ਦੇਸ਼ ਭਰ ’ਚ ਮੌਨਸੂਨ ਨਾਲ ਹਾਹਾਕਾਰ

0
188

ਨਵੀਂ ਦਿੱਲੀ : ਦੇਸ਼ ਦੇ ਕਈ ਸੂਬਿਆਂ ’ਚ ਬੀਤੇ ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਜਿੱਥੇ ਮੌਸਮ ਦੀ ਠੰਢਕ ਨਾਲ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਬਾਰਿਸ਼ ਕਾਰਨ ਕਈ ਥਾਵਾਂ ’ਤੇ ਜਲਜੀਵਨ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਬਣ ਰਹੀ ਹੈ। ਕਈ ਸੂਬਿਆਂ ’ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਬਾਰਿਸ਼ ਕਾਰਨ ਕਈ ਇਲਾਕੇ ਜਨਮਗਨ ਹੋ ਗਏ ਤਾਂ ਕਈ ਥਾਵਾਂ ’ਤੇ ਸੜਕਾਂ ਧੱਸ ਗਈਆਂ ਅਤੇ ਪਾਣੀ ’ਚ ਬਹਿ ਗਈਆਂ। ਲੋਕ ਆਪਣੇ ਘਰਾਂ ’ਚ ਕੈਦ ਹੋ ਗਏ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਆਉਣ ਵਾਲੇ ਚਾਰ ਤੋਂ ਪੰਜ ਦਿਨਾਂ ਤੱਕ ਕਈ ਸੂਬਿਆਂ ’ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ’ਚ ਮੌਸਮ ਬਦਲ ਗਿਆ ਹੈ, ਜਿੱਥੇ ਲੋਕਾਂ ਨੂੰ ਭਖਦੀ ਗਰਮੀ ਤੋਂ ਰਾਹਤ ਮਿਲੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸ਼ਨੀਵਾਰ ਨੂੰ ਵੀ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸ਼ਨੀਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮਿ੍ਰਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਜਲੰਧਰ ’ਚ ਲਗਾਤਾਰ ਸਵੇਰੇ ਤੋਂ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ 9 ਜੁਲਾਈ ਨੂੰ ਵੀ ਪੰਜਾਬ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਬਾਅਦ 10 ਜੁਲਾਈ ਤੋਂ ਮੌਸਮ ਸਾਫ਼ ਹੋ ਜਾਵੇਗਾ। ਮੌਸਮ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਸ਼ੁੱਕਰਵਾਰ ਨੂੰ ਰੂਪਨਗਰ ’ਚ 21 ਮਿਲੀਮੀਟਰ, ਗੁਰਦਾਸਪੁਰ ਤੇ ਨਵਾਂਸ਼ਹਿਰ ’ਚ 4.2 ਮਿਲੀਮੀਟਰ, ਲੁਧਿਆਣਾ ’ਚ 0.5 ਮਿਲੀਮੀਟਰ ਤੇ ਚੰਡੀਗੜ੍ਹ ’ਚ 1.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੀਹ ਪੈਣ ਦੇ ਨਾਲ ਮੌਸਮ ਠੰਢਾ ਹੋ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕਰਨਾਟਕ ’ਚ ਬਾਰਿਸ਼ ਦੇ ਚਲਦੇ ਹੁਣ ਤੱਕ 4 ਲੋਕਾਂ ਦੀ ਜਾਨ ਚਲੀ ਗਈ ਹੈ। ਉਥੇ ਹੀ ਉਤਰਾਖੰਡ ’ਚ 154 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਅਸਾਮ ਦੇ 6 ਜ਼ਿਲ੍ਹਿਆਂ ’ਚ 121 ਪਿੰਡਾਂ ਦੇ ਕਰੀਬ 22 ਹਜ਼ਾਰ ਲੋਕ ਹੜ੍ਹ ਨਾਲ ਪ੍ਰਭਾਵਤ ਹਨ। ਕਸ਼ਮੀਰ ’ਚ ਖਰਾਬ ਮੌਸਮ ਕਾਰਨ ਅਮਰਨਾਥ ਯਾਤਰਾ ਲਗਾਤਾਰ ਦੂਜੇ ਦਿਨ ਵੀ ਰੋਕ ਦਿੱਤੀ ਗਈ ਹੈ। ਭਾਰੀ ਬਾਰਿਸ਼ ਦੇ ਬਾਵਜੂਦ ਹੁਣ ਤੱਕ 84 ਹਜ਼ਾਰ 768 ਯਾਤਰੀ ਦਰਸ਼ਨ ਕਰ ਚੁੱਕੇ ਹਨ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਲਈ ‘ਰੈੱਡ’ ਅਲਰਟ ਜਾਰੀ ਕਰਦਿਆਂ ਕਿਹਾ ਕਿ ਚੰਬਾ, ਕਾਂਗੜਾ, ਕੁੱਲੂ, ਮੰਡੀ, ਊਨਾ, ਹਮੀਰਪੁਰ ਅਤੇ ਬਿਲਾਸਪੁਰ ਜ਼ਿਲ੍ਹਿਆਂ ’ਚ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਵਿਭਾਗ ਨੇ ਸ਼ਿਮਲਾ, ਸਿਰਮੌਰ, ਸੋਲਨ ਅਤੇ ਲਾਹੌਲ ਅਤੇ ਸਪਿਤੀ ਲਈ ‘ਔਰੇਂਜ’ ਅਲਰਟ ਜਾਰੀ ਕਰਦੇ ਹੋਏ 9 ਜੁਲਾਈ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ ਤੇ ਸੂਬੇ ’ਚ 13 ਜੁਲਾਈ ਤੱਕ ਬਰਸਾਤ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

LEAVE A REPLY

Please enter your comment!
Please enter your name here