ਨਾਗੋਆ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਮਹਿਲਾਵਾਂ ਨੇ ਏਸ਼ੀਆਈ ਖੇਡਾਂ ਦੇ 11ਵੇਂ ਦਿਨ ਮੰਗਲਵਾਰ ਟ੍ਰੈਪ ਸ਼ੂਟਿੰਗ ਈਵੈਂਟ ਅਤੇ 4&400 ਮੀਟਰ ਰਿਲੇਅ ‘ਚ ਸੋਨ ਤਮਗੇ ਜਿੱਤ ਕੇ ਇਤਿਹਾਸ ਰਚ ਦਿੱਤਾ | ਰਿਲੇਅ ਟੀਮ ਨੇ ਪੂਰੀ ਤਰ੍ਹਾਂ ਚੈਂਪੀਅਨਾਂ ਵਾਂਗ ਦੌੜ ਲਗਾਈ ਤੇ ਕਿਰਨ, ਪੂਵੰਮਾ, ਪ੍ਰਾਚੀ ਅਤੇ ਵਿਥਿਆ ਅਧਾਰਤ ਟੀਮ ਫਾਈਨਲ ਵਿੱਚ ਪਹਿਲੇ ਸਥਾਨ ‘ਤੇ ਰਹੀ | ਇਸ ਤਰ੍ਹਾਂ ਉਨ੍ਹਾਂ ਨੇ ਏਸ਼ੀਆਈ ਖੇਡਾਂ 2026 ਵਿੱਚ 3:29.69 ਦੇ ਸਮੇਂ ਨਾਲ ਭਾਰਤ ਲਈ ਪਹਿਲਾ ਐਥਲੈਟਿਕਸ ‘ਚ ਸੋਨ ਤਮਗਾ ਜਿੱਤਿਆ ਹੈ | ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਦਸ ਦਿਨ ਪਹਿਲਾਂ ਨੀਰੂ ਢਾਂਡਾ ਹਸਪਤਾਲ ਦੇ ਬਿਸਤਰੇ ‘ਤੇ ਸੀ, ਏਨੀ ਬਿਮਾਰ ਸੀ ਕਿ ਚਿੰਤਾ ਸੀ ਕਿ ਉਹ ਨਾਗੋਆ ਪਹੁੰਚ ਸਕੇਗੀ ਜਾਂ ਨਹੀਂ | ਉਸ ਨੇ ਸਾਢੇ ਤਿੰਨ ਹਫਤਿਆਂ ਤੋਂ ਸਿਖਲਾਈ ਨਹੀਂ ਲਈ ਸੀ | ਨਵੀਂ ਦਿੱਲੀ ਵਿੱਚ ਰਾਸ਼ਟਰੀ ਕੈਂਪ ਦੌਰਾਨ ਉਸ ਨੇ ਆਪਣਾ ਜ਼ਿਆਦਾਤਰ ਸਮਾਂ ਆਪਣੇ ਕਮਰੇ ਵਿੱਚ ਹੀ ਬਿਤਾਇਆ | ਪੰਜ ਦਿਨਾਂ ਤੱਕ ਉਸ ਨੇ ਕੁਝ ਨਹੀਂ ਖਾਧਾ, ਸਿਰਫ ਪਾਣੀ ‘ਤੇ ਹੀ ਗੁਜ਼ਾਰਾ ਕੀਤਾ | ਜਦੋਂ ਉਹ ਏਸ਼ੀਆਈ ਖੇਡਾਂ ਲਈ ਜਾਪਾਨ ਪਹੁੰਚੀ, 26 ਸਾਲਾ ਨਿਸ਼ਾਨੇਬਾਜ਼ ਨੂੰ ਉਸ ਮੁਕਾਬਲੇ ਲਈ ਤਿਆਰੀ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਸੀ, ਜਿਸ ਨੇ ਉਸ ਦੇ ਕੈਰੀਅਰ ਨੂੰ ਪਰਿਭਾਸ਼ਿਤ ਕਰਨਾ ਸੀ | ਫਿਰ ਵੀ ਮੰਗਲਵਾਰ ਯੂਰੇਨੋਚੋ ਦੀ ਸ਼ੂਟਿੰਗ ਰੇਂਜ ਵਿੱਚ ਉਸ ਨੇ ਉਹ ਕਰ ਦਿਖਾਇਆ, ਜੋ ਪਹਿਲਾਂ ਕਿਸੇ ਭਾਰਤੀ ਮਹਿਲਾ ਨੇ ਨਹੀਂ ਕੀਤਾ ਸੀ | ਉਸ ਨੇ ਫਾਈਨਲ ਵਿੱਚ 30 ਵਿੱਚੋਂ 28 ਨਿਸ਼ਾਨੇ ਲਾ ਕੇ ਏਸ਼ੀਆਈ ਖੇਡਾਂ ਦਾ ਰਿਕਾਰਡ ਬਣਾਇਆ ਅਤੇ ਚੀਨ ਦੀ ਸੁਨ ਯੂਨੋਂਗ ਤੋਂ ਅੱਗੇ ਰਹੀ, ਜਿਸ ਨੇ 26 ਹਿੱਟਾਂ ਨਾਲ ਚਾਂਦੀ ਦਾ ਤਮਗਾ ਜਿੱਤਿਆ |
ਢਾਂਡਾ ਦੀ ਜਿੱਤ ਦੀ ਮਹੱਤਤਾ ਭਾਰਤ ਦੀ ਤਮਗਾ ਸੂਚੀ ਤੋਂ ਕਿਤੇ ਵੱਧ ਹੈ | ਕਿਸੇ ਭਾਰਤੀ ਮਹਿਲਾ ਨੇ ਨਾ ਸਿਰਫ ਪਹਿਲੀ ਵਾਰ ਏਸ਼ੀਆਈ ਖੇਡਾਂ ਵਿੱਚ ਇਹ ਖਿਤਾਬ ਜਿੱਤਿਆ, ਸਗੋਂ ਇਸ ਨਾਲ ਦੇਸ਼ ਲਈ ਇਸ ਮੁਕਾਬਲੇ ਦਾ ਸੋਨ ਤਮਗਾ ਜਿੱਤਣ ਦੀ ਦਹਾਕਿਆਂ ਦੀ ਉਡੀਕ ਦਾ ਵੀ ਅੰਤ ਹੋਇਆ | ਟ੍ਰੈਪ ਸੋਨ ਤਮਗਾ ਜਿੱਤਣ ਵਾਲੇ ਆਖਰੀ ਭਾਰਤੀ ਰਣਧੀਰ ਸਿੰਘ ਸਨ, ਜਿਨ੍ਹਾ 1978 ਵਿੱਚ ਜਿੱਤਿਆ ਸੀ | ਪਿਛਲੇ 30 ਸਾਲਾਂ ਵਿੱਚ ਚੀਨ ਅਤੇ ਕੁਵੈਤ ਦਾ ਇਸ ਮੁਕਾਬਲੇ ਵਿੱਚ ਦਬਦਬਾ ਰਿਹਾ | 1990 ਵਿੱਚ ਏਸ਼ੀਆਈ ਖੇਡਾਂ ਵਿੱਚ ਸ਼ੁਰੂ ਕੀਤੇ ਗਏ ਮਹਿਲਾ ਮੁਕਾਬਲੇ ਵਿੱਚ, ਚੀਨ ਨੇ 2010 ਨੂੰ ਛੱਡ ਕੇ ਹਰ ਵਾਰ ਸੋਨ ਤਮਗਾ ਜਿੱਤਿਆ, ਜਦੋਂ ਜਾਪਾਨ ਦੀ ਯੂਕੀ ਨਾਕਾਯਾਮਾ ਨੇ ਖਿਤਾਬ ਜਿੱਤਿਆ ਸੀ | ਨੀਰੂ ਦੇ ਕੋਚ, ਅਰਜੁਨ ਪੁਰਸਕਾਰ ਜੇਤੂ ਮਨਸ਼ੇਰ ਸਿੰਘ, ਬਿਮਾਰੀ ਦੌਰਾਨ ਅਤੇ ਜਾਪਾਨ ਵਿੱਚ ਉਸਦੇ ਠਹਿਰਨ ਦੌਰਾਨ ਉਸਨੂੰ ਫੋਨ ਕਰਦੇ ਰਹੇ, ਇਹ ਯਕੀਨੀ ਬਣਾਉਂਦੇ ਰਹੇ ਕਿ ਉਹ ਬੈਲੈਂਸ ਰਹੇ | ਨੀਰੂ ਨੇ ਦੱਸਿਆ, ‘ਸਰ ਹਰ ਰੋਜ਼, ਮੈਨੂੰ ਪ੍ਰੇਰਿਤ ਕਰਦੇ ਰਹਿੰਦੇ ਸਨ, ਕਹਿੰਦੇ ਸਨ, ਕੁਝ ਨਹੀਂ ਹੁੰਦਾ, ਭਾਵੇਂ ਤੂੰ ਚਾਰ-ਪੰਜ ਦਿਨ ਸਿਖਲਾਈ ਨਹੀਂ ਵੀ ਲਈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ | ਤੂੰ ਸੁਪਰ ਹੈਂ, ਅਤੇ ਤੂੰ ਸਟਾਰ ਬਣੇਂਗੀ |’
ਨੀਰੂ ਢਾਂਡਾ ਦਾ ਸਿਖਰ ਤੱਕ ਦਾ ਸਫਰ ਜੀਂਦ ਵਿੱਚ ਸ਼ੁਰੂ ਹੋਇਆ ਸੀ, ਜਦੋਂ ਉਸ ਨੇ ਆਪਣੇ ਚਚੇਰੇ ਭਰਾ ਅਤੇ ਸ਼ਾਟਗਨ ਨਿਸ਼ਾਨੇਬਾਜ਼ ਲਕਸ਼ਿਆ ਸ਼ਿਓਰਾਨ ਨੂੰ 2018 ਦੀਆਂ ਏਸ਼ੀਆਈ ਖੇਡਾਂ ਵਿੱਚ ਟ੍ਰੈ ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਦਿਆਂ ਦੇਖਿਆ ਸੀ | ਸ਼ਿਓਰਾਨ ਦੇ ਮਾਪਿਆਂ ਨੇ ਉਸ ਨੂੰ ਇਸ ਖੇਡ ਨਾਲ ਜਾਣੰੂ ਕਰਵਾਇਆ ਅਤੇ ਪੰਜ ਸਾਲ ਪਹਿਲਾਂ ਉਹ ਮੱਧ ਪ੍ਰਦੇਸ਼ ਰਾਜ ਸ਼ੂਟਿੰਗ ਅਕੈਡਮੀ ਵਿੱਚ ਸਿਖਲਾਈ ਲੈਣ ਲਈ ਭੋਪਾਲ ਚਲੀ ਗਈ, ਜਿੱਥੇ ਉਪਕਰਣਾਂ ਤੱਕ ਪਹੁੰਚ ਅਤੇ ਢਾਂਚਾਗਤ ਕੋਚਿੰਗ ਨੇ ਉਸਨੂੰ ਵਿਕਸਤ ਹੋਣ ਵਿੱਚ ਸਹਾਇਤਾ ਕੀਤੀ |




