ਫੜੇ ਜਾਣ ਦੇ ਡਰੋਂ 50 ਲੱਖ ਦੀ ਅੰਗੂਠੀ ਫਲੱਸ਼ ’ਚ ਸੁੱਟੀ

0
204

ਹੈਦਰਾਬਾਦ : ਇਥੇ ਡੈਂਟਲ ਅਤੇ ਸਕਿਨ ਕਲੀਨਿਕ ’ਚ ਕੰਮ ਕਰਨ ਵਾਲੀ ਔਰਤ ਨੇ 50 ਲੱਖ ਰੁਪਏ ਦੀ ਹੀਰੇ ਦੀ ਅੰਗੂਠੀ ਚੋਰੀ ਕਰਨ ਦੇ ਦੋਸ਼ ’ਚ ਫੜੇ ਜਾਣ ਦੇ ਡਰੋਂ ਉਸ ਨੂੰ ਫਲੱਸ਼ ’ਚ ਸੁੱਟ ਦਿੱਤਾ। ਨਰਿੰਦਰ ਕੁਮਾਰ ਅਗਰਵਾਲ ਦੀ ਨੂੰਹ ਨੇ 27 ਜੂਨ ਨੂੰ ਕਲੀਨਿਕ ’ਚ ਚੈੱਕਅਪ ਦੌਰਾਨ ਆਪਣੀ ਹੀਰੇ ਦੀ ਅੰਗੂਠੀ ਉਂਗਲੀ ’ਚੋਂ ਕੱਢ ਕੇ ਪਾਸੇ ਰੱਖ ਦਿੱਤੀ ਸੀ। ਉਹ ਜਾਂਚ ਤੋਂ ਬਾਅਦ ਪਾਉਣੀ ਭੁੱਲ ਗਈ ਤੇ ਚਲੀ ਗਈ। ਘਰ ਪਰਤਣ ਤੋਂ ਬਾਅਦ ਪਤਾ ਲੱਗਿਆ ਕਿ ਅੰਗੂਠੀ ਤਾਂ ਕਲੀਨਿਕ ’ਚ ਰਹਿ ਗਈ। ਕਲੀਨਿਕ ’ਚ ਨਹੀਂ ਲੱਭੀ ਤਾਂ ਨਰਿੰਦਰ ਕੁਮਾਰ ਨੇ ਜੁਬਲੀ ਹਿੱਲਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਸੀ ਸੀ ਟੀ ਵੀ ਫੁਟੇਜ਼ ਦੀ ਜਾਂਚ ਕਰਕੇ ਸਟਾਫ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ। ਕਲੀਨਿਕ ’ਚ ਕੰਮ ਕਰਨ ਵਾਲੀ ਔਰਤ ਨੇ ਦੱਸਿਆ ਕਿ ਕਿਸੇ ਨੇ ਟਿਸ਼ੂ ਪੇਪਰ ’ਚ ਲਪੇਟੀ ਹੋਈ ਅੰਗੂਠੀ ਉਸ ਦੇ ਪਰਸ ’ਚ ਪਾ ਦਿੱਤੀ ਸੀ ਅਤੇ ਉਸ ਨੇ ਉਸ ਨੂੰ ਫਲੱਸ਼ ’ਚ ਸੁੱਟ ਦਿੱਤਾ। ਪੁਲਸ ਨੇ ਪਲੰਬਰ ਦੀ ਮਦਦ ਨਾਲ ਸੀਵਰੇਜ ਪਾਈਪ ਲਾਈਨ ਵਿਚੋਂ ਅੰਗੂਠੀ ਬਰਾਮਦ ਕਰ ਲਈ। ਪੁਲਸ ਨੇ ਔਰਤ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਉਸ ਨੇ ਅੰਗੂਠੀ ਚੁੱਕੀ ਸੀ, ਪਰ ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਉਹ ਘਬਰਾ ਗਈ। ਫੜੇ ਜਾਣ ਦੇ ਡਰੋਂ ਉਸ ਨੇ ਇਸ ਨੂੰ ਫਲੱਸ਼ ’ਚ ਸੁੱਟ ਦਿੱਤਾ।

LEAVE A REPLY

Please enter your comment!
Please enter your name here