ਤਲਵੰਡੀ ਸਾਬੋ (ਜਗਦੀਪ ਗਿੱਲ)
ਇੱਥੋਂ ਥੋੜ੍ਹੀ ਦੂਰ ਪਿੰਡ ਤਿਉਣਾ ਪੁਜਾਰੀਆਂ ਵਿਖੇ ਪੁਲਸ ਅਤੇ ਬਦਮਾਸਾਂ (ਗੈਂਗਸਟਰਾਂ) ਵਿਚਕਾਰ ਹੋਏ ਇਕ ਮੁਕਾਬਲੇ ਵਿਚ ਜਸਵਿੰਦਰ ਸਿੰਘ ਉਰਫ ਘੋੜਾ ਜ਼ਖਮੀ ਹੋ ਗਿਆ, ਜਦੋਂ ਕਿ ਉਸ ਦੇ ਹੋਰ ਸਾਥੀ ਬੁੱਧ ਰਾਮ ਨੂੰ ਪੁਲਸ ਨੇ ਮੌਕੇ ’ਤੇ ਦਬੋਚ ਲਿਆ। ਜ਼ਖਮੀ ਬਦਮਾਸ਼ ਜਿਸ ਦੇ ਸੰਬੰਧ ਗੋਲਡੀ ਬਰਾੜ ਗਰੁੱਪ ਨਾਲ ਦੱਸੇ ਜਾ ਰਹੇ ਹਨ, ਨੂੰ ਪੁਲਸ ਨੇ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਬਠਿੰਡਾ ਹਸਪਤਾਲ ਭੇਜ ਦਿੱਤਾ। ਇਹ ਗੈਂਗਸਟਰ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਉਪਰ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵੱਲ ਨੂੰ ਜਾ ਰਹੇ ਸਨ। ਪੁਲਸ ਵੱਲੋਂ ਉਨ੍ਹਾਂ ਨੂੰ ਰੁਕਣ ਲਈ ਇਸ਼ਾਰਾ ਕੀਤਾ ਗਿਆ ਤਾਂ ਅੱਗੋਂ ਬਦਮਾਸ਼ਾਂ ਨੇ ਗੋਲੀ ਚਲਾ ਦਿੱਤੀ। ਪੁਲਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਇਕ ਘੋੜਾ ਜ਼ਖਮੀ ਹੋ ਗਿਆ। ਦੋਵੇਂ ਬਦਮਾਸ਼ਾਂ ਉਪਰ ਇਸ ਇਲਾਕੇ ਵਿੱਚ ਫਿਰੌਤੀਆਂ ਵਗੈਰਾ ਮੰਗਣ ਵਰਗੇ ਵੱਖ-ਵੱਖ ਕਿਸਮਾਂ ਦੇ ਕਈ ਮਾਮਲੇ ਦਰਜ ਸਨ। ਪੁਲਸ ਅਨੁਸਾਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਘਟਨਾ ਮੌਕੇ ਉਕਤ ਬਦਮਾਸ਼ ਇਕ ਹੋਰ ਫਿਰੌਤੀ ਮਾਮਲੇ ਨੂੰ ਅੰਜਾਮ ਦੇਣ ਲਈ ਕਿਸੇ ਸ਼ਿਕਾਰ ਵੱਲ ਜਾ ਰਹੇ ਸਨ।ਪੁਲਸ ਨੇ ਫੜੇ ਗਏ ਬਦਮਾਸ਼ਾਂ ਕੋਲੋਂ 32 ਬੋਰ ਦੇ ਪਿਸਤੌਲ ਅਤੇ ਇਕ ਦੇਸੀ ਕੱਟਾ 315 ਬੋਰ ਸਮੇਤ ਵੱਡੀ ਮਾਤਰਾ ਵਿਚ ਗੋਲੀ ਸਿੱਕਾ ਬਰਾਮਦ ਕੀਤਾ ਹੈ।



