਚ ਕੇ ਚੋਣਾਂ ਸਮੇਂ ਉਹਨਾਂ ਕੋਲੋਂ ਲਏ ਭਾਰੀ ਫੰਡਾਂ ਦਾ ਮੁੱਲ ਮੋੜਿਆ ਜਾ ਰਿਹਾ ਹੈ। ਦੇਸ਼ ਅੰਦਰ ਘੱਟ ਗਿਣਤੀਆਂ ਉਪਰ ਸੋਚੀ-ਸਮਝੀ ਸਾਜ਼ਿਸ਼ ਤਹਿਤ ਹਮਲੇ ਹੋ ਰਹੇ ਹਨ। ਜਾਤ-ਪਾਤ ਦੇ ਮੁੱਦੇ ਨੂੰ ਉਭਾਰ ਕੇ ਵੋਟਾਂ ਦਾ ਧਰੁਵੀਕਰਨ ਕੀਤਾ ਜਾ ਰਿਹਾ ਹੈ। ਲੋੜ ਹੈ ਵਿਸ਼ਾਲ ਏਕਾ ਸਿਰਜ ਕੇ ਇਹਨਾਂ ਲੋਕ-ਦੋਖੀ ਤਾਕਤਾਂ ਖਿਲਾਫ ਇਕਜੁਟਤਾ ਨਾਲ ਸੰਘਰਸ਼ ਕਰਨ ਦੀ, ਇਹੀ ਕਾਮਰੇਡ ਬਲਵਿੰਦਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਡਾਕਟਰ ਇੰਦਰਵੀਰ ਸਿੰਘ ਗਿੱਲ ਨੇ ਕਿਹਾ ਕਿ ਦੇਸ਼ ਭਰ ਵਿੱਚ ਸਾਡੇ ਰਹਿਬਰਾਂ ਨੇ ਲੰਮੇ ਸੰਘਰਸ਼ ਅਤੇ ਸ਼ਹਾਦਤਾਂ ਦੇ ਕੇ ਮਜ਼ਦੂਰਾਂ, ਮੁਲਾਜ਼ਮਾਂ ਦੇ ਭਲੇ ਲਈ ਕਾਨੂੰਨ ਬਣਵਾਏ ਸਨ, ਪਰ ਮੋਦੀ ਸਰਕਾਰ ਵੱਲੋਂ ਉਹਨਾਂ ਕਾਨੂੰਨਾਂ ਨੂੰ ਸੋਧਾਂ ਦੇ ਨਾਂਅ ’ਤੇ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਨਵੇਂ ਲੇਬਰ ਕੋਡ ਲਾਗੂ ਕੀਤੇ ਜਾ ਰਹੇ ਹਨ, ਜੋ ਕਾਰਪੋਰੇਟਾਂ ਦੇ ਹੱਕ ਵਿੱਚ ਜਾਂਦੇ ਹਨ। ਪੰਜਾਬ ਵਿੱਚ ਨਵੀਂ ਬਣੀ ਸਰਕਾਰ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸਨ, ਪਰ ਪਿਛਲੇ ਡੇਢ ਸਾਲ ਵਿੱਚ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਬਹੁਤ ਨਿਰਾਸ਼ ਕੀਤਾ ਹੈ। ਠੇਕੇ ਵਾਲੇ ਮੁਲਾਜ਼ਮ ਲਗਾਤਾਰ ਸੰਘਰਸ਼ ਕਰ ਰਹੇ ਹਨ। 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ, ਮੁਲਾਜ਼ਮ ਅਤੇ ਪੈਨਸ਼ਨਰਾਂ ਦਾ ਬਣਦਾ ਡੀ ਏ ਤੇ ਪੇ-ਕਮਿਸ਼ਨ ਦੇ ਬਕਾਏ ਬਾਰੇ ਸਰਕਾਰ ਨੇ ਚੁੱਪ ਧਾਰੀ ਹੋਈ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਘੋੜੇਵਾਹ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਕੇਵਲ ਵੋਟਾਂ ਸਮੇਂ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਉਭਾਰਦੀਆਂ ਹਨ, ਪਰ ਸਰਕਾਰ ਬਣਦੇ ਸਾਰ ਹੀ ਇਹਨਾਂ ਅਹਿਮ ਮਸਲਿਆਂ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਜਾਂਦਾ ਹੈ। ਜਿਨ੍ਹਾਂ ਪਬਲਿਕ ਅਦਾਰਿਆਂ ਨੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਸੀ, ਉਹਨਾਂ ਨੂੰ ਬੰਦ ਕਰਕੇ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇ ਨਾਂਅ ਉਪਰ ਮੂਰਖ ਬਣਾ ਰਹੀ ਹੈ। ਕੰਮ ਦਿਹਾੜੀ ਸਮਾਂ 8 ਘੰਟੇ ਦੀ ਬਜਾਏ 12 ਘੰਟੇ ਕੀਤਾ ਜਾ ਰਿਹਾ ਹੈ, ਜਦੋਂਕਿ ਲੋੜ ਹੈ ਕੰਮ ਦਿਹਾੜੀ ਸਮਾਂ 6 ਘੰਟੇ ਕੀਤਾ ਜਾਵੇ, ਤਾਂ ਜੋ ਬੇਰੁਜ਼ਗਾਰਾਂ ਨੂੰ ਕੰਮ ਦਿੱਤਾ ਜਾ ਸਕੇ, ਪਰ ਸਰਕਾਰਾਂ ਬੇਰੁਜ਼ਗਾਰੀ ਨੂੰ ਹੀ ਆਪਣੇ ਸੌੜੇ ਰਾਜਨੀਤਕ ਹਿੱਤਾਂ ਲਈ ਵਰਤ ਕੇ ਲੋਕਾਂ ਦਾ ਆਰਥਕ ਅਤੇ ਮਾਨਸਿਕ ਸ਼ੋਸ਼ਣ ਕਰ ਰਹੀਆਂ ਹਨ। ਜਥੇਬੰਦੀ ਦੇ ਸੂਬਾਈ ਆਗੂ ਅਵਤਾਰ ਤਾਰੀ ਅਤੇ ਗੁਰਜੰਟ ਕੋਕਰੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਨਵੀਂ ਪੰਜਾਬ ਸਰਕਾਰ ਬਦਲਾਅ ਦੇ ਨਾਂਅ ’ਤੇ ਹੋਂਦ ਵਿੱਚ ਆਈ ਹੈ, ਪਰ ਇਸ ਸਰਕਾਰ ਦੇ ਆਉਣ ਤੋਂ ਬਾਅਦ ਟਰਾਂਸਪੋਰਟ ਮਹਿਕਮਾ ਹੋਰ ਨਿਘਾਰ ਵੱਲ ਜਾ ਰਿਹਾ ਹੈ। ਭਿ੍ਰਸ਼ਟਾਚਾਰ ਪਹਿਲਾਂ ਵਾਂਗ ਹੀ ਜਾਰੀ ਹੈ। ਪਿਛਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਟਾਈਮ ਟੇਬਲਾਂ ਵਿਚ ਜ਼ਰੂਰ ਕੁਝ ਸ਼ਲਾਘਾਯੋਗ ਕੰਮ ਕੀਤਾ ਗਿਆ ਸੀ, ਪਰ ਮੌਜੂਦਾ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ। ਡਿਪੂਆਂ ਵਿੱਚ ਬੱਸਾਂ ਤੇਲ, ਟਾਇਰ, ਮਾਮੂਲੀ ਸਪੇਅਰ ਪਾਰਟ ਅਤੇ ਪਾਸਿੰਗ ਵੱਲੋਂ ਹੀ ਰੁਕੀਆ ਖੜੀਆਂ ਹਨ। ਟਰਾਂਸਪੋਰਟ ਮੰਤਰੀ ਵੱਲੋਂ ਇਸ ਸੰਬੰਧੀ ਕੋਈ ਸਾਰਥਕ ਉਪਰਾਲਾ ਹੁਣ ਤੱਕ ਨਜ਼ਰ ਨਹੀਂ ਆਇਆ। ਕੱਚੇ ਕਾਮਿਆਂ ਦੀਆਂ ਪਹਿਲਾਂ ਹੀ ਘੱਟ ਤਨਖਾਹਾਂ ਹਨ, ਉਹ ਵੀ ਲੇਟ ਕੀਤੀਆਂ ਜਾ ਰਹੀਆਂ ਹਨ, ਜੋ ਕਿ ਉਹਨਾਂ ਦੀ ਕਿਰਤ ਦੀ ਅੰਨ੍ਹੀ ਲੁੱਟ ਹੈ। ਇਸ ਮੌਕੇ ਲੰਗਰ ਅਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ। ਸਟੇਜ ਦੀ ਕਾਰਵਾਈ ਜਥੇਬੰਦੀ ਦੇ ਸੂਬਾਈ ਕੈਸ਼ੀਅਰ ਸੁਰਿੰਦਰ ਸਿੰਘ ਵੱਲੋਂ ਨਿਭਾਈ ਗਈ। ਬਰਸੀ ਸਮਾਗਮ ਨੂੰ ਕੁਲਦੀਪ ਭੋਲਾ, ਸੁਖਜਿੰਦਰ ਮਹੇਸਰੀ, ਬਚਿੱਤਰ ਧੋਥੜ, ਪੋਹਲਾ ਸਿੰਘ ਬਰਾੜ, ਗੁਰਪ੍ਰੀਤ ਕੈਸ਼ੀਅਰ, ਗੁਰਮੇਲ ਮੈਡਲੇ, ਕਰਮਵੀਰ ਕੌਰ ਬੱਧਨੀ, ਗੁਰਚਰਨ ਕੌਰ ਮੋਗਾ, ਰਣਜੀਤ ਰਾਣਵਾਂ, ਜਗਸੀਰ ਖੋਸਾ, ਵਿੱਕੀ ਮਹੇਸਰੀ, ਚਰਨ ਸਿੰਘ ਸਰਾਭਾ, ਜਸਪਾਲ ਸਿੰਘ ਪ੍ਰਧਾਨ, ਗੁਰਦੀਪ ਮੁੱਲਾਂਪੁਰ, ਜਗਦੇਵ ਸਿੰਘ ਤੇ ਜਗਰਾਜ ਸਿੰਘ ਬੁੱਟਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸਾਥੀ ਹਾਜ਼ਰ ਸਨ।

LEAVE A REPLY

Please enter your comment!
Please enter your name here