ਮਾਨਸਾ (ਆਤਮਾ ਸਿੰਘ ਪਮਾਰ)
ਕੇਂਦਰ ਦੀ ਮੋਦੀ ਸਰਕਾਰ ਤੇ ਸੂਬਾਈ ਸਰਕਾਰਾਂ ਦੇਸ਼ ਵਿੱਚ ਵਧ ਰਹੀ ਬੇਰੁਜ਼ਗਾਰੀ ਤੋਂ ਬਿਲਕੁਲ ਚਿੰਤਤ ਵਿਖਾਈ ਨਹੀਂ ਦੇ ਰਹੀਆਂ ਤੇ ਹਰ ਵਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਝੂਠੇ ਦਾਅਵੇ ਕਰਕੇ ਸੱਤਾ ’ਤੇ ਕਾਬਜ਼ ਹੋ ਰਹੀਆਂ ਹਨ, ਪ੍ਰੰਤੂ ਨੌਜਵਾਨਾਂ ਦਾ ਭਵਿੱਖ ਹਨੇਰੇ ਵੱਲ ਜਾ ਰਿਹਾ ਹੈ, ਬੇਰੁਜ਼ਗਾਰ ਨੌਜਵਾਨਾਂ ਦੇ ਭਵਿੱਖ ਦਾ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਸਥਾਪਨਾ ਹੀ ਪੱਕਾ ਹੱਲ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸਰਬ ਭਾਰਤ ਨੌਜਵਾਨ ਸਭਾ ਦੀ ਜ਼ਿਲ੍ਹਾ ਕਾਨਫਰੰਸ ਮੌਕੇ ਜੁੜੇ ਨੌਜਵਾਨ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਸਾਥੀ ਅਰਸ਼ੀ ਨੇ ਚਿੰਤਾ ਜ਼ਾਹਿਰ ਕੀਤੀ ਕਿ ਮੋਦੀ ਸਰਕਾਰ ਵੱਲੋਂ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦਾ ਦਾਅਵਾ ਕੀਤਾ ਗਿਆ ਸੀ, ਪ੍ਰੰਤੂ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਬਜਾਇ ਕੇਵਲ ਕਾਰਪੋਰੇਟ ਘਰਾਣਿਆਂ ਨੂੰ ਪਬਲਿਕ ਸੈਕਟਰ ਤੋੜ ਕੇ ਉਸ ਦੇ ਹਵਾਲੇ ਕੀਤਾ ਜਾ ਰਿਹਾ ਹੈ। ਉਹਨਾ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਭਵਿੱਖ ਲਈ ਨੌਜਵਾਨ ਏਕਤਾ ਤੇ ਅਗਵਾਈ ਸਮੇਂ ਦੀ ਮੁੱਖ ਲੋੜ ਹੈ।
ਇਸ ਸਮੇਂ ਸਾਬਕਾ ਨੌਜਵਾਨ ਆਗੂ ਕਿ੍ਰਸ਼ਨ ਚੌਹਾਨ ਅਤੇ ਟਰੇਡ ਯੂਨੀਅਨ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੌਜਵਾਨ ਵਰਗ ਨੂੰ ਹਥਿਆਰ ਦੀ ਤਰ੍ਹਾਂ ਵਰਤ ਰਹੀਆਂ ਹਨ ਅਤੇ ਰੁਜ਼ਗਾਰਹੀਣ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿੱਚ ਧੱਸ ਰਹੇ ਹਨ। ਉਹਨਾਂ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ, ਸਿੱਖਿਆ ਸਿਹਤ, ਹਰ ਇੱਕ ਲਈ ਮੁਫ਼ਤ ਤੇ ਲਾਜ਼ਮੀ ਦੀ ਮੰਗ ਕਰਦਿਆਂ ਕਿਹਾ ਕਿ ਪਬਲਿਕ ਸੈਕਟਰ ਨੂੰ ਬਚਾਉਣ ਲਈ ਇਮਾਨਦਾਰੀ ਨਾਲ ਪਹਿਰਾ ਦੇਣ, ਤਾਂ ਜੋ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾ ਸਕਣ। ਇਸ ਸਮੇਂ ਕਾਨਫਰੰਸ ਰਜਿੰਦਰ ਹੀਰੇਵਾਲਾ, ਜਗਤਾਰ ਕਾਲਾ, ਹਰਪਾਲ ਫੱਤਾ ਅਤੇ ਹਰਪ੍ਰੀਤ ਮਾਨਸਾ ਦੇ ਪ੍ਰਧਾਨਗੀ ਮੰਡਲ ਹੇਠ ਹੋਈ, ਜਿਸ ਵਿੱਚ 21 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ ਅਤੇ ਹਾਜ਼ਰ ਸਾਥੀਆਂ ਵੱਲੋਂ ਜਗਤਾਰ ਕਾਲਾ ਸਰਪ੍ਰਸਤ, ਰਜਿੰਦਰ ਹੀਰੇਵਾਲਾ ਜ਼ਿਲ੍ਹਾ ਪ੍ਰਧਾਨ, ਹਰਪ੍ਰੀਤ ਮਾਨਸਾ ਜਨਰਲ ਸਕੱਤਰ, ਹਰਪਾਲ ਫੱਤਾ ਵਿੱਤ ਸਕੱਤਰ ਅਤੇ ਗੁਰਪ੍ਰੀਤ ਹੀਰਕੇ ਪ੍ਰੈੱਸ ਸਕੱਤਰ, ਬਲਵਿੰਦਰ ਕੋਟ ਧਰਮੂ, ਜਸਪ੍ਰੀਤ ਸਿੰਘ, ਦਰਸ਼ਨ ਉੱਡਤ ਮੀਤ ਪ੍ਰਧਾਨ ਤੇ ਰੋਹਿਤ ਮਾਨਸਾ, ਮਨੀ ਭੁਪਾਲ, ਸੰਦੀਪ ਕੋਟ ਧਰਮੂ ਮੀਤ ਸਕੱਤਰ, ਖੁਸ਼ਪਿੰਦਰ ਚੌਹਾਨ, ਜਿੰਦਰ ਜੋਗਾ, ਚਿਮਨ ਲਾਲ ਕਾਕਾ, ਮਨਿੰਦਰ ਫਰੀਦਕੇ, ਕਾਲਾ ਟਾਹਲੀਆਂ ਅਤੇ ਮਲਕੀਤ ਮੰਦਰਾਂ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ। ਕਾਨਫਰੰਸ ਦੌਰਾਨ ਨਸ਼ਿਆਂ ਨੂੰ ਰੋਕਣ ਅਤੇ ਪੱਕੇ ਰੁਜ਼ਗਾਰ ਲਈ ਸਰਕਾਰ ਤੋਂ ਮਤਾ ਪਾਸ ਕਰਕੇ ਭੇਜਿਆ ਗਿਆ। ਕਾਨਫਰੰਸ ਮੌਕੇ ਟਰੇਡ ਯੂਨੀਅਨ ਆਗੂ ਕਰਨੈਲ ਭੀਖੀ, ਖੇਤ ਮਜ਼ਦੂਰ ਆਗੂ ਕੇਵਲ ਸਮਾਓਂ, ਕਿਸਾਨ ਸਭਾ ਰੂਪ ਸਿੰਘ ਢਿੱਲੋਂ, ਉਸਾਰੀ ਮਿਸਤਰੀ/ ਮਜ਼ਦੂਰ ਯੂਨੀਅਨ ਦੇ ਸੁਖਦੇਵ ਮਾਨਸਾ, ਮੁਲਾਜ਼ਮ ਆਗੂ ਮੱਖਣ ਮਾਨਸਾ, ਸੁਖਦੇਵ ਪੰਧੇਰ ਅਤੇ ਰਤਨ ਭੋਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।





