ਪ੍ਰਧਾਨ ਮੰਤਰੀ ਖਿਲਾਫ ਅਪਮਾਨਜਨਕ ਟਿੱਪਣੀ ਨੂੰ ਦੇਸ਼ਧ੍ਰੋਹ ਨਹੀਂ ਕਹਿ ਸਕਦੇ : ਹਾਈ ਕੋਰਟ

0
171

ਬੇਂਗਲੁਰੂ : ਕਰਨਾਟਕ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਟਿੱਪਣੀ ‘ਤੇ ਸਕੂਲ ਮੈਨੇਜਮੈਂਟ ਖਿਲਾਫ ਦੇਸ਼ਧ੍ਰੋਹ ਦਾ ਕੇਸ ਰੱਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਖਿਲਾਫ ਕਹੇ ਗਏ ਸ਼ਬਦ ਅਪਮਾਨਜਨਕ ਤੇ ਗੈਰਜ਼ਿੰਮੇਦਾਰਾਨਾ ਸਨ ਪਰ ਇਸ ਨੂੰ ਦੇਸ਼ਧ੍ਰੋਹ ਨਹੀਂ ਕਿਹਾ ਜਾ ਸਕਦਾ | ਹਾਈ ਕੋਰਟ ਦੀ ਕਲਬੁਰਗੀ ਬੈਂਚ ਦੇ ਜਸਟਿਸ ਹੇਮੰਤ ਚੰਦਨਗੌਦਰ ਨੇ ਬੀਦਰ ਦੇ ਸ਼ਾਹੀਨ ਸਕੂਲ ਦੀ ਮੈਨੇਜਮੈਂਟ ਦੇ ਅਲਾਊਦੀਨ, ਅਬਦੁਲ ਖਲਿਕ, ਮੁਹੰਮਦ ਬਿਲਾਲ ਇਨਾਮਦਾਰ ਤੇ ਮੁਹੰਮਦ ਮਹਿਤਾਬ ਖਿਲਾਫ ਨਿਊ ਟਾਊਨ ਪੁਲਸ ਸਟੇਸ਼ਨ ‘ਚ ਦਰਜ ਐਫ ਆਈ ਆਰ ਨੂੰ ਰੱਦ ਕਰ ਦਿੱਤਾ |
ਜਸਟਿਸ ਚੰਦਨਗੌਦਰ ਨੇ ਕਿਹਾ—ਨਾਟਕ ਦੌਰਾਨ ਦਿੱਤਾ ਗਿਆ ਬਿਆਨ ਕਿ ਪ੍ਰਧਾਨ ਨੂੰ ਜੁੱਤੀਆਂ ਨਾਲ ਮਾਰਿਆ ਜਾਣਾ ਚਾਹੀਦਾ ਹੈ, ਨਾ ਸਿਰਫ ਅਪਮਾਨਜਨਕ ਸਗੋਂ ਗੈਰਜ਼ਿੰਮੇਦਾਰਾਨਾ ਵੀ ਸੀ ਪਰ ਤਾਜ਼ੀਰਾਤੇ ਹਿੰਦ ਦੀ ਦਫਾ 124-ਏ (ਦੇਸ਼ਧ੍ਰੋਹ) ਉਸ ਸਥਿਤੀ ਵਿਚ ਲਾਗੂ ਕੀਤੀ ਜਾ ਸਕਦੀ ਹੈ ਜਦ ਕਿਸੇ ਸ਼ਖਸ ਦੇ ਸ਼ਬਦਾਂ ਜਾਂ ਪ੍ਰਗਟਾਵੇ ਵਿਚ ਬਦਅਮਨੀ ਪੈਦਾ ਕਰਨ ਦੀ ਹਾਨੀਕਾਰਕ ਪਰਬਿਰਤੀ ਜਾਂ ਇਰਾਦਾ ਹੋਵੇ | ਨਾਗਰਿਕ ਨੂੰ ਸਰਕਾਰ ਤੇ ਉਸਦੇ ਅਹੁਦੇਦਾਰਾਂ ਵੱਲੋਂ ਚੁੱਕੇ ਗਏ ਕਦਮਾਂ ਦੀ ਅਲੋਚਨਾ ਜਾਂ ਟਿੱਪਣੀ ਕਰਨ ਦਾ ਅਧਿਕਾਰ ਹੈ ਪਰ ਉਹ ਸਰਕਾਰ ਖਿਲਾਫ ਜਾਂ ਜਨਤਕ ਅਵਿਵਸਥਾ ਪੈਦਾ ਕਰਨ ਦੇ ਇਰਾਦੇ ਨਾਲ ਲੋਕਾਂ ਨੂੰ ਹਿੰਸਾ ਲਈ ਉਕਸਾਉਂਦੀ ਨਾ ਹੋਵੇ |
ਸ਼ਾਹੀਨ ਸਕੂਲ ਵਿਚ 2020 ‘ਚ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਅਤੇ ਐੱਨ ਆਰ ਸੀ ਨੂੰ ਲੈ ਕੇ ਬੱਚਿਆਂ ਨੇ ਨਾਟਕ ਖੇਡਿਆ ਸੀ | ਇਸਦੇ ਬਾਅਦ ਦੋਸ਼ ਲੱਗਾ ਕਿ ਸਕੂਲ ਦੇਸ਼ ਦੇ ਖਿਲਾਫ ਕੰਮ ਕਰਕੇ ਨਕਾਰਾਤਮਕ ਗੱਲਾਂ ਫੈਲਾ ਰਿਹਾ ਹੈ | ਸ਼ਾਹੀਨ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਪੁਲਸ ਹਰ ਸਕੂਲ ਆਉਂਦੀ ਸੀ ਤੇ ਬੱਚਿਆਂ ਨਾਲ ਦੇਸ਼ਧ੍ਰੋਹੀ ਦੀ ਤਰ੍ਹਾਂ ਵਿਹਾਰ ਕਰਦੀ ਸੀ | ਸਕੂਲ ਖਿਲਾਫ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਸੀ ਏ ਏ ਖਿਲਾਫ ਚੌਥੀ ਜਮਾਤ ਦੇ ਬੱਚਿਆਂ ਵੱਲੋਂ ਖੇਡਿਆ ਗਿਆ ਨਾਟਕ ਫਿਰਕੂ ਨੌਈਅਤ ਦਾ ਸੀ | ਮੰਚ ‘ਤੇ ਪ੍ਰਧਾਨ ਮੰਤਰੀ ਖਿਲਾਫ ਨਾਅਰੇ ਲੱਗੇ ਸਨ | ਪੁਲਸ ਨੇ ਤਾਜ਼ੀਰਾਤੇ ਹਿੰਦ ਦੀ ਦਫਾ 504, 505 (2), 124 (ਏ) ਅਤੇ 153 (ਏ) ਤਹਿਤ ਕੇਸ ਦਰਜ ਕੀਤਾ ਸੀ |
ਜਸਟਿਸ ਚੰਦਨਗੌਦਰ ਨੇ ਕਿਹਾ ਕਿ ਦਫਾ 153 (ਏ) ਲਾਉਣ ਦੀ ਵੀ ਕੋਈ ਤੁੱਕ ਨਜ਼ਰ ਨਹੀਂ ਆਈ | ਇਹ ਦਫਾ ਧਾਰਮਕ ਗਰੁੱਪਾਂ ਵਿਚਾਲੇ ਪਾੜਾ ਪਾਉਣ ‘ਤੇ ਲਾਈ ਜਾਂਦੀ ਹੈ |
ਉਂਜ ਜਸਟਿਸ ਚੰਦਨਗੌਦਰ ਨੇ ਸਕੂਲਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੱਚਿਆਂ ਨੂੰ ਸਰਕਾਰ ਦੀ ਨੁਕਤਾਚੀਨੀ ਤੋਂ ਦੂਰ ਰੱਖਣ | ਅਜਿਹੇ ਨਾਟਕ ਖਿਡਾਉਣ ਜਿਹੜੇ ਉਨ੍ਹਾਂ ਦਾ ਪੜ੍ਹਾਈ ਵੱਲ ਦਿਲਚਸਪੀ ਵਧਾਉਣ | ਚਲੰਤ ਸਿਆਸੀ ਮੁੱਦਿਆਂ ਤੋਂ ਬੱਚਿਆਂ ਨੂੰ ਦੂਰ ਰੱਖਣ | ਉਨ੍ਹਾਂ ਨੂੰ ਗਿਆਨ ਤੇ ਟੈਕਨਾਲੋਜੀ ਨਾਲ ਲੈਸ ਕਰਨ, ਜਿਸ ਨਾਲ ਭਵਿੱਖ ‘ਚ ਉਨ੍ਹਾਂ ਨੂੰ ਲਾਭ ਮਿਲੇ |

LEAVE A REPLY

Please enter your comment!
Please enter your name here