ਨਵੀਂ ਦਿੱਲੀ : ਮਹਾਰਾਸ਼ਟਰ ’ਚ ਜਾਰੀ ਸਿਆਸੀ ਖਿੱਚੋਤਾਣ ਵਿਚਾਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ ਸੀ ਪੀ) ਦੇ ਪ੍ਰਮੁੱਖ ਸ਼ਰਦ ਪਵਾਰ ਨੇ ਇੱਕ ਨਿੱਜੀ ਟੀ ਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2014, 2017 ਅਤੇ 2019 ਦੀਆਂ ਚੋਣਾਂ ’ਚ ਉਨ੍ਹਾ ਦੀ ਭਾਜਪਾ ਨਾਲ ਗੱਲਬਾਤ ਹੋਈ ਸੀ, ਪਰ ਵਿਚਾਰਧਾਰਾ ਵੱਖਰੀ ਹੋਣ ਕਾਰਨ ਗੱਲ ਅੱਗੇ ਨਹੀਂ ਵਧੀ। ਅਜੀਤ ਪਵਾਰ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਰਦ ਪਵਾਰ ਨੇ ਕਿਹਾ ਕਿ ਉਹ 82 ਸਾਲ ਦੀ ਉਮਰ ’ਚ ਵੀ ਕੰਮ ਕਰ ਸਕਦੇ ਹਨ। ਸ਼ਰਦ ਪਵਾਰ ਦੀ ਇਹ ਟਿੱਪਣੀ ਅਜੀਤ ਪਵਾਰ ਦੇ ਉਸ ਬਿਆਨ ਦੇ ਸੰਦਰਭ ’ਚ ਆਈ, ਜਿਸ ’ਚ ਅਜੀਤ ਪਵਾਰ ਨੇ ਕਿਹਾ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਸ਼ਰਦ ਪਵਾਰ ਨੂੰ ਰਾਜਨੀਤੀ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਅਤੇ ਉਹ ਐੱਨ ਸੀ ਪੀ ਦੀ ਕਮਾਨ ਉਨ੍ਹਾ ਨੂੰ ਸੌਂਪ ਦੇਣ। ਸ਼ਰਦ ਪਵਾਰ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਹਾਲੇ ਬੁੱਢਾ ਨਹੀਂ ਹੋਇਆ। ਉਨ੍ਹਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਕਿਹਾ, ‘ਨਾ ਟਾਈਰਡ ਹੂੰ, ਨਾ ਰਿਟਾਇਰਡ ਹੂੰ।’ ਐੱਨ ਸੀ ਪੀ ਮੁਖੀ ਨੇ ਕਿਹਾ ਕਿ ਉਹ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾ ਕੋਲ ਕੋਈ ਮੰਤਰੀ ਅਹੁਦਾ ਨਹੀਂ। ਉਨ੍ਹਾ ਕਿਹਾ ਕਿ, ‘ਮੈਨੂੰ ਰਿਟਾਇਰ ਹੋਣ ਲਈ ਕਹਿਣ ਵਾਲੇ ਉਹ ਕੌਣ ਹਨ? ਮੈਂ ਹਾਲੇ ਵੀ ਕੰਮ ਕਰ ਸਕਦਾ ਹਾਂ।’ ਉਨ੍ਹਾ ਕਿਹਾ ਕਿ ਜੇਕਰ ਪਾਰਟੀ ਪ੍ਰਧਾਨ ਦੇ ਰੂਪ ’ਚ ਮੇਰੀ ਨਿਯੁਕਤੀ ਗੈਰ-ਕਾਨੂੰਨੀ ਹੈ ਤਾਂ ਪ੍ਰਫੁੱਲ ਪਟੇਲ ਅਤੇ ਹੋਰਨਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਗੈਰ-ਕਾਨੂੰਨੀ ਹਨ। ਸ਼ਰਦ ਪਵਾਰ ਨੇ ਕਿਹਾ ਕਿ ਉਹ ਪ੍ਰਫੁੱਲ ਪਟੇਲ ਹੀ ਸਨ, ਜਿਨ੍ਹਾ ਪ੍ਰਧਾਨਗੀ ਦੇ ਅਹੁਦੇ ਲਈ ਮੇਰਾ ਨਾਂਅ ਪੇਸ਼ ਕੀਤਾ ਅਤੇ ਮੈਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ’ਚ ਸਹਿਮਤੀ ਨਾਲ ਚੁਣਿਆ ਗਿਆ। ਸ਼ਰਦ ਪਵਾਰ ਨੇ ਭਾਜਪਾ ’ਤੇ ਵੀ ਨਿਸ਼ਾਨਾ ਲਾਇਆ। ਉਨ੍ਹਾ ਕਿਹਾ ਕਿ ਅਜੀਤ ਅਤੇ ਹੋਰ ਉਨ੍ਹਾ ਦੇ ਗੁੱਟ ਪ੍ਰਮੁੱਖ ਨੇਤਾਵਾਂ ਵੱਲੋਂ ਮੇਰੇ ’ਤੇ ਵਿਅਕਤੀਗਤ ਹਮਲੇ ਭਾਜਪਾ ਦੇ ਇਸ਼ਾਰੇ ’ਤੇ ਕੀਤੇ ਜਾ ਰਹੇ ਹਨ।





