ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਪ੍ਰਚੂਨ ਮਹਿੰਗਾਈ ਦਰ 4.7 ਫ਼ੀਸਦੀ ਦੇ ਹੇਠਲੇ ਪੱਧਰ ਉੱਤੇ ਪਹੁੰਚ ਚੁੱਕੀ ਹੈ | ਦਸਾਂ ਦਿਨਾਂ ਅੰਦਰ ਹੀ ਸਬਜ਼ੀਆਂ ਦੀਆਂ ਕੀਮਤਾਂ ਇਸ ਦਾਅਵੇ ਦਾ ਮਖੌਲ ਉਡਾਉਣ ਲੱਗ ਗਈਆਂ ਹਨ | ਪਿਛਲੇ ਇੱਕ ਮਹੀਨੇ ਦੌਰਾਨ ਭਾਰਤੀ ਰਸੋਈਆਂ ਵਿੱਚ ਵਰਤੀਆਂ ਜਾਂਦੀਆਂ ਤਿੰਨ ਅਹਿਮ ਵਸਤਾਂ ਆਲੂ, ਪਿਆਜ਼ ਤੇ ਟਮਾਟਰਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ | ਇੱਕ ਜੂਨ ਨੂੰ ਅਜ਼ਾਦਪੁਰ ਮੰਡੀ ‘ਚ ਜਿਹੜਾ ਟਮਾਟਰ 720 ਰੁਪਏ ਕੁਇੰਟਲ ਸੀ, ਉਹ 24 ਜੂਨ ਨੂੰ 5200 ਰੁਪਏ ਕੁਇੰਟਲ ਤੱਕ ਪਹੁੰਚ ਚੁੱਕਾ ਸੀ | ਅੱਜ ਵਧੀਆ ਟਮਾਟਰ 120 ਰੁਪਏ ਤੇ ਦਾਗੀ 50 ਤੋਂ 70 ਰੁਪਏ ਕਿਲੋ ਵਿਕ ਰਿਹਾ ਹੈ | ਸਰਕਾਰ ਭਾਵੇਂ ਇਸ ਮਹਿੰਗਾਈ ਨੂੰ ਮੌਸਮ ਦੀ ਮਾਰ ਦੇ ਮੱਥੇ ਮੜ੍ਹ ਰਹੀ ਹੈ, ਪਰ ਸਚਾਈ ਇਹ ਹੈ ਕਿ ਪਿਛਲੇ ਸਾਲ ਠੀਕ ਭਾਅ ਨਾ ਮਿਲਣ ਕਾਰਨ ਇਸ ਵਾਰ ਟਮਾਟਰ ਦੀ ਫ਼ਸਲ ਘੱਟ ਰਕਬੇ ਵਿੱਚ ਬੀਜੀ ਗਈ ਸੀ | ਇਹੋ ਨਹੀਂ, ਪਿਆਜ਼ ਦੀ ਕੀਮਤ ਵੀ 26 ਫ਼ੀਸਦੀ ਤੇ ਆਲੂ ਦੀ 7 ਫ਼ੀਸਦੀ ਵਧ ਚੁੱਕੀ ਹੈ | ਅਦਰਕ 320 ਰੁਪਏ ਕਿਲੋ, ਫੁੱਲ ਗੋਭੀ 80 ਰੁਪਏ ਕਿਲੋ, ਬੈਂਗਣ, ਫਲੀਆਂ ਤੇ ਰਤਾਲੂ 100 ਰੁਪਏ ਕਿਲੋ ਨੂੰ ਵਿਕ ਰਹੇ ਹਨ |
ਇਹੋ ਨਹੀਂ, ਪਿਛਲੇ ਪੰਜ ਸਾਲਾਂ ਵਿੱਚ ਸਭ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਆਇਆ ਹੈ | ਕਣਕ ਦੀ ਕੀਮਤ 36.2 ਫ਼ੀਸਦੀ, ਚੌਲਾਂ ਦੀ 32.2 ਫ਼ੀਸਦੀ, ਦਾਲਾਂ ਦੀ 84.8 ਫ਼ੀਸਦੀ, ਦੁੱਧ ਦੀ 34.9 ਫ਼ੀਸਦੀ, ਲੂਣ ਦੀ 44.6 ਫ਼ੀਸਦੀ, ਖੰਡ ਦੀ 12.5 ਫ਼ੀਸਦੀ ਤੇ ਚਾਹ ਪੱਤੀ ਦੀ 31.8 ਫ਼ੀਸਦੀ ਵਧੀ ਹੈ | ਛੇ ਮਹੀਨੇ ਪਹਿਲਾਂ ਅਰਹਰ ਦੀ ਦਾਲ 100 ਰੁਪਏ ਕਿਲੋ ਸੀ, ਜੋ ਹੁਣ 160 ਰੁਪਏ ਕਿਲੋ ‘ਤੇ ਪੁੱਜ ਚੁੱਕੀ ਹੈ | ਛੋਲਿਆਂ ਦੀ ਦਾਲ 70 ਤੋਂ ਵਧ ਕੇ 110 ਰੁਪਏ ਕਿਲੋ ਤੱਕ ਪੁੱਜ ਚੁੱਕੀ ਹੈ | ਉਕਤ ਉਹ ਵਸਤਾਂ ਹਨ, ਜਿਨ੍ਹਾਂ ਬਗੈਰ ਆਮ ਘਰਾਂ ਵਿੱਚ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਅਸੀਂ ਜਿਹੜੇ ਅੰਕੜੇ ਦਿੱਤੇ ਹਨ ਇਹ ਮਨਿਸਟਰੀ ਆਫ਼ ਕੰਜ਼ਿਊਮਰ ਅਫੇਅਰਜ਼ ਨੇ ਜਾਰੀ ਕੀਤੇ ਹਨ |
ਇਸੇ ਦੌਰਾਨ ਲੋਕਾਂ ਦੀ ਆਮਦਨ ਵਿੱਚ ਵੱਡੀ ਗਿਰਾਵਟ ਆਈ ਹੈ | 2016 ਤੋਂ 2021 ਵਿੱਚ ਭਾਰਤ ਦੇ ਸਭ ਤੋਂ ਗਰੀਬ 20 ਫ਼ੀਸਦੀ ਲੋਕਾਂ ਦੀ ਆਮਦਨ ਵਿੱਚ 50 ਫ਼ੀਸਦੀ ਦੀ ਗਿਰਾਵਟ ਆਈ ਹੈ | ਉਸ ਤੋਂ ਉੱਪਰਲੇ 40 ਫ਼ੀਸਦੀ ਲੋਕਾਂ ਦੀ ਆਮਦਨ 30 ਫ਼ੀਸਦੀ ਘਟੀ ਹੈ | ਇਸੇ ਦੌਰਾਨ ਖੇਤੀ ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ 1 ਫ਼ੀਸਦੀ ਘੱਟ ਹੋਈ ਹੈ |
ਅਸਲੀਅਤ ਇਹ ਹੈ ਕਿ 60 ਫ਼ੀਸਦੀ ਲੋਕਾਂ ਦੀ ਆਮਦਨ ਘਟੀ ਹੈ ਤੇ ਉੱਪਰੋਂ ਵਧੀ ਮਹਿੰਗਾਈ ਨੇ ਉਨ੍ਹਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ | ਜਿਹੜਾ ਮੱਧ ਵਰਗ ਮੋਦੀ ਮੋਦੀ ਦੇ ਨਾਅਰੇ ਲਾ ਕੇ ਹਿੰਦੂ ਰਾਜ ਦੇ ਸੁਫਨੇ ਲੈ ਰਿਹਾ ਸੀ, ਅੱਜ ਤਰਾਹ ਤਰਾਹ ਕਰ ਰਿਹਾ ਹੈ | ਬੈਂਕਾਂ ਵਿੱਚ ਜਮ੍ਹਾਂ ਪੂੰਜੀ ਤਾਂ ਲਾਕਡਾਊਨ ਦੌਰਾਨ ਬਿਲੇ ਲਗ ਗਈ ਸੀ, ਹੁਣ ਕਰਜ਼ੇ ਚੁੱਕਣ ਦੀ ਨੌਬਤ ਆ ਗਈ ਹੈ | ਗਰੀਬ ਮਜ਼ਦੂਰ ਤਾਂ ਲੂਣ ਨਾਲ ਰੁੱਖੀ-ਸੁੱਕੀ ਖਾ ਕੇ ਗੁਜ਼ਾਰਾ ਕਰ ਲੈਂਦਾ, ਪਰ ਮੱਧ ਵਰਗ ਲਈ ਸਬਜ਼ੀ ਵਿੱਚ ਟਮਾਟਰ ਨਾ ਹੋਣ ਤਾਂ ਖਾਣੇ ਦਾ ਸਵਾਦ ਹੀ ਵਿਗੜ ਜਾਂਦਾ ਹੈ |
ਆਲੂ, ਪਿਆਜ਼ ਤੇ ਟਮਾਟਰ ਦੀ ਮਹਿੰਗਾਈ ਅਜਿਹਾ ਸੰਵੇਦਨਸ਼ੀਲ ਮੁੱਦਾ ਹੈ, ਜਿਸ ਕਾਰਨ ਸਰਕਾਰਾਂ ਬਦਲ ਜਾਂਦੀਆਂ ਹਨ | ਉੱਪਰੋਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਸਿਰ ਉੱਤੇ ਹਨ | ਇਸ ਦਾ ਖਮਿਆਜ਼ਾ ਸੱਤਾਧਾਰੀਆਂ ਨੂੰ ਜ਼ਰੂਰ ਭੁਗਤਣਾ ਪਵੇਗਾ | ਆਉਣ ਵਾਲੇ ਹਾਕਮਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਖੇਤੀ ਖੇਤਰ ਵਿੱਚ ਫ਼ਸਲੀ ਯੋਜਨਾਬੰਦੀ ਅਤੇ ਹਰ ਜਿਨਸ ਤੇ ਸਬਜ਼ੀਆਂ ਦੀਆਂ ਘੱਟੋ-ਘੱਟ ਲਾਹੇਵੰਦ ਕੀਮਤਾਂ ਦੀ ਗਰੰਟੀ ਤੋਂ ਬਿਨਾਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਨੂੰ ਸਥਿਰ ਨਹੀਂ ਰੱਖਿਆ ਜਾ ਸਕਦਾ |
-ਚੰਦ ਫਤਿਹਪੁਰੀ



