ਸ਼ਾਹਕੋਟ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਪਿੰਡ ਸੁੱਖੇਵਾਲ (ਨਾਭਾ) ਦੀ ਸਰਪੰਚ ਦੇ ਹੈਂਕੜਬਾਜ਼ ਪਤੀ ਅਤੇ ਹੋਰਨਾਂ ਵੱਲੋਂ ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਨਾਲ ਕੀਤੀ ਧੱਕਾਮੁੱਕੀ ਅਤੇ ਜਾਤੀ ਹੰਕਾਰ ਦੇ ਅਹਿਮਕਾਨਾ ਪ੍ਰਗਟਾਵੇ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਪੰਜਾਬ ਦੀ ਮਜ਼ਦੂਰ ਲਹਿਰ ਨੂੰ ਚੈਲਿੰਜ ਕਰਨ ਵਰਗੀ ਹਰਕਤ ਹੈ। ਉਨ੍ਹਾ ਕਿਹਾ ਕਿ ਨਰੇਗਾ ਸਕੀਮ ਖੱਬੀਆਂ ਧਿਰਾਂ ਦੇ ਸੰਘਰਸ਼ ਦਾ ਸਿੱਟਾ ਹੈ। ਯੂ ਪੀ ਏ ਸਰਕਾਰ ਵੇਲੇ ਕਮਿਊਨਿਸਟ ਪਾਰਟੀਆਂ ਨੇ ਆਪਣੀਆਂ ਤਰਜੀਹਾਂ ਦੀ ਪਹਿਲ ਵਜੋਂ ਇਸ ਸਕੀਮ ਨੂੰ ਲਾਗੂ ਕਰਵਾਇਆ ਸੀ। ਇਸ ਸਕੀਮ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ ਤਾਂ ਮਜ਼ਦੂਰਾਂ ਦੇ ਠੰਢੇ ਚੁੱਲ੍ਹਿਆਂ ਨੂੰ ਗਰਮ ਕਰਨ ਲਈ ਇਹ ਸਕੀਮ ਸਹਾਈ ਹੋ ਸਕਦੀ ਹੈ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਗਰੀਬ ਲੋਕਾਂ ਲਈ ਬਣਾਈ ਗਈ ਇਸ ਸਕੀਮ ਵਿੱਚੋਂ ਭਿ੍ਰਸ਼ਟ ਕਿਸਮ ਦੇ ਅਧਿਕਾਰੀ ਪਿੰਡਾਂ ਦੇ ਕੁਝ ਧਨਾਢ ਹੈਂਕੜਬਾਜ਼ਾਂ ਨਾਲ ਮਿਲ ਕੇ ਆਪਣੇ ਮੁਨਾਫਿਆਂ ਵਿੱਚ ਵਾਧਾ ਕਰਨ ਦੇ ਆਹਰ ਵਿੱਚ ਹਨ। ਕਮਿਊਨਿਸਟ ਆਗੂ ਨੇ ਕਿਹਾ ਕਿ ਮਜ਼ਦੂਰ ਲਹਿਰ ਇਸ ਘਟੀਆ ਖੇਡ ਨੂੰ ਰੋਕਣ ਲਈ ਦਿ੍ਰੜ੍ਹ ਹੈ। ਇਸੇ ਦਿ੍ਰੜ੍ਹਤਾ ਵਿੱਚੋਂ ਹੀ ਕਸ਼ਮੀਰ ਸਿੰਘ ਗਦਾਈਆ ਵਰਗੇ ਆਗੂ ਸੰਘਰਸ਼ਰਤ ਹਨ।
ਕਸ਼ਮੀਰ ਸਿੰਘ ਗਦਾਈਆ ਨਾਲ ਕੀਤਾ ਗਿਆ ਦੁਰਵਿਹਾਰ ਉਸੇ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਿਹੜੀ ਹਮੇਸ਼ਾ ਮਜ਼ਦੂਰ ਹੱਕਾਂ ਦੇ ਵਿਰੋਧ ਵਿੱਚ ਖੜ੍ਹਦੀ ਹੈ। ਸ੍ਰੀ ਬਰਾੜ ਨੇ ਕਿਹਾ ਕਿ ਸਾਥੀ ਗਦਾਈਆਂ ਨੂੰ ਇਨਸਾਫ ਦਿਵਾਉਣ ਅਤੇ ਪਿੰਡ ਸੁੱਖੇਵਾਲ ਦੀ ਸਰਪੰਚ ਦੇ ਪਤੀ ਤੇ ਹੋਰਨਾਂ ਵਿਰੁੱਧ ਕਰਵਾਈ ਕਰਵਾਉਣ ਤੱਕ ਸੀ ਪੀ ਆਈ ਸੰਘਰਸ਼ ਜਾਰੀ ਰੱਖੇਗੀ। ਉਨ੍ਹਾ ਕਿਹਾ ਕਿ ਇਸੇ ਸੰਘਰਸ਼ ਦੀ ਕੜੀ ਵਜੋਂ 30 ਜੂਨ ਨੂੰ ਨਾਭਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।




