ਕਰਨਾਟਕ ਅਸੰਬਲੀ ਚੋਣਾਂ ’ਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ’ਚ ਸਮਾਜੀ ਜਥੇਬੰਦੀਆਂ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਬਹੁਤ ਵੱਡਾ ਰੋਲ ਨਿਭਾਇਆ। ਉਨ੍ਹਾਂ ਭਾਜਪਾ ਦੀਆਂ ਨਫਰਤ ਫੈਲਾਉਣ ਵਾਲੀਆਂ ਨੀਤੀਆਂ ਖਿਲਾਫ ਕਾਫੀ ਚਿਰ ਤੋਂ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਸਰਗਰਮ ਰਹਿ ਕੇ ਲੋਕਾਂ ਨੂੰ ਭਾਜਪਾ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਜਾਗਰੂਕ ਕੀਤਾ। ਉਨ੍ਹਾਂ ਵਰਗੀ ਪਹਿਲਕਦਮੀ ਪਿਛਲੇ ਦਿਨੀਂ ਉੱਤਰਾਖੰਡ ਵਿਚ ਨਜ਼ਰ ਆਈ ਹੈ। ਉੱਤਰਾਖੰਡ ’ਚ ਭਾਜਪਾ ਦੀ ਸਰਕਾਰ ਹੈ ਤੇ ਉਸ ਨੇ ਘੱਟ ਗਿਣਤੀਆਂ ਦਾ ਜਿਊਣਾ ਹਰਾਮ ਕੀਤਾ ਹੋਇਆ ਹੈ। ਹਾਲ ਹੀ ਦੇ ਦਿਨਾਂ ’ਚ ਉੱਤਰਾਖੰਡ ’ਚ ਵਾਪਰੀਆਂ ਫਿਰਕੂ ਨਫਰਤ ਫੈਲਾਉਣ ਦੀਆਂ ਘਟਨਾਵਾਂ ਤੇ ਉਸ ’ਚ ਸੂਬਾ ਸਰਕਾਰ ਦੀ ਭੂਮਿਕਾ ਖਿਲਾਫ ਨੈਨੀਤਾਲ ਜ਼ਿਲ੍ਹੇ ਦੇ ਸ਼ਹਿਰ ਹਲਦਵਾਨੀ ’ਚ ਕਰੀਬ ਸਾਰੀਆਂ ਆਪੋਜ਼ੀਸ਼ਨ ਪਾਰਟੀਆਂ ਤੇ ਦਰਜਨਾਂ ਸਮਾਜੀ ਜਥੇਬੰਦੀਆਂ ਨੇ ਸਦਭਾਵਨਾ ਸੰਮੇਲਨ ਕੀਤਾ। ਇਸ ’ਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਨਫਰਤ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਸੰਵਿਧਾਨ ਬਚਾਉਣ ਲਈ ਭਵਿੱਖ ’ਚ ਵੀ ਲਗਾਤਾਰ ਅਜਿਹੇ ਪ੍ਰੋਗਰਾਮ ਕਰਨ ਦਾ ਸੰਕਲਪ ਲਿਆ ਗਿਆ। ਸੰਮੇਲਨ ਦੀ ਰਾਇ ਸੀ ਕਿ ਉੱਤਰਾਖੰਡ ’ਚ ਸਰਕਾਰ ਦੀ ਸ਼ਹਿ ’ਤੇ ਫਿਰਕੂ ਖਿਚਾਅ ਪੈਦਾ ਕੀਤਾ ਜਾ ਰਿਹਾ ਹੈ, ਕਿਉਕਿ ਭਾਜਪਾ ਨੂੰ 2024 ਦੀਆਂ ਲੋਕ ਸਭਾ ਚੋਣਾਂ ’ਚ ਇੱਥੋਂ ਜਿੱਤ ਦੀ ਆਸ ਨਹੀਂ ਹੈ। ਸਰਕਾਰ ਤੇ ਭਾਜਪਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਫਿਰਕੂ ਹਿੰਸਾ ਨੂੰ ਹੋਰ ਵਧਾ ਸਕਦੀਆਂ ਹਨ। ਸਿਆਸੀ ਪਾਰਟੀਆਂ ਤੇ ਸਿਵਲ ਸੁਸਾਇਟੀਆਂ ਦਾ ਅਜਿਹਾ ਪਹਿਲਾ ਸੰਮੇਲਨ 19 ਜੂਨ ਨੂੰ ਦੇਹਰਾਦੂਨ ਵਿਚ ਕੀਤਾ ਗਿਆ ਸੀ, ਪਰ ਇਸ ’ਚ ਕਾਂਗਰਸ ਦੇ ਸ਼ਾਮਲ ਨਾ ਹੋਣ ਕਰਕੇ ਮੰਨਿਆ ਜਾ ਰਿਹਾ ਸੀ ਕਿ ਏਕਤਾ ਦੇ ਅਜਿਹੇ ਜਤਨ ’ਚ ਕਾਂਗਰਸ ਦੇ ਸ਼ਾਮਲ ਨਾ ਹੋਣ ਨਾਲ ਸਫਲਤਾ ਸ਼ੱਕੀ ਹੈ, ਪਰ ਹਲਦਵਾਨੀ ਸੰਮੇਲਨ ’ਚ ਕਾਂਗਰਸ ਦੇ ਸੂਬਾ ਪ੍ਰਧਾਨ ਕਰਨ ਮਾਹਰਾ ਤੇ ਹਲਦਵਾਨੀ ਦੇ ਵਿਧਾਇਕ ਸੁਮਿਤ ਹਿਰਦੇਸ਼ ਸ਼ਾਮਲ ਹੋਏ ਤੇ ਅੱਗੋਂ ਵੀ ਸਰਗਰਮ ਰਹਿਣ ਦੀ ਗੱਲ ਕਹੀ। ਸੰਮੇਲਨ ’ਚ ਹਿੱਸਾ ਲੈਣ ਵਾਲੀਆਂ ਪਾਰਟੀਆਂ ’ਚ ਕਾਂਗਰਸ ਤੋਂ ਇਲਾਵਾ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਆਈ (ਐੱਮ ਐੱਲ), ਉੱਤਰਾਖੰਡ ਪਰਿਵਰਤਨ ਪਾਰਟੀ, ਆਮ ਆਦਮੀ ਪਾਰਟੀ, ਆਜ਼ਾਦ ਸਮਾਜ ਪਾਰਟੀ ਸ਼ਾਮਲ ਸਨ। ਸੰਮੇਲਨ ਨੇ ਨਾਅਰਾ ਦਿੱਤਾਨਫਰਤ ਨਹੀਂ, ਰੁਜ਼ਗਾਰ ਦਿਓ ਅਤੇ ਸੰਵਿਧਾਨ ਬਚਾਓ, ਲੋਕਤੰਤਰ ਬਚਾਓ। ਸ੍ਰੀਦੇਵ ਸੁਮਨ ਦੇ ਸ਼ਹੀਦੀ ਦਿਵਸ ਦੇ ਮੌਕੇ 25 ਜੁਲਾਈ ਨੂੰ ਟੀਹਰੀ ਜ਼ਿਲ੍ਹੇ ’ਚ ਉਨ੍ਹਾ ਦੇ ਪਿੰਡ ਜੌਲ ’ਚ ਤਮਾਮ ਜਥੇਬੰਦੀਆਂ ਦੇ ਆਗੂ ਆਮ ਨਾਗਰਿਕਾਂ ਨਾਲ ਪ੍ਰਜਾਤੰਤਰ ਦਿਵਸ ਮਨਾਉਣਗੇ। ਉਸ ਦਿਨ ਰਾਜ-ਭਰ ’ਚ ਅਜਿਹੇ ਪ੍ਰੋਗਰਾਮ ਕੀਤੇ ਜਾਣਗੇ। 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੀ ਬਰਸੀ ’ਤੇ ਦੇਹਰਾਦੂਨ ’ਚ ਇਨ੍ਹਾਂ ਮੁੱਦਿਆਂ ’ਤੇ ਪ੍ਰੋਗਰਾਮ ਕੀਤਾ ਜਾਵੇਗਾ। ਇਸੇ ਦਰਮਿਆਨ ‘ਨਫਰਤ ਨਹੀਂ, ਰੁਜ਼ਗਾਰ ਦਿਓ’ ਮੁੱਦੇ ’ਤੇ ਰਾਜ-ਭਰ ’ਚ ਦਸਤਖਤੀ ਮੁਹਿੰਮ ਚਲਾਈ ਜਾਵੇਗੀ। ਸੰਮੇਲਨ ਦੀ ਇਕ ਖਾਸ ਗੱਲ ਇਹ ਵੀ ਰਹੀ ਕਿ ਜਿਹੜੀਆਂ ਜਥੇਬੰਦੀਆਂ ਤੇ ਉਨ੍ਹਾਂ ਦੇ ਨੁਮਾਇੰਦੇ ਨਹੀਂ ਪੁੱਜੇ, ਉਨ੍ਹਾਂ ਸੰਦੇਸ਼ ਘੱਲ ਕੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ’ਚ ਉੱਤਰਾਖੰਡ ਇਨਸਾਨੀਅਤ ਮੰਚ, ਬੀਜ ਬਜਾਓ ਅੰਦੋਲਨ ਦੇ ਆਗੂ ਵੀ ਸ਼ਾਮਲ ਹਨ। ਸੰਮੇਲਨ ਨੇ ਫੈਸਲਾ ਕੀਤਾ ਕਿ ਭਾਜਪਾ ਚਾਹੁੰਦੀ ਹੈ ਕਿ ਹਿੰਦੂ-ਮੁਸਲਮ ਮੁੱਦਾ ਗਰਮ ਰਹੇ, ਇਸ ਲਈ ਉਸ ਨੂੰ ਹਰ ਮੋਰਚੇ ’ਤੇ ਭੰਡਣਾ ਚਾਹੀਦਾ ਹੈ। ਕੇਂਦਰ ਤੇ ਰਾਜ ਸਰਕਾਰ ਹਰ ਮੁੱਦੇ ’ਤੇ ਫੇਲ੍ਹ ਹੋਏ ਹਨ, ਇਸ ਤੱਥ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਪੂਰਾ ਜ਼ੋਰ ਲਾਇਆ ਜਾਣਾ ਚਾਹੀਦਾ ਹੈ। ਕਰਨਾਟਕ ’ਚ ਵੀ ਜਮਹੂਰੀ ਤੇ ਸੈਕੂਲਰ ਪਾਰਟੀਆਂ ਅਤੇ ਸਮਾਜੀ ਜਥੇਬੰਦੀਆਂ ਨੇ ਇਸੇ ਤਰ੍ਹਾਂ ਦੀ ਮੁਹਿੰਮ ਚਲਾਈ ਸੀ, ਜਿਸ ਦਾ ਸਾਰਥਕ ਨਤੀਜਾ ਨਿਕਲਿਆ। ਉੱਤਰਾਖੰਡ ’ਚ ਵੀ ਸਿਆਸੀ ਪਾਰਟੀਆਂ ਤੇ ਸਮਾਜੀ ਜਥੇਬੰਦੀਆਂ ਨੇ ਵਧੀਆ ਪਹਿਲ ਕੀਤੀ ਹੈ। ਦੇਸ਼-ਭਰ ’ਚ ਅਜਿਹੀ ਪਹਿਲ ਹੁਣ ਤੋਂ ਸ਼ੁਰੂ ਹੋ ਜਾਵੇ ਤਾਂ ਕੇਂਦਰ ’ਚ ਭਾਜਪਾ ਨੂੰ ਬੇਦਖਲ ਕਰਨ ’ਚ ਕਾਫੀ ਮਦਦ ਮਿਲ ਸਕਦੀ ਹੈ।



