ਸੜਕਾਂ ਚੌੜੀਆਂ ਹੋਣ ਤੋਂ ਬਾਅਦ ਉੱਤਰਾਖੰਡ ਤੇ ਹਿਮਾਚਲ ਵੱਲ ਸੈਲਾਨੀਆਂ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ। ਕਸ਼ਮੀਰ ਦੀ ਅਮਰਨਾਥ ਯਾਤਰਾ ਵਾਂਗ ਉੱਤਰਾਖੰਡ ਸਰਕਾਰ ਨੇ ਚਾਰ ਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਜ਼ਰੂਰੀ ਕਰ ਦਿੱਤੀ ਹੈ, ਤਾਂ ਜੋ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣੀ ਰਹੇ। 10 ਜੂਨ ਤੱਕ ਸਾਢੇ 43 ਲੱਖ ਤੀਰਥ ਯਾਤਰੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ, ਜਿਹੜੇ ਚਾਰ ਧਾਮ ਯਾਤਰਾ ਲਈ ਨਿਕਲੇ ਸਨ। ਯਾਤਰਾ ਸ਼ੁਰੂ ਹੋਣ ਤੋਂ ਹੁਣ ਤੱਕ 58 ਯਾਤਰੀਆਂ ਦੀ ਮੌਤ ਕੇਦਾਰਨਾਥ ਦੀ ਯਾਤਰਾ ਦੌਰਾਨ ਹੋ ਚੁੱਕੀ ਹੈ, 634 ਜ਼ਖਮੀ ਹੋਏ ਹਨ ਤੇ 20 ਖੱਚਰਾਂ ਦੀ ਯਾਤਰੀਆਂ ਨੂੰ ਢੋਂਹਦਿਆਂ ਮੌਤ ਹੋ ਗਈ ਹੈ। ਯਮੁਨੋਤਰੀ ਦੇ ਰਾਹ ’ਚ 470 ਜ਼ਖਮੀ ਹੋ ਚੁੱਕੇ ਹਨ ਅਤੇ 21 ਘੋੜਿਆਂ ਤੇ ਖੱਚਰਾਂ ਦੀ ਮੌਤ ਹੋ ਗਈ ਹੈ। 2500 ਯਾਤਰੀਆਂ ਨੂੰ ਆਕਸੀਜਨ ਸਿਲੰਡਰ ਦੀ ਲੋੜ ਪਈ। 8 ਜੂਨ ਨੂੰ ਰਾਮਨਗਰ ਕੋਲ ਢੇਲਾ ਨਦੀ ’ਚ ਅਚਾਨਕ ਆਏ ਹੜ੍ਹ ਕਾਰਨ 9 ਯਾਤਰੀਆਂ ਦੀ ਮੌਤ ਹੋ ਗਈ। ਗੰਗੋਤਰੀ ਦੇ ਕਾਲਿੰਦੀ ਖਲ ਦੀ ਟਰੈਕਿੰਗ ’ਚ 38 ਲੋਕਾਂ ਨੂੰ ਲਿਜਾ ਰਹੇ 32 ਸਾਲਾ ਗਾਈਡ ਵਿਪਿਨ ਰਾਣਾ ਦੀ ਥਕਾਨ ਤੇ ਭਾਰ ਢੋਣ ਕਾਰਨ ਮੌਤ ਹੋ ਗਈ। ਜੂਨ ਦੇ ਅਖੀਰ ਵਿਚ ਮੀਂਹ ਕਾਰਨ ਪਹਾੜ ਖਿਸਕਣ ਤੇ ਮਲਬਾ ਡਿੱਗਣ ਕਾਰਨ ਉੱਤਰਾਖੰਡ ’ਚ 15 ਹਜ਼ਾਰ ਤੋਂ ਵੱਧ ਯਾਤਰੀ ਵੱਖ-ਵੱਖ ਥਾਈਂ ਫਸ ਗਏ। ਹਿਮਾਚਲ ਵਿਚ ਵੀ ਢਿਗਾਂ ਡਿੱਗਣ ਕਾਰਨ 200 ਤੋਂ ਵੱਧ ਲੋਕਾਂ ਨੂੰ ਪੂਰੀ ਰਾਤ ਸੜਕ ’ਤੇ ਲੰਘਾਉਣੀ ਪਈ ਸੀ। ਅਜਿਹਾ ਨਹੀਂ ਹੈ ਕਿ ਉੱਤਰਾਖੰਡ ਤੇ ਹਿਮਾਚਲ ਦੀਆਂ ਸਰਕਾਰਾਂ ਸੈਲਾਨੀਆਂ ਨੂੰ ਦਿਸ਼ਾ-ਨਿਰਦੇਸ਼ ਨਹੀਂ ਜਾਰੀ ਕਰਦੀਆਂ। ਉਨ੍ਹਾਂ ਨੂੰ ਗਰਮ ਕੱਪੜੇ ਤੇ ਦਵਾਈਆਂ ਆਦਿ ਨਾਲ ਲੈ ਕੇ ਆਉਣ ਨੂੰ ਕਹਿੰਦੀਆਂ ਹਨ। ਗੰਭੀਰ ਬਿਮਾਰੀ ਵਾਲਿਆਂ ਨੂੰ ਉੱਚੀਆਂ ਚੜ੍ਹਾਈਆਂ ਤੋਂ ਵਰਜਦੀਆਂ ਹਨ। ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਯਾਤਰੀਆਂ ਦੀਆਂ ਜਾਨਾਂ ਜਾਣ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਕੋਈ ਖਾਸ ਊਣਤਾਈ ਹੈ, ਜਿਹੜੀ ਜਾਨਲੇਵਾ ਸਾਬਤ ਹੋ ਰਹੀ ਹੈ। ਇਹ ਊਣਤਾਈ ਹੈ ਪਰਿਆਵਰਣ ’ਚ ਬਦਲਾਅ ਨੂੰ ਲੈ ਕੇ ਤਿਆਰੀਆਂ ਤੇ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਦਾ ਨਾ ਹੋਣਾ। ਮਸਲਨ, ਅਪ੍ਰੈਲ ਵਿਚ ਹੀ ਪੱਛਮੀ ਗੜਬੜ ਕਾਰਨ ਮੌਸਮ ਦਾ ਅਸਰ ਜੰਮੂ-ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ’ਚ ਭਾਰੀ ਬਾਰਸ਼ਾਂ ਤੇ ਬਰਫਬਾਰੀ ਦੇ ਰੂਪ ਵਿਚ ਹੋਣ ਦਾ ਅਗਾਊਂ ਪਤਾ ਲੱਗ ਗਿਆ ਸੀ। ਚਾਰ ਧਾਮ ਦੇ ਕਿਵਾੜ ਖੁੱਲ੍ਹਣ ਦੌਰਾਨ ਉਥੇ ਬਰਫਬਾਰੀ ਤੇ ਬਾਰਸ਼ ਸ਼ੁਰੂ ਹੋ ਗਈ। ਕਿਵਾੜ ਬੰਦ ਕਰ ਦਿੱਤੇ ਗਏ ਅਤੇ ਹਜ਼ਾਰਾਂ ਯਾਤਰੀ ਉੱਥੇ ਤੇ ਰਾਹ ਵਿਚ ਫਸ ਗਏ। ਇਸੇ ਤਰ੍ਹਾਂ ਜੂਨ ਦੇ ਸ਼ੁਰੂ ਵਿਚ ਬਿਪਰਜੋਆਇ ਚੱਕਰਵਾਤ ਦਾ ਅਸਰ ਵੀ ਇਨ੍ਹਾਂ ਇਲਾਕਿਆਂ ’ਤੇ ਪੈਣਾ ਸੀ। ਉਸ ਕਾਰਨ ਤੇਜ਼ ਬਾਰਸ਼ ਦੇ ਨਤੀਜੇ ਵਜੋਂ ਕਈ ਯਾਤਰੀ ਫਸ ਗਏ। ਇਸੇ ਦੌਰਾਨ ਸੰਯੁਕਤ ਰਾਸ਼ਟਰ ਹੇਠ ਕੰਮ ਕਰਨ ਵਾਲੇ ਮੌਸਮ ਵਿਭਾਗ ਦੀ ਏਸ਼ੀਆਈ ਸ਼ਾਖਾ ਨੇ ਖਬਰਦਾਰ ਕੀਤਾ ਸੀ ਕਿ ਪਹਾੜੀ ਇਲਾਕਿਆਂ ਵਿਚ ਅਚਾਨਕ ਤੇਜ਼ ਬਾਰਸ਼ ਦੀ ਸੰਭਾਵਨਾ ਕਈ ਗੁਣਾ ਵਧ ਗਈ ਹੈ। ਇਹ ਭਵਿੱਖਬਾਣੀ ਸੱਚ ਸਾਬਤ ਹੋਈ ਹੈ। ਮੋਦੀ ਸਰਕਾਰ ਨੇ ਸੈਰ-ਸਪਾਟੇ ਨੂੰ ਉਦਯੋਗ ਬਣਾ ਦਿੱਤਾ ਹੈ ਤੇ ਉਹ ਵੀ ਹੋਰਨਾਂ ਉਦਯੋਗਾਂ ਵਾਂਗ ਮੁਨਾਫੇ ਨੂੰ ਹੀ ਕੇਂਦਰ ਵਿਚ ਰੱਖਦਾ ਹੈ। ਪਰਿਆਵਰਣਵਾਦੀਆਂ ਨੇ ਚਾਰ ਧਾਮਾਂ ਲਈ ਸੜਕਾਂ ਬਹੁਤ ਜ਼ਿਆਦਾ ਚੌੜੀਆਂ ਕਰਨ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਇਸ ਨਾਲ ਪਹਾੜ ਚੀਰਨੇ ਪੈਣਗੇ ਅਤੇ ਕੱਚੇ ਪਹਾੜ ਡਿੱਗਦੇ ਰਹਿਣਗੇ। ਸਰਕਾਰ ਵੋਟਾਂ ਦੀ ਖਾਤਰ ਸੜਕਾਂ ਚੌੜੀਆਂ ਕਰਨ ਤੋਂ ਟਲੀ ਨਹੀਂ। ਨਤੀਜਾ ਸਾਹਮਣੇ ਹੈ ਕਿ ਸੜਕ ਚੌੜੀਆਂ ਹੋਣ ਨਾਲ ਪਹਾੜਾਂ ਵੱਲ ਮੋਟਰ-ਗੱਡੀਆਂ ਦਾ ਜਾਣਾ ਵਧ ਗਿਆ ਹੈ ਤੇ ਉਨ੍ਹਾਂ ਵਿੱਚੋਂ ਨਿਕਲਣ ਵਾਲੀ ਕਾਰਬਨ ਬਰਫ ਨੂੰ ਤੇਜ਼ੀ ਨਾਲ ਪਿਘਲਾ ਰਹੀ ਹੈ। ਨਤੀਜਾ ਹੜ੍ਹਾਂ ਦੀ ਸ਼ਕਲ ’ਚ ਸਾਹਮਣੇ ਆ ਰਿਹਾ ਹੈ। ਸੈਰ-ਸਪਾਟੇ ਨੂੰ ਵਧਾਉਣ ਲਈ ਕੁਦਰਤ ਨਾਲ ਛੇੜਛਾੜ ਮਹਿੰਗੀ ਸਾਬਤ ਹੋ ਰਹੀ ਹੈ।



