ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਐਤਵਾਰ ਕਿਹਾ ਕਿ ਉਨ੍ਹਾ ਦੀ ਪਾਰਟੀ ਸਾਂਝਾ ਸਿਵਲ ਕੋਡ (ਯੂ ਸੀ ਸੀ) ਨੂੰ ਲਾਗੂ ਕਰਨ ਦੇ ਖਿਲਾਫ ਨਹੀਂ ਹੈ, ਪਰ ਭਾਜਪਾ ਸਰਕਾਰ ਦੇ ਦੇਸ਼ ਵਿਚ ਇਸ ਨੂੰ ਲਾਗੂ ਕਰਨ ਦੇ ਤਰੀਕੇ ਨਾਲ ਸਹਿਮਤ ਨਹੀਂ। ਬਸਪਾ ਮੁਖੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਵਿਧਾਨ ਦੀ ਧਾਰਾ 44 ਯੂ ਸੀ ਸੀ ਬਣਾਉਣ ਦੀ ਮੰਗ ਕਰਦੀ ਹੈ, ਪਰ ਇਸ ਨੂੰ ਥੋਪਣ ਦੀ ਨਹੀਂ। ਇਸ ਲਈ ਭਾਜਪਾ ਨੂੰ ਇਹ ਸਾਰੀਆਂ ਗੱਲਾਂ ਧਿਆਨ ’ਚ ਰੱਖ ਕੇ ਹੀ ਕੋਈ ਵੀ ਕਦਮ ਚੁੱਕਣਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ ਕਿ ਜੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ’ਤੇ ਹਰ ਮਾਮਲੇ ’ਚ ਇੱਕੋ ਜਿਹਾ ਕਾਨੂੰਨ ਲਾਗੂ ਹੋ ਜਾਵੇ ਤਾਂ ਦੇਸ਼ ਕਮਜ਼ੋਰ ਨਹੀਂ ਹੋਵੇਗਾ, ਸਗੋਂ ਮਜ਼ਬੂਤ ਹੋਵੇਗਾ। ਇਸ ਦੇ ਨਾਲ ਹੀ ਲੋਕਾਂ ’ਚ ਆਪਸੀ ਸਦਭਾਵਨਾ ਅਤੇ ਭਾਈਚਾਰਾ ਵੀ ਪੈਦਾ ਹੋਵੇਗਾ।





