ਮੁਹਾਲੀ ’ਚ ਫੌਜ ਤਲਬ

0
204

ਚੰਡੀਗੜ੍ਹ (ਗੁਰਜੀਤ ਬਿੱਲਾ)
ਮੁਹਾਲੀ ਵਿਚ ਲੋਕਾਂ ਨੂੰ ਬਚਾਉਣ ਲਈ ਫੌਜ ਦੀ ਮਦਦ ਮੰਗ ਲਈ ਗਈ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਰਕਾਰ ਨੂੰ ਕਿਹਾ ਸੀ ਕਿ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਾਣੀ ਸ਼ਹਿਰ ਤੇ ਪਿੰਡਾਂ ’ਚ ਲੋਕਾਂ ਦੇ ਘਰਾਂ ’ਚ ਵੜਨ ਲੱਗ ਪਿਆ ਹੈ। ਇਸ ਤੋਂ ਬਾਅਦ ਗ੍ਰਹਿ ਸਕੱਤਰ ਨੇ ਪੱਛਮੀ ਕਮਾਨ ਦੇ ਮੁਖੀ ਦੇ ਸਲਾਹਕਾਰ ਨੂੰ ਫੌਜ ਮੁਹੱਈਆ ਕਰਨ ਦੀ ਬੇਨਤੀ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਮੰਤਰੀਆਂ, ਵਿਧਾਇਕਾਂ ਤੇ ਅਫਸਰਾਂ ਨੂੰ ਲੋਕਾਂ ’ਚ ਜਾ ਕੇ ਮਦਦ ਕਰਨ ਦੇ ਆਦੇਸ਼ ਦਿੱਤੇ ਹਨ। ਡੀ ਸੀ ਤੇ ਐੱਸ ਐੱਸ ਪੀ ਨੂੰ ਵੀ ਫੀਲਡ ’ਤੇ ਰਾਹਤ ਕਾਰਜ ਤੇਜ਼ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਨੀਵੇਂ ਤੇ ਦਰਿਆਵਾਂ ਨਾਲ ਲੱਗਦੇ ਇਲਾਕਿਆਂ ’ਚ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਵੱਲੋਂ ਹਾਲਾਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਡੇਰਾ ਬੱਸੀ ਅਤੇ ਜ਼ੀਰਕਪੁਰ ਖੇਤਰ ’ਚ ਦੋ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਨਾਲ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਦੋਵਾਂ ਖੇਤਰਾਂ ’ਚ ਲੰਘ ਰਹੇ ਨਦੀ, ਨਾਲੇ ਅਤੇ ਬਰਸਾਤੀ ਚੋਅ ਪੂਰੇ ਭਰ ਕੇ ਚੱਲ ਰਹੇ ਹਨ। ਦੋਵਾਂ ਸ਼ਹਿਰਾਂ ਵਿਚ ਕਈ ਰਿਹਾਇਸ਼ੀ ਸੁਸਾਇਟੀਆਂ ਪਾਣੀ ਵਿਚ ਡੁੱਬ ਗਈਆਂ ਹਨ। ਸਭ ਤੋਂ ਮਾੜੀ ਹਾਲਤ ਡੇਰਾ ਬੱਸੀ-ਹੈਬਤਪੁਰ ਸੜਕ ’ਤੇ ਗੁਲਮੋਹਰ ਸਿਟੀ ਐਕਸਟੈਂਸ਼ਨ ਵਿਚ ਬਣੀ ਹੋਈ ਹੈ। ਪੂਰੀ ਸੁਸਾਇਟੀ ਪਾਣੀ ’ਚ ਡੁੱਬ ਗਈ ਹੈ ਅਤੇ ਲੋਕ ਅਪਣੇ ਫਲੈਟ ਵਿੱਚ ਫਸ ਕੇ ਰਹਿ ਗਏ ਹਨ। ਪ੍ਰਸ਼ਾਸਨ ਵੱਲੋਂ ਕਿਸ਼ਤੀ ਦੀ ਮਦਦ ਨਾਲ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜ਼ੀਰਕਪੁਰ ਦੇ ਗੁਰਦੇਵ ਨਗਰ, ਸ਼ਿਵਾਲਿਕ ਵਿਹਾਰ, ਵੀ ਆਈ ਪੀ ਰੋਡ, ਬਲਟਾਣਾ ਖੇਤਰ, ਗਾਜੀਪੁਰ ਸਣੇ ਕਈ ਖੇਤਰਾਂ ’ਚ ਪਾਣੀ ਭਰ ਗਿਆ ਹੈ। ਡੇਰਾ ਬੱਸੀ ਦੇ ਦਰਜਨਾਂ ਪਿੰਡਾਂ ’ਚ ਹਾਲਾਤ ਬਦ ਤੋਂ ਬਦਤਰ ਨਜ਼ਰ ਆ ਰਹੇ ਹਨ, ਜਦਕਿ ਪ੍ਰਸ਼ਾਸਨ ਲਾਚਾਰ ਨਜ਼ਰ ਆ ਰਿਹਾ ਹੈ। ਡੇਰਾ ਬੱਸੀ ਤੋਂ ਲੰਘ ਰਹੀ ਘੱਗਰ ਨਦੀ ’ਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ, ਜੋ ਨੇੜਲੇ ਪਿੰਡਾਂ ਲਈ ਖਤਰੇ ਦੀ ਘੰਟੀ ਹੈ। ਲਾਲੜੂ ਖੇਤਰ ਵਿੱਚੋਂ ਲੰਘਦੀ ਘੱਗਰ, ਟਾਂਗਰੀ ਤੇ ਝਰਮਲ ਨਦੀਆਂ ਸਮੇਤ ਬਰਸਾਤੀ ਚੋਆਂ ’ਚ ਲਗਾਤਾਰ ਬਰਸਾਤੀ ਪਾਣੀ ਦੀ ਆਮਦ ਵਧਣ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ।
ਚੰਡੀਗੜ੍ਹ ’ਚ ਪਿਛਲੇ 24 ਘੰਟਿਆਂ ਦੌਰਾਨ ਪਏ ਮੀਂਹ ਨੇ ਪਿਛਲੇ 23 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਭਾਰੀ ਮੀਂਹ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ’ਚ ਪਿਛਲੇ 24 ਘੰਟਿਆਂ ਦੌਰਾਨ 322.2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਹਿਰ ’ਚ 18 ਜੁਲਾਈ 2000 ਨੂੰ 262 ਮਿਲੀਮੀਟਰ ਮੀਂਹ ਪਿਆ ਸੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੇ ਸਰਕਾਰੀ ਅਧਿਕਾਰੀਆਂ ਦੀ ਐਤਵਾਰ ਦੀ ਛੁੱਟੀ ਰੱਦ ਕਰਦਿਆਂ ਉਨ੍ਹਾਂ ਨੂੰ ਫੀਲਡ ਵਿਚ ਜਾਣ ਦੀ ਹਦਾਇਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਨੂੰ ਹਰੇਕ ਮੌਨਸੂਨ ਦੌਰਾਨ ਕੁੱਲ ਮੀਂਹ ਦਾ 15 ਫੀਸਦ ਮਿਲਦਾ ਹੈ, ਜੋ ਪਿਛਲੇ 12 ਘੰਟਿਆਂ ਦੌਰਾਨ ਪੈ ਚੁੱਕਾ ਹੈ। ਦਿੱਲੀ ’ਚ ਪਿਛਲੇ 24 ਘੰਟਿਆਂ ਦੌਰਾਨ ਐਤਵਾਰ ਸਵੇਰੇ ਅੱਠ ਵਜੇ ਤੱਕ 153 ਮਿਲੀਮੀਟਰ ਮੀਂਹ ਪੈ ਚੁੱਕਾ ਸੀ। ਮੌਸਮ ਵਿਭਾਗ ਮੁਤਾਬਕ ਜੁਲਾਈ 1982 ਮਗਰੋਂ ਇਹ ਇਕ ਦਿਨ ’ਚ ਪਏ ਮੀਂਹ ਦਾ ਸਿਖਰਲਾ ਅੰਕੜਾ ਹੈ। 25 ਜੁਲਾਈ 1982 ’ਚ 169.9 ਮਿਲੀਮੀਟਰ ਮੀਂਹ ਪਿਆ ਸੀ। 2003 ’ਚ 133.4 ਤੇ 2013 ’ਚ 123.4 ਮਿਲੀਮੀਟਰ ਮੀਂਹ ਪਿਆ ਸੀ। ਜੰਮੂ-ਕਸ਼ਮੀਰ ਦੇ ਪੁਣਛ ’ਚ ਦੋ ਫੌਜੀ ਪੋਸ਼ਾਨਾ ਨਦੀ ਪਾਰ ਕਰਦੇ ਡੁੱਬ ਗਏ। ਹਿਮਾਚਲ ’ਚ 5, ਜੰਮੂ ’ਚ 2 ਅਤੇ ਯੂ ਪੀ ’ਚ 4 ਮੌਤਾਂ ਦੀਆਂ ਰਿਪੋਰਟਾਂ ਸਨ।
ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਕੋਟਗੜ੍ਹ ਇਲਾਕੇ ’ਚ ਢਿਗਾਂ ਡਿੱਗਣ ਕਰਕੇ ਇਕ ਘਰ ’ਚ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਕੁੱਲੂ ਕਸਬੇ ’ਚ ਵੀ ਢਿਗਾਂ ਡਿੱਗਣ ਕਰਕੇ ਇਕ ਘਰ ’ਚ ਰਹਿੰਦੀ ਮਹਿਲਾ ਦੀ ਮੌਤ ਹੋ ਗਈ। ਸਨਿੱਚਰਵਾਰ ਰਾਤ ਚੰਬਾ ’ਚ ਕਾਤਿਆਨ ਤਹਿਸੀਲ ਵਿਚ ਢਿਗਾਂ ਡਿੱਗਣ ਕਰ ਕੇ ਇਕ ਵਿਅਕਤੀ ਮਲਬੇ ਹੇਠਾ ਜ਼ਿੰਦਾ ਦਫਨ ਹੋ ਗਿਆ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਮੁਤਾਬਕ ਪਿਛਲੇ 36 ਘੰਟਿਆਂ ’ਚ 13 ਥਾਵਾਂ ’ਤੇ ਢਿਗਾਂ ਡਿੱਗਣ ’ਤੇ 9 ਥਾਈਂ ਹੜ੍ਹ ਆਉਣ ਦੀਆਂ ਰਿਪੋਰਟਾਂ ਹਨ। ਮੰਡੀ, ਕੁੱਲੂ ਅਤੇ ਲਾਹੌਲ ਤੇ ਸਪਿਤੀ ਜ਼ਿਲ੍ਹਿਆਂ ’ਚ ਨਿੱਜੀ ਤੇ ਸਰਕਾਰੀ ਜਾਇਦਾਦ ਨੂੰ ਵੱਡਾ ਨੁਕਸਾਨ ਪੁੱਜਾ ਹੈ। ਮਨਾਲੀ ਨੇੜੇ ਬਾਹਾਂਗ ’ਚ ਹੜ੍ਹ ਕਰਕੇ ਕਈ ਦੁਕਾਨਾਂ ਰੁੜ੍ਹ ਗਈਆਂ। ਕੁੱਲੂ ਜ਼ਿਲ੍ਹੇ ਦੇ ਪਾਟਲੀਕੁਹਲ ਨੇੜੇ ਉਸਾਰੀ ਅਧੀਨ ਘਰ ਬਿਆਸ ਦਰਿਆ ’ਚ ਹੜ੍ਹ ਗਿਆ। ਪੰਡੋਹ ਡੈਮ ਅਥਾਰਟੀਜ਼ ਨੇ ਵਾਧੂ ਪਾਣੀ ਛੱਡਣ ਲਈ ਫਲੱਡ ਗੇਟ ਖੋਲ੍ਹ ਦਿੱਤੇ ਹਨ। ਨਤੀਜੇ ਵਜੋਂ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਤੇ ਚਲੇ ਗਿਆ। ਮੀਂਹ ਕਰਕੇ ਪੰਡੋਹ ਬਾਜ਼ਾਰ ਪਾਣੀ ’ਚ ਡੁੱਬ ਗਿਆ। ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਪਰਵਾਰ ਦੇ ਛੇ ਜੀਆਂ ਨੂੰ ਹੜ੍ਹ ਦੇ ਪਾਣੀ ’ਚੋਂ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਬੰਜਾਰ ਸਬਜ਼ੀ ਮੰਡੀ ਵੀ ਹੜ੍ਹ ਦੇ ਪਾਣੀ ਨਾਲ ਘਿਰ ਗਈ। ਅਖਾੜਾ ਬਾਜ਼ਾਰ ਪਾਰਕਿੰਗ ’ਚ ਇਕ ਕਾਰ ਬਿਆਸ ’ਚ ਰੁੜ੍ਹ ਗਈ। ਚੰੰਡੀਗੜ੍ਹ-ਮਨਾਲੀ ਹਾਈਵੇ ਮੰਡੀ ਤੇ ਪੰਡੋਹਰ ਦਰਮਿਆਨ ਵੱਡੀਆਂ ਢਿਗਾਂ ਡਿੱਗਣ ਕਰਕੇ ਆਵਾਜਾਈ ਲਈ ਬੰਦ ਹੋ ਗਿਆ ਹੈ। ਬੰਜਾਰ ਨੇੜੇ ਢਿਗਾਂ ਡਿੱਗਣ ਕਰਕੇ ਔਤ-ਲੁਹਰੀ ਹਾਈਵੇ ਬੰਦ ਹੋ ਗਿਆ ਹੈ। ਲਾਹੌਲ ਤੇ ਸਪਿਤੀ, ਲੋਸਾਰ ’ਚ ਸੱਜਰੀ ਬਰਫਬਾਰੀ ਕਰਕੇ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਹਿਮਾਚਲ ’ਚ ਤਿੰਨ ਕੌਮੀ ਸ਼ਾਹਰਾਹਾਂ ਸਣੇ ਕੁੱਲ 736 ਸੜਕਾਂ ਆਵਾਜਾਈ ਲਈ ਬੰਦ ਹਨ। 1743 ਦੇ ਕਰੀਬ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਨੂੰ ਵੀ ਨੁਕਸਾਨ ਪੁੱਜਾ ਹੈ, ਜਿਸ ਕਰਕੇ ਕਈ ਥਾਈਂ ਬਿਜਲੀ ਗੁਲ ਹੈ। ਰਾਵੀ, ਬਿਆਸ, ਸਤਲੁਜ ਤੇ ਝਨਾਂ ਸਣੇ ਸਾਰੀਆਂ ਪ੍ਰਮੁੱਖ ਨਦੀਆਂ ਤੇ ਨਾਲੇ ਚੜ੍ਹੇ ਹੋਏ ਹਨ ਅਤੇ ਆਮ ਲੋਕਾਂ ਤੇ ਯਾਤਰੀਆਂ ਨੂੰ ਨਦੀਆਂ ਨਾਲਿਆਂ ਨੇੇੜੇ ਜਾਣ ਵਿਰੁੱਧ ਚੇਤਾਵਨੀ ਦਿੱਤੀ ਗਈ ਹੈ।

LEAVE A REPLY

Please enter your comment!
Please enter your name here