ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਡਿਊਟੀ ਨਿਭਾਉਂਦੇ ਸਮੇਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਅਤੇ ਦੁਰਘਟਨਾ ਵਿਚ ਜਾਨ ਗੁਆਉਣ ਵਾਲੇ ਪੁਲਸ ਮੁਲਾਜ਼ਮਾਂ ਦੇ ਵਾਰਸਾਂ ਨੂੰ ਸੋਮਵਾਰ 2 ਕਰੋੜ ਰੁਪਏ ਦੇ ਚੈੱਕ ਸੌਂਪੇ। ਮੁੱਖ ਮੰਤਰੀ ਨੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ 12 ਲੱਖ ਰੁਪਏ (ਪ੍ਰਤੀ ਬੱਚਾ 4 ਲੱਖ ਰੁਪਏ) ਦੇ ਚੈੱਕ ਵੀ ਸੌਂਪੇ। ਮੁੱਖ ਮੰਤਰੀ ਨੇ ਜਲੰਧਰ ਵਿਖੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਏ.ਐੱਸ.ਆਈ ਸੰਜੀਵ ਕੁਮਾਰ ਦੇ ਪਰਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਏ.ਐੱਸ.ਆਈ ਪਰਨਾਮ ਸਿੰਘ ਅਤੇ ਏ.ਐੱਸ.ਆਈ ਗੁਰਲਾਲ ਸਿੰਘ ਦੇ ਵਾਰਸਾਂ ਨੂੰ 50-50 ਲੱਖ ਰੁਪਏ ਦੇ ਚੈੱਕ ਸੌਂਪੇ, ਜਿਨ੍ਹਾਂ ਦੀ ਵੱਖ-ਵੱਖ ਹਾਦਸਿਆਂ ਵਿਚ ਮੌਤ ਹੋ ਗਈ ਸੀ। ਸੰਜੀਵ ਕੁਮਾਰ ਨੂੰ ਇੱਕ ਬੋਲੈਰੋ ਗੱਡੀ ਨੇ ਉਸ ਵੇਲੇ ਟੱਕਰ ਮਾਰ ਦਿੱਤੀ ਜਦੋਂ ਉਹ ਜਲੰਧਰ ਵਿੱਚ ਸਖਤ ਸੁਰੱਖਿਆ ਵਾਲੇ ਵੀ.ਵੀ.ਆਈ.ਪੀ. ਦੀ ਫੇਰੀ ਦੌਰਾਨ ਵਾਹਨਾਂ ਦੀ ਜਾਂਚ ਕਰ ਰਿਹਾ ਸੀ। ਇਸੇ ਤਰ੍ਹਾਂ ਏ.ਐੱਸ.ਆਈ. ਪਰਨਾਮ ਸਿੰਘ ਅਤੇ ਗੁਰਲਾਲ ਸਿੰਘ ਦੀ ਵੀ ਵੱਖ-ਵੱਖ ਦੁਰਘਟਨਾਵਾਂ ਕਾਰਨ ਮੌਤ ਹੋ ਗਈ ਸੀ। ਪਰਵਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਸ ਦੌਰਾਨ ਪੁਲਸ ਮੁਲਾਜ਼ਮਾਂ ਦੇ ਪਰਵਾਰਾਂ ਨੇ ਵੀ ਮੁੱਖ ਮੰਤਰੀ ਦਾ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਭਗਵੰਤ ਮਾਨ ਦੀ ਇਸ ਨੇਕ ਉਪਰਾਲੇ ਲਈ ਸ਼ਲਾਘਾ ਕੀਤੀ ਜੋ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਡੀ ਜੀ ਪੀ ਗੌਰਵ ਯਾਦਵ, ਸਪੈਸ਼ਲ ਡੀ.ਜੀ.ਪੀ. ਈਸ਼ਵਰ ਸਿੰਘ ਅਤੇ ਹੋਰ ਅਫਸਰ ਵੀ ਮੌਜੂਦ ਸਨ।





