ਪਾਸਾ ਪੁੱਠਾ ਪੈ ਸਕਦੈ

0
207

ਸ਼ਰਦ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਦੋਫਾੜ ਹੋ ਗਈ ਹੈ | ਦੋ ਦਿਨ ਪਹਿਲਾਂ ਦੋਹਾਂ ਧੜਿਆਂ ਵੱਲੋਂ ਵੱਖੋ-ਵੱਖ ਮੀਟਿੰਗਾਂ ਕਰਕੇ ਤਾਕਤ ਦਾ ਮੁਜ਼ਾਹਰਾ ਕੀਤਾ ਗਿਆ ਸੀ | ਅਜੀਤ ਪਵਾਰ ਵੱਲੋਂ ਸੱਦੀ ਮੀਟਿੰਗ ਵਿੱਚ 29 ਤੇ ਸ਼ਰਦ ਪਵਾਰ ਦੀ ਮੀਟਿੰਗ ਵਿੱਚ 17 ਵਿਧਾਇਕ ਸ਼ਾਮਲ ਹੋਏ ਸਨ | ਇਸ ਹਿਸਾਬ ਨਾਲ ਕੁੱਲ 53 ਵਿੱਚੋਂ 7 ਮੈਂਬਰ ਕਿਸੇ ਪਾਸੇ ਨਹੀਂ ਸਨ ਗਏ | ਅਜੀਤ ਪਵਾਰ ਨਾਲ ਗਏ ਵਿਧਾਇਕਾਂ ਉੱਤੇ ਦਲਬਦਲੂ ਕਾਨੂੰਨ ਦੀ ਤਲਵਾਰ ਲਟਕ ਰਹੀ ਹੈ | ਇਸ ਤੋਂ ਬਚਣ ਲਈ ਉਸ ਨੂੰ ਦੋ-ਤਿਹਾਈ ਯਾਨੀ 36 ਵਿਧਾਇਕਾਂ ਦੀ ਲੋੜ ਹੈ |
ਇਸ ਤੋਂ ਪਹਿਲਾਂ ਸ਼ਿਵ ਸੈਨਾ ਵੀ ਦੋਫ਼ਾੜ ਹੋ ਗਈ ਸੀ | ਉਸ ਦਾ ਝਗੜਾ ਚੋਣ ਕਮਿਸ਼ਨ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਹੁਣ ਚਲ ਰਿਹਾ ਹੈ | ਉਸ ਹਿਸਾਬ ਨਾਲ ਐੱਨ ਸੀ ਪੀ ਦਾ ਝਗੜਾ ਵੀ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਚਲਦਾ ਰਹੇਗਾ | ਇਸ ਸਮੇਂ ਵੱਡਾ ਸਵਾਲ ਇਹ ਹੈ ਕਿ ਤਾਜ਼ਾ ਘਟਨਾਕ੍ਰਮ ਦਾ ਮਹਾਰਾਸ਼ਟਰ ਦੀ ਸਿਆਸਤ ਉੱਤੇ ਕੀ ਅਸਰ ਪਵੇਗਾ | ਸ਼ਿਵ ਸੈਨਾ ਵਿੱਚ ਪਈ ਫੁੱਟ ਤੋਂ ਬਾਅਦ ਭਾਵੇਂ ਬਹੁਤੇ ਵਿਧਾਇਕ ਏਕਨਾਥ ਸ਼ਿੰਦੇ ਨਾਲ ਚਲੇ ਗਏ ਸਨ, ਪਰ ਪਾਰਟੀ ਦਾ ਹੇਠਲਾ ਜਥੇਬੰਦਕ ਢਾਂਚਾ ਊਧਵ ਠਾਕਰੇ ਨਾਲ ਹੀ ਖੜ੍ਹਾ ਰਿਹਾ | ਮਹਾਰਾਸ਼ਟਰ ਦੀ ਸਿਆਸਤ ਉੱਤੇ ਡੂੰਘੀ ਨਜ਼ਰ ਰੱਖਣ ਵਾਲਿਆਂ ਦਾ ਨੈਸ਼ਨਲਿਸਟ ਕਾਂਗਰਸ ਪਾਰਟੀ ਦੀ ਫੁੱਟ ਬਾਰੇ ਵੀ ਕਹਿਣਾ ਹੈ ਕਿ ਪਾਰਟੀ ਦਾ ਹੇਠਲਾ ਅਧਾਰ ਸ਼ਰਦ ਪਵਾਰ ਤੋਂ ਦੂਰ ਹੋਣ ਦੀ ਗੱਲ ਸੋਚ ਵੀ ਨਹੀਂ ਸਕਦਾ |
ਇਹ ਅਸੀਂ ਜਾਣਦੇ ਹਾਂ ਕਿ 2019 ਦੀਆਂ ਲੋਕ ਸਭਾ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਸ਼ਿਵ ਸੈਨਾ ਨੇ ਭਾਜਪਾ ਨਾਲ ਗੱਠਜੋੜ ਕਰਕੇ ਲੜੀਆਂ ਸਨ | ਉਸ ਨੇ ਲੋਕ ਸਭਾ ਦੀਆਂ 23 ਤੇ ਵਿਧਾਨ ਸਭਾ ਦੀਆਂ 56 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ | ਇਨ੍ਹਾਂ ਸਾਰੀਆਂ ਸੀਟਾਂ ਉੱਤੇ ਉਸ ਨੇ ਕਾਂਗਰਸ ਤੇ ਐੱਨ ਸੀ ਪੀ ਦੇ ਉਮੀਦਵਾਰਾਂ ਨੂੰ ਹਰਾਇਆ ਸੀ | ਇਸ ਹਾਲਤ ਵਿੱਚ ਮਹਾ ਵਿਕਾਸ ਅਗਾੜੀ ਅੱਗੇ ਆਉਣ ਵਾਲੀਆਂ ਚੋਣਾਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਉਹ ਸੀਟਾਂ ਦੀ ਵੰਡ ਦਾ ਔਖਾ ਕਾਰਜ ਕਿਵੇਂ ਨੇਪਰੇ ਚਾੜ੍ਹੇਗੀ | ਹੁਣ ਹਾਲਾਤ ਬਦਲ ਚੁੱਕੇ ਹਨ | ਊਧਵ ਠਾਕਰੇ ਤੇ ਸ਼ਰਦ ਪਵਾਰ ਦੀ ਹੋਈ ਦੁਰਦਸ਼ਾ ਤੋਂ ਬਾਅਦ ਉਨ੍ਹਾਂ ਦਾ ਇੱਕੋ-ਇੱਕ ਨਿਸ਼ਾਨਾ ਹੋਵੇਗਾ, ਹਰ ਹਾਲ ਭਾਜਪਾ ਤੇ ਉਸ ਦੇ ਹਮੈਤੀਆਂ ਨੂੰ ਹਰਾਉਣਾ | ਇਸ ਸਮੇਂ ਕਾਂਗਰਸ ਪਾਰਟੀ ਸਭ ਤੋਂ ਮਜ਼ਬੂਤ ਧਿਰ ਸਾਬਤ ਹੋਈ ਹੈ | ਉਸ ਦੇ 44 ਵਿਧਾਇਕ ਪਾਰਟੀ ਨਾਲ ਡਟ ਕੇ ਖੜ੍ਹੇ ਰਹੇ ਹਨ | ਇਹੋ ਹੀ ਨਹੀਂ, ਉਸ ਨੇ ਭਾਜਪਾ ਦੇ ਗੜ੍ਹ ਪੁਣੇ ਦੀ ਸੀਟ ਉੱਤੇ ਹੋਈ ਜ਼ਿਮਨੀ ਚੋਣ ਵਿੱਚ ਜਿੱਤ ਪ੍ਰਾਪਤ ਕਰਕੇ ਆਪਣੇ ਵਿਧਾਇਕਾਂ ਦੀ ਗਿਣਤੀ 45 ਕਰ ਲਈ ਹੈ |
ਇਸ ਸਮੇਂ ਮਹਾ ਵਿਕਾਸ ਅਗਾੜੀ ਵਿੱਚ ਕਾਂਗਰਸ ਸਭ ਤੋਂ ਵੱਡੀ ਧਿਰ ਬਣ ਚੁੱਕੀ ਹੈ | ਹੁਣ ਇਸ ਗੱਠਜੋੜ ਸਾਹਮਣੇ ਸਭ ਤੋਂ ਮੁੱਖ ਕੰਮ ਮਹਾਰਾਸ਼ਟਰ ਦੀਆਂ ਦਰਜਨ ਦੇ ਕਰੀਬ ਛੋਟੀਆਂ ਪਾਰਟੀਆਂ ਨੂੰ ਨਾਲ ਜੋੜਨ ਦਾ ਹੋਵੇਗਾ | ਇਨ੍ਹਾਂ ਵਿੱਚ ਸਭ ਤੋਂ ਮਜ਼ਬੂਤ ਧਿਰ ਪ੍ਰਕਾਸ਼ ਅੰਬੇਡਕਰ ਦੀ ਵੰਚਿਤ ਬਹੁਜਨ ਅਗਾੜੀ ਹੈ | ਦਲਿਤਾਂ, ਪਛੜਿਆਂ ਤੇ ਘੱਟ-ਗਿਣਤੀ ਭਾਈਚਾਰਿਆਂ ਵਿੱਚ ਇਸ ਦਾ ਵੱਡਾ ਅਧਾਰ ਹੈ | ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਨੂੰ 7 ਫੀਸਦੀ ਵੋਟਾਂ ਮਿਲੀਆਂ ਸਨ | ਵਿਧਾਨ ਸਭਾ ਚੋਣਾਂ ਵਿੱਚ ਤਾਂ ਇਹ ਪਾਰਟੀ 10 ਹਲਕਿਆਂ ਵਿੱਚ ਦੂਜੇ ਨੰਬਰ ਉੱਤੇ ਆਈ ਸੀ ਤੇ ਇਸ ਦੇ ਉਮੀਦਵਾਰਾਂ ਵੱਲੋਂ ਵੋਟਾਂ ਦੀ ਵੰਡ ਕਾਰਨ ਹੋਰ ਡੇਢ ਦਰਜਨ ਸੀਟਾਂ ਉੱਤੇ ਭਾਜਪਾ ਵਿਰੋਧੀ ਗੱਠਜੋੜ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ | ਪ੍ਰਕਾਸ਼ ਅੰਬੇਡਕਰ ਨੂੰ ਕਾਂਗਰਸ ਤੇ ਸ਼ਿਵ ਸੈਨਾ ਤੋਂ ਪ੍ਰਹੇਜ਼ ਨਹੀਂ, ਪਰ ਅਜੀਤ ਪਵਾਰ ਕਾਰਨ ਉਹ ਐੱਨ ਸੀ ਪੀ ਦੇ ਨਾਲ ਲੈ-ਦੇ ਕਰਨ ਤੋਂ ਪਾਸਾ ਵੱਟ ਜਾਂਦਾ ਰਿਹਾ ਸੀ | ਹੁਣ ਹਾਲਤ ਬਦਲ ਚੁੱਕੀ ਹੈ | ਬਹੁਤ ਸਾਰੀਆਂ ਸੀਟਾਂ ਦੇ ਦਾਅਵੇਦਾਰ ਵੀ ਭਾਜਪਾ ਦੀ ਝੋਲੀ ਵਿੱਚ ਜਾ ਬੈਠੇ ਹਨ | ਇਸ ਲਈ ਵੰਚਿਤ ਬਹੁਜਨ ਅਗਾੜੀ ਤੋਂ ਇਲਾਵਾ ਪੀਜ਼ੈਂਟ ਐਂਡ ਵਰਕਰਜ਼ ਪਾਰਟੀ, ਸਮਾਜਵਾਦੀ ਪਾਰਟੀ, ਸ਼ੇਤਕਾਰੀ ਸੰਗਠਨ, ਸੀ ਪੀ ਆਈ (ਐਮ), ਸਵੈਮਾਨੀ ਸੰਗਠਨ, ਬਹੁਜਨ ਵਿਕਾਸ ਅਗਾੜੀ ਤੇ ਰਿਪਬਲਿਕਨ ਗੁੱਟਾਂ ਨੂੰ ਬਣਦਾ ਹਿੱਸਾ ਦੇ ਕੇ ਇੱਕ ਵਿਸ਼ਾਲ ਅਧਾਰ ਵਾਲੇ ਮੋਰਚੇ ਦੇ ਹਾਲਾਤ ਸਾਜ਼ਗਾਰ ਹੋ ਗਏ ਹਨ |
ਦੂਜੇ ਪਾਸੇ 200 ਤੋਂ ਵੱਧ ਵਿਧਾਇਕਾਂ ਦਾ ਕੁਨਬਾ ਜੋੜ ਕੇ ਭਾਜਪਾ ਲਈ ਚੋਣ ਮੈਦਾਨ ਵਿੱਚ ਆਪਣਿਆਂ ਨਾਲ ਹੀ ਦੋ-ਦੋ ਹੱਥ ਕਰਨੇ ਪੈਣਗੇ | ਅਜੀਤ ਪਵਾਰ ਦੇ ਲਾਣੇ ਨੂੰ ਟਿਕਟਾਂ ਦੇਣ ਵਾਸਤੇ ਆਪਣਿਆਂ ਨੂੰ ਦੁਰਕਾਰਨਾ ਪਵੇਗਾ | ਏਕਨਾਥ ਸ਼ਿੰਦੇ ਵਾਲੇ ਵਿਧਾਇਕ ਤਾਂ ਆਪਸ ਵਿੱਚ ਹੀ ਜੱੁਤੀਓ-ਜੁੱਤੀ ਹੋ ਰਹੇ ਹਨ | ਹਾਲਤ ਇਹ ਬਣ ਗਈ ਹੈ ਕਿ ਵਿਧਾਇਕਾਂ ਵਿੱਚ ਹੋਈ ਮਾਰ-ਕੁਟਾਈ ਤੋਂ ਬਾਅਦ ਰਾਸ਼ਟਰਪਤੀ ਨੂੰ ਮਿਲਣ ਦਿੱਲੀ ਜਾ ਰਹੇ ਏਕਨਾਥ ਸ਼ਿੰਦੇ ਨੂੰ ਨਾਗਪੁਰੋਂ ਹੀ ਵਾਪਸ ਮੁੜਨਾ ਪਿਆ ਸੀ | ਜਾਪਦਾ ਇਹੋ ਹੈ ਕਿ ਭਾਜਪਾ ਵੱਲ ਗਏ ਇਨ੍ਹਾਂ ਦਲਬਦਲੂਆਂ ਦਾ ਹਾਲ ‘ਨਾ ਘਰ ਦੇ ਰਹੇ ਨਾ ਘਾਟ ਦੇ’ ਵਾਲਾ ਹੋਵੇਗਾ |
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here