ਭੋਪਾਲ : ਸਾਂਝੇ ਸਿਵਲ ਕੋਡ ਨੂੰ ਲੈ ਕੇ ਮੰਗਲਵਾਰ ਤਕੜੀ ਜੰਗ ਛਿੜ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ‘ਮੇਰਾ ਬੂਥ ਸਬਸੇ ਮਜ਼ਬੂਤ’ ਮੁਹਿੰਮ ਤਹਿਤ ਪਾਰਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਸਿਵਲ ਕੋਡ ਤੇ ਤਿੰਨ ਤਲਾਕ ਬਾਰੇ ਵਿਚਾਰ ਪ੍ਰਗਟਾਏ। ਸਾਂਝੇ ਸਿਵਲ ਕੋਡ ਨੂੰ ਲੈ ਕੇ ਕਿਹਾ ਕਿ ਦੇਸ਼ ‘ਦੋ ਕਾਨੂੰਨਾਂ’ ਦੀ ਥਾਂ ਇਕ ਕਾਨੂੰਨ ਨਾਲ ਚੱਲਣਾ ਚਾਹੀਦਾ ਹੈ।
ਆਪੋਜ਼ੀਸ਼ਨ ਆਗੂਆਂ ਨੇ ਇਸ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੋਦੀ ਆਉਦੀਆਂ ਚੋਣਾਂ ਤੋਂ ਪਹਿਲਾਂ ਇਹ ਮੁੱਦਾ ਉਭਾਰ ਰਹੇ ਹਨ ਅਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾਉਨ੍ਹਾ (ਮੋਦੀ) ਨੂੰ ਪਹਿਲਾਂ ਗਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਦਾ ਜਵਾਬ ਦੇਣਾ ਚਾਹੀਦਾ ਹੈ। ਉਹ ਮਨੀਪੁਰ ਬਾਰੇ ਕਦੇ ਨਹੀਂ ਬੋਲੇ, ਜਦਕਿ ਉਹ ਦੋ ਮਹੀਨਿਆਂ ਤੋਂ ਸੜ ਰਿਹਾ ਹੈ। ਕਾਂਗਰਸ ਦੇ ਹੀ ਆਗੂ ਤਾਰਿਕ ਅਨਵਰ ਨੇ ਕਿ ਪ੍ਰਧਾਨ ਮੰਤਰੀ ਧਰੁਵੀਕਰਨ ਦੀ ਸਿਆਸਤ ਖੇਡ ਰਹੇ ਹਨ। ਜਦੋਂ ਕੋਈ ਕਾਨੂੰਨ ਬਣਦਾ ਹੈ ਤਾਂ ਸਭ ਲਈ ਬਣਦਾ ਹੈ ਤੇ ਉਨ੍ਹਾਂ ਨੂੰ ਉਸ ਦੀ ਪਾਲਣਾ ਕਰਨੀ ਪੈਂਦੀ ਹੈ। ਉਨ੍ਹਾ ਮੱਧ ਪ੍ਰਦੇਸ਼ ਅਸੰਬਲੀ ਦੀ ਚੋਣ ਤੋਂ ਪਹਿਲਾਂ ਇਹ ਮੁੱਦੇ ਉਠਾਏ ਹਨ। ਮੋਦੀ ਦੇਸ਼ ’ਤੇ 9 ਸਾਲ ਤੋਂ ਰਾਜ ਕਰ ਰਹੇ ਹਨ। ਜੇ ਸਾਂਝਾ ਸਿਵਲ ਕੋਡ ਚਾਹੁੰਦੇ ਸਨ ਤਾਂ ਪਹਿਲਾਂ ਕਿਉ ਨਹੀਂ ਬਣਾਇਆ। ਸਾਰੀਆਂ ਪਾਰਟੀਆਂ ਇਸ ’ਤੇ ਆਪਣੀ ਗੱਲ ਰੱਖਦੀਆਂ, ਏਨੇ ਸਾਲ ਕੁਝ ਨਹੀਂ ਕੀਤਾ। ਕਾਂਗਰਸ ਦੇ ਹੀ ਆਰਿਫ ਮਸੂਦ ਨੇ ਪ੍ਰਧਾਨ ਮੰਤਰੀ ਨੂੰ ਚੇਤੇ ਕਰਾਇਆ ਕਿ ਉਨ੍ਹਾ ਡਾ. ਅੰਬੇਡਕਰ ਵੱਲੋਂ ਘੜੇ ਸੰਵਿਧਾਨ ਦੀ ਸਹੁੰ ਚੁੱਕੀ ਸੀ। ਦੇਸ਼ ਦੇ ਸਾਰੇ ਵਰਗਾਂ ਦਾ ਸੰਵਿਧਾਨ ਵਿਚ ਵਿਸ਼ਵਾਸ ਹੈ ਅਤੇ ਉਹ ਇਸ ਨੂੰ ਤਬਾਹ ਨਹੀਂ ਕਰਨ ਦੇਣਗੇ।
ਜਨਤਾ ਦਲ (ਯੂ) ਦੇ ਆਗੂ ਕੇ ਸੀ ਤਿਆਗੀ ਨੇ ਕਿਹਾ ਕਿ ਭਾਜਪਾ ਵੋਟ ਬੈਂਕ ਦੀ ਸਿਆਸਤ ਖੇਡ ਰਹੀ ਹੈ। ਸਾਂਝੇ ਸਿਵਲ ਕੋਡ ਦੇ ਮੁੱਦੇ ’ਤੇ ਸਾਰੀਆਂ ਪਾਰਟੀਆਂ ਤੇ ਧਿਰਾਂ ਨਾਲ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ। ਡੀ ਐੱਮ ਕੇ ਦੇ ਟੀ ਕੇ ਐੱਸ ਏਲਾਂਗੋਵਾਨ ਨੇ ਕਿਹਾ ਕਿ ਸਾਂਝਾ ਸਿਵਲ ਕੋਡ ਪਹਿਲਾਂ ਹਿੰਦੂ ਧਰਮ ਵਿਚ ਲਾਗੂ ਕੀਤਾ ਜਾਵੇ। ਅਨੁਸੂਚਿਤ ਜਾਤਾਂ ਤੇ ਜਨਜਾਤਾਂ ਸਣੇ ਹਰੇਕ ਵਿਅਕਤੀ ਨੂੰ ਦੇਸ਼ ਦੇ ਹਰ ਮੰਦਰ ਵਿਚ ਪੂਜਾ ਕਰਨ ਦੀ ਆਗਿਆ ਹੋਵੇ। ਉਹ ਸਾਂਝਾ ਸਿਵਲ ਕੋਡ ਇਸ ਕਰਕੇ ਨਹੀਂ ਚਾਹੁੰਦੇ, ਕਿਉਕਿ ਸੰਵਿਧਾਨ ਨੇ ਹਰੇਕ ਧਰਮ ਦੀ ਰਾਖੀ ਦੀ ਗਰੰਟੀ ਦਿੱਤੀ ਹੈ। ਸਾਂਝਾ ਸਿਵਲ ਕੋਡ ਬੁਨਿਆਦੀ ਹੱਕਾਂ ਦੀ ਉਲੰਘਣਾ ਕਰਦਾ ਹੈ। ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਜਿਹੜੇ ਤਿੰਨ ਤਲਾਕ ਦੇ ਹੱਕ ’ਚ ਹਨ, ਉਹ ਵੋਟਾਂ ਖਾਤਰ ਮੁਸਲਮਾਨ ਧੀਆਂ ਨਾਲ ਘੋਰ ਬੇਇਨਸਾਫੀ ਕਰ ਰਹੇ ਹਨ। ਜੇ ਤਿੰਨ ਤਲਾਕ ਦੀ ਰਵਾਇਤ ਇਸਲਾਮ ਵਿਚ ਜ਼ਰੂਰੀ ਹੁੰਦੀ ਤਾਂ ਕਤਰ, ਜਾਰਡਨ, ਇੰਡੋਨੇਸ਼ੀਆ, ਪਾਕਿਸਤਾਨ ਤੇ ਬੰਗਲਾਦੇਸ਼ ਨੇ ਇਸ ’ਤੇ ਕਿਉ ਰੋਕ ਲਾਈ। ਆਲ ਇੰਡੀਆ ਮਜਲਿਸ-ਇ-ਇਤਿਹਾਦਉਲ ਮੁਸਲਮੀਨ ਦੇ ਪ੍ਰਧਾਨ ਅਸਦਉੱਦੀਨ ਓਵੈਸੀ ਨੇ ਕਿਹਾਮੋਦੀ ਜੀ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਤਿੰਨ ਤਲਾਕ ’ਤੇ ਰੋਕ ਹੈ। ਮੋਦੀ ਜੀ ਪਾਕਿਸਤਾਨ ਦੇ ਕਾਨੂੰਨ ਤੋਂ ਕਿਉ ਪ੍ਰੇਰਨਾ ਲੈ ਰਹੇ ਹਨ? ਉਨ੍ਹਾ ਭਾਰਤ ਵਿਚ ਤਿੰਨ ਤਲਾਕ ’ਤੇ ਰੋਕ ਦਾ ਕਾਨੂੰਨ ਬਣਾਇਆ ਹੈ, ਪਰ ਧਰਾਤਲ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ, ਸਗੋਂ ਮੁਸਲਿਮ ਮਹਿਲਾਵਾਂ ਦੀ ਲੁਟਚੋਂਘ ਵਧੀ ਹੈ। ਅਸੀਂ ਹਮੇਸ਼ਾ ਇਹ ਕਹਿੰਦੇ ਆਏ ਹਾਂ ਕਿ ਸਮਾਜੀ ਸੁਧਾਰ ਕਾਨੂੰਨਾਂ ਨਾਲ ਨਹੀਂ ਹੁੰਦੇ। ਜੇ ਕਾਨੂੰਨ ਬਣਾਉਣਾ ਹੈ ਤਾਂ ਉਨ੍ਹਾਂ ਖਿਲਾਫ ਬਣਾਇਆ ਜਾਵੇ, ਜਿਹੜੇ ਮਰਦ ਪਤਨੀਆਂ ਨੂੰ ਛੱਡਦੇ ਹਨ।


