ਭਾਜਪਾ-ਕਾਂਗਰਸ ਕੌਂਸਲਰਾਂ ਦਾ ਗੋਆ ਟੂਰ ਭਿ੍ਰਸ਼ਟਾਚਾਰ ਦਾ ਟੂਰ : ਆਪ

0
204

ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ (ਆਪ) ਨੇ ਚੰਡੀਗੜ੍ਹ ਦੇ ਭਾਜਪਾ ਅਤੇ ਕਾਂਗਰਸੀ ਕੌਂਸਲਰਾਂ ਦੇ ‘ਗੋਆ ਸਟੱਡੀ ਟੂਰ’ ਨੂੰ ਟੈਕਸਦਾਤਾਵਾਂ ਦੇ ਪੈਸੇ ਦੀ ਬਰਬਾਦੀ ਕਰਾਰ ਦਿੰਦਿਆਂ ਕਿਹਾ ਕਿ ਇਹ ਭਿ੍ਰਸ਼ਟਾਚਾਰ ਅਤੇ ਲਾਬਿੰਗ ਦੌਰੇ ਵਾਂਗ ਹੈ, ਜਿਸ ਵਿੱਚ ਭਾਜਪਾ ਡੱਡੂਮਾਜਰਾ ਡੰਪਿੰਗ ਗਰਾਊਂਡ ਦਾ ਠੇਕਾ ਦੇਣ ਲਈ ਕਾਂਗਰਸੀ ਕੌਂਸਲਰਾਂ ਦੀ ਹਮਾਇਤ ਹਾਸਲ ਕਰਨ ਵਾਸਤੇ ਉਨ੍ਹਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ।
‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਡੱਡੂਮਾਜਰਾ ਡੰਪਿੰਗ ਗਰਾਊਂਡ ਸੁੰਦਰ ਸ਼ਹਿਰ ਚੰਡੀਗੜ੍ਹ ਲਈ ਵੱਡਾ ਮੁੱਦਾ ਹੈ। ਇਹ 17 ਸਾਲਾਂ ਤੋਂ ਉੱਥੇ ਹੈ ਅਤੇ ਦਿਨ-ਬ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਇਸ ਡੰਪਿੰਗ ਗਰਾਊਂਡ ਨੂੰ ਸਾਫ ਕਰਨ ਦੇ ਨਾਂਅ ’ਤੇ ਕਾਂਗਰਸ ਅਤੇ ਭਾਜਪਾ ਨੇ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਹੈ। ਲੋਕਾਂ ਦੇ ਪੈਸੇ ਨੂੰ ਲੁੱਟਣ ਲਈ ਕਈ ਵਾਰ ਠੇਕੇ ਦਿੱਤੇ ਗਏ, ਪਰ ਹਮੇਸ਼ਾ ਆਪਣੀਆਂ ਚਹੇਤਿਆਂ ਕੰਪਨੀਆਂ ਨੂੰ ਦਿੱਤੇ ਗਏ। ਕੰਗ ਨੇ ਕਿਹਾ ਕਿ ਠੇਕੇ ਸਦਨ ਵਿੱਚ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਦਿੱਤੇ ਜਾਣ।
ਕੰਗ ਨੇ ਕਿਹਾ ਕਿ ਚੰਡੀਗੜ੍ਹ ਨਿਗਮ ਵਿੱਚ ਹਮੇਸ਼ਾ ਦੀ ਤਰ੍ਹਾਂ ਭਿ੍ਰਸ਼ਟਾਚਾਰ ਦਾ ਬੋਲਬਾਲਾ ਹੈ। ਭਾਜਪਾ-ਕਾਂਗਰਸ ਦੇ ਕੌਂਸਲਰ, ਸੰਸਦ ਮੈਂਬਰ ਕਿਰਨ ਖੇਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਸਾਰੇ ਇਸ ਦਾ ਹਿੱਸਾ ਹਨ ਅਤੇ, ਹੁਣ ਇਹ ‘ਗੋਆ ਸਟੱਡੀ ਟੂਰ’ ਟੈਕਸਦਾਤਾਵਾਂ ਦੇ ਪੈਸੇ ਨੂੰ ਲੁੱਟਣ ਦਾ ਇਕ ਹੋਰ ਤਰੀਕਾ ਹੈ। ਉਹਨਾ ਕਿ ਇਸ ਦੌਰੇ ’ਤੇ ਭਾਜਪਾ ਅਤੇ ਕਾਂਗਰਸ ਦੇ ਕੌਂਸਲਰ, ਭਾਜਪਾ-ਕਾਂਗਰਸ ਦੇ ਸਮਰਥਕ ਅਤੇ 9 ਅਧਿਕਾਰੀ ਹਨ। ਉਨ੍ਹਾ ਸਵਾਲ ਕੀਤਾ ਕਿ ਜਦੋਂ ਟੈਕਸ ਦੇਣ ਵਾਲੇ ਬਿੱਲ ਭਰ ਰਹੇ ਹਨ ਤਾਂ ਏਨੀ ਵੱਡੀ ਟੀਮ ਨੂੰ ਅਧਿਐਨ ਦੌਰੇ ਲਈ ਲਿਜਾਣ ਦੀ ਕੀ ਲੋੜ ਸੀ? 9 ਅਫਸਰਾਂ ਨੂੰ ਅਜਿਹੇ ਦੌਰੇ ‘ਤੇ ਕਿਉਂ ਲੈ ਕੇ ਗਏ? ਡੱਡੂਮਾਜਰਾ ਦੇ ਕਿਸੇ ਵੀ ਵਿਅਕਤੀ ਨੂੰ ਇਸ ਦੌਰੇ ਲਈ ਸ਼ਾਮਲ ਕਿਉਂ ਨਹੀਂ ਕੀਤਾ ਗਿਆ, ਜਦੋਂ ਕਿ ਉਹ ਇੱਥੇ ਸਭ ਤੋਂ ਗੰਭੀਰ ਮੁੱਦੇ ਦਾ ਸਾਹਮਣਾ ਕਰ ਰਹੇ ਹਨ?
ਉਹਨਾ ਨਾਲ ‘ਆਪ’ ਐੱਲ ਓ ਪੀ ਦਮਨਪ੍ਰੀਤ ਸਿੰਘ ਅਤੇ ਡੱਡੂਮਾਜਰਾ ਦੇ ਕੌਂਸਲਰ ਕੁਲਦੀਪ ਸਿੰਘ ਟੀਟਾ ਵੀ ਮੌਜੂਦ ਸਨ। ਪ੍ਰੈੱਸ ਕਾਨਫਰੰਸ ਵਿੱਚ ਕੌਂਸਲਰ ਅੰਜੂ ਕਤਿਆਲ, ਪ੍ਰੇਮ ਲਤਾ, ਨੇਹਾ, ਜਸਵਿੰਦਰ ਕੌਰ, ਯੋਗੇਸ ਢੀਂਗਰਾ, ਸੁਮਨ, ਰਾਮ ਚੰਦਰ ਯਾਦਵ ਅਤੇ ਲਖਬੀਰ ਸਿੰਘ ਵੀ ਹਾਜਰ ਸਨ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਦਮਨਪ੍ਰੀਤ ਨੇ ਕਿਹਾ ਕਿ ਇਸ ਦੌਰੇ ਵਿੱਚ ਭਾਜਪਾ ਅਤੇ ਕਾਂਗਰਸ ਦੇ ਕੌਂਸਲਰ ਨਾਲ ਉਨ੍ਹਾਂ ਦੇ ਜੀਵਨ ਸਾਥੀ ਵੀ ਸ਼ਾਮਲ ਹਨ। ਚੰਡੀਗੜ੍ਹ ਦੇ ਕਰਦਾਤਾ ਇਨ੍ਹਾਂ ਲੋਕਾਂ ਦੀ ਯਾਤਰਾ ਦਾ ਖਰਚਾ ਕਿਉਂ ਅਦਾ ਕਰਨ। ਡੱਡੂਮਾਜਰਾ ਡੰਪਿੰਗ ਗਰਾਊਂਡ ਇਸ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਵਿੱਚ ਕੈਂਸਰ ਸਮੇਤ ਕਈ ਬਿਮਾਰੀਆਂ ਦਾ ਕਾਰਨ ਬਣਿਆ ਹੋਇਆ ਹੈ। ਦਮਨਪ੍ਰੀਤ ਨੇ ਕਿਹਾ ਕਿ ਇਸ ਮੁੱਦੇ ਨੂੰ ਹੱਲ ਕਰਨ ਲਈ ਪਹਿਲਾਂ ਕੋਈ ਪਹਿਲਕਦਮੀ ਕਿਉਂ ਨਹੀਂ ਕੀਤੀ ਗਈ, ਅਸੀਂ ਅਜਿਹੇ ਬੇਕਾਰ ਦੌਰਿਆਂ ਰਾਹੀਂ ਜਨਤਾ ਦੇ ਪੈਸੇ ਦੀ ਬਰਬਾਦੀ ਦੀ ਨਿੰਦਾ ਕਰਦੇ ਹਾਂ। ਉਨ੍ਹਾ ਕਿਹਾ ਕਿ ਇਹ ਸਟੱਡੀ ਟੂਰ ਨਹੀਂ, ਸਗੋਂ ਲਾਬਿੰਗ ਟੂਰ ਹੈ, ਜਿੱਥੇ ਭਾਜਪਾ ਕਾਂਗਰਸ ਵਿਧਾਇਕਾਂ ਦੀ ਹਮਾਇਤ ਅਤੇ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਡੱਡੂਮਾਜਰਾ ਦੇ ਨੁਮਾਇੰਦੇ ਕੌਂਸਲਰ ਕੁਲਦੀਪ ਸਿੰਘ ਟੀਟਾ ਨੇ ਦੱਸਿਆ ਕਿ ਉਨ੍ਹਾ ਗਵਰਨਰ ਨੂੰ ਡੱਡੂਮਾਜਰਾ ਦੇ ਰਿਹਾਇਸ਼ੀ ਖੇਤਰ ਵਿੱਚ ਕੂੜਾ ਪ੍ਰੋਸੈਸਿੰਗ ਪਲਾਂਟ ਨਾ ਲਗਾਉਣ ਦੀ ਬੇਨਤੀ ਵੀ ਕੀਤੀ ਸੀ, ਪਰ ਉਨ੍ਹਾ ਕੋਈ ਸੁਣਵਾਈ ਨਹੀਂ ਕੀਤੀ। ਰਿਹਾਇਸ਼ੀ ਖੇਤਰ ਦੇ ਨੇੜੇ ਪਲਾਂਟ ਲਗਾਉਣ ਨਾਲ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ, ਜੋ ਪਹਿਲਾਂ ਹੀ ਡੰਪਿੰਗ ਗਰਾਊਂਡ ਕਾਰਨ ਇੱਥੇ ਹਵਾ, ਪਾਣੀ ਅਤੇ ਜ਼ਮੀਨੀ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਦਾ ਸਾਹਮਣਾ ਕਰ ਰਹੇ ਹਨ।

LEAVE A REPLY

Please enter your comment!
Please enter your name here