ਮੋਹਾਲੀ : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਮੰਗਲਵਾਰ ਕਿਸਾਨ ਜਥੇਬੰਦੀਆਂ ਨੇ ਮੂੰਗੀ ਦੀ ਫਸਲ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਯਕੀਨੀ ਬਣਾਉਣ ਦੀ ਮੰਗ ਲਈ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਪੰਜਾਬ ਭਰ ’ਚੋਂ ਕਿਸਾਨਾਂ ਦੇ ਜਥੇ ਸਵੇਰੇ 10 ਵਜੇ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਪਹੁੰਚਣੇ ਸ਼ੁਰੂ ਹੋ ਗਏ ਅਤੇ ਬਾਅਦ ਦੁਪਹਿਰ 1 ਵਜੇ ਤੱਕ ਵੱਡਾ ਇਕੱਠ ਹੋ ਗਿਆ। ਕਿਸਾਨਾਂ ਨੇ ਇੱਥੇ ਮੰਗਾਂ ’ਤੇ ਲੰਮੀ ਚਰਚਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਕੂਚ ਕਰਨ ਦਾ ਯਤਨ ਕੀਤਾ, ਪਰ ਮੁਹਾਲੀ ਪੁਲਸ ਨੇ ਕਿਸਾਨਾਂ ਨੂੰ ਫੇਜ਼-7 ਦੇ ਟਰੈਫਿਕ ਲਾਈਟ ਪੁਆਇੰਟ ’ਤੇ ਰੋਕ ਲਿਆ। ਪ੍ਰਦਰਸ਼ਨ ’ਚ ਕਰੀਬ 33 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।





