ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਮਨੀਪੁਰ ਸੜ ਰਿਹਾ ਹੈ। ਪਹਿਲੇ 15 ਦਿਨਾਂ ਦੌਰਾਨ ਹੀ ਉਥੇ 100 ਤੋਂ ਵੱਧ ਲੋਕ ਮਾਰੇ ਗਏ ਸਨ। ਅਸਪੱਸ਼ਟ ਖ਼ਬਰਾਂ ਮੁਤਾਬਕ ਮਰਨ ਵਾਲਿਆਂ ਦਾ ਅੰਕੜਾ 150 ਦੇ ਕਰੀਬ ਪਹੁੰਚ ਚੁੱਕਾ ਹੈ। ਮੈਤੇਈ ਤੇ ਕੁੱਕੀ ਭਾਈਚਾਰਿਆਂ ਦਾ ਸੰਘਰਸ਼ ਗ੍ਰਹਿ ਯੁੱਧ ਦਾ ਰੂਪ ਧਾਰਨ ਕਰ ਚੁੱਕਾ ਹੈ। 50 ਹਜ਼ਾਰ ਦੇ ਕਰੀਬ ਘਰਾਂ ਤੋਂ ਉਜੜੇ ਲੋਕਾਂ ਨੇ ਰਾਹਤ ਕੈਂਪਾਂ ਤੇ ਮਿਜ਼ੋਰਮ ਵਿੱਚ ਸ਼ਰਨ ਲਈ ਹੋਈ ਹੈ। ਮਨੀਪੁਰ ਦੀ ਡਬਲ ਇੰਜਣ ਸਰਕਾਰ ਅਧੀਨ ਜਦੋਂ ਦੋਹਾਂ ਫਿਰਕਿਆਂ ਵਿੱਚ ਇਹ ਝਗੜਾ ਸ਼ੁਰੂ ਹੋਇਆ ਤਾਂ ਦਿੱਲੀ ਵਾਲੇ ਇੰਜਣ ਦੇ ਦੋਵੇਂ ਡਰਾਈਵਰਾਂ ਨੇ ਚੋਣ ਯੁੱਧ ਜਿੱਤਣ ਲਈ ਕਰਨਾਟਕ ਵਿੱਚ ਚੜ੍ਹਾਈ ਕੀਤੀ ਹੋਈ ਸੀ। ਕਰਨਾਟਕ ਚੋਣਾਂ ਵਿੱਚ ਮੂੰਹ ਦੀ ਖਾਣ ਤੋਂ ਬਾਅਦ ਵੀ ਚੀਫ਼ ਡਰਾਈਵਰ ਮੋਦੀ ਨੇ ਮਨੀਪੁਰ ਹਿੰਸਾ ਬਾਰੇ ਮੂੰਹ ਖੋਲ੍ਹਣ ਦੀ ਜ਼ਹਿਮਤ ਨਾ ਕੀਤੀ ਤੇ ਅਮਰੀਕਾ ਦੇ ਵਾੲ੍ਹੀਟ ਹਾਊਸ ਵਿੱਚ ਰਾਸ਼ਟਰਪਤੀ ਵੱਲੋਂ ਦਿੱਤੀ ਦਾਅਵਤ ਦਾ ਅਨੰਦ ਲੈਣ ਚਲਾ ਗਿਆ। ਅਮਰੀਕਾ ਦੇ ਦੌਰੇ ਦੌਰਾਨ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਕੀ ਖਿਚੜੀ ਪਕਾਈ, ਉਸ ਦੇ ਸੁਆਦ ਦਾ ਪੂਰਾ ਮਜ਼ਾ ਤਾਂ ਭਾਰਤੀਆਂ ਨੂੰ ਹੌਲੀ-ਹੌਲੀ ਲੱਗੇਗਾ, ਪਰ ਸ਼ੁਰੂਆਤ ਹੋ ਚੁੱਕੀ ਹੈ।
ਮਨੀਪੁਰ ਦੇ ਜਿਸ ਮਸਲੇ ਬਾਰੇ ਸਾਰਾ ਦੇਸ਼ ਮੋਦੀ ਨੂੰ ਮੂੰਹ ਖੋਲ੍ਹਣ ਲਈ ਕਹਿੰਦਾ ਰਿਹਾ, ਉਹ ਅਮਰੀਕਾ ਨੇ ਖੋਲ੍ਹ ਦਿੱਤਾ ਹੈ। ਭਾਰਤ ਵਿਚਲੇ ਅਮਰੀਕੀ ਰਾਜਦੂਤ ਐਰਿਕ ਗਰਾਸੇਟੀ ਨੇ ਸਿਰਫ਼ ਮੂੰਹ ਹੀ ਨਹੀਂ ਖੋਲ੍ਹਿਆ, ਕੋਲਕਾਤਾ ਵਿੱਚ ਬਕਾਇਦਾ ਪ੍ਰੈੱਸ ਕਾਨਫ਼ਰੰਸ ਕਰ ਪੂਰੀ ਤਰ੍ਹਾਂ ਖਲਾਰਾ ਪਾ ਦਿੱਤਾ ਹੈ। ਅੰਤਰਰਾਸ਼ਟਰੀ ਸਿਧਾਂਤਾਂ ਮੁਤਾਬਕ ਕੋਈ ਵੀ ਰਾਜਦੂਤ ਕਿਸੇ ਦੇਸ਼ ਦੇ ਘਰੇਲੂ ਮਾਮਲਿਆਂ ਵਿੱਚ ਦਖ਼ਲ ਨਹੀਂ ਦੇ ਸਕਦਾ, ਪਰ ਅਮਰੀਕੀ ਰਾਜਦੂਤ ਨੇ ਇਸ ਦੀ ਪਾਲਣਾ ਕਰਨੀ ਜ਼ਰੂਰੀ ਨਹੀਂ ਸਮਝੀ। ਇੱਕ ਪੱਤਰਕਾਰ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਗਰਾਸੇਟੀ ਨੇ ਕਿਹਾ, ‘‘ਜੇਕਰ ਤੁਸੀਂ ਮਨੀਪੁਰ ਬਾਰੇ ਅਮਰੀਕੀ ਚਿੰਤਾਵਾਂ ਜਾਣਨਾ ਚਾਹੁੰਦੇ ਹੋ ਤਾਂ ਮੇਰੇ ਹਿਸਾਬ ਨਾਲ ਇਹ ਮਾਨਵੀ ਚਿੰਤਾ ਦਾ ਵਿਸ਼ਾ ਹੈ। ਜਦੋਂ ਹਿੰਸਾ ਵਿੱਚ ਬੱਚੇ ਤੇ ਲੋਕ ਮਾਰੇ ਜਾ ਰਹੇ ਹੋਣ ਤਾਂ ਤੁਹਾਡਾ ਭਾਰਤੀ ਹੋਣਾ ਜ਼ਰੂਰੀ ਨਹੀਂ ਹੈ। ਜੇਕਰ ਸਾਡੇ ਕੋਲੋਂ ਕਿਸੇ ਪ੍ਰਕਾਰ ਦੀ ਮਦਦ ਮੰਗੀ ਗਈ ਤਾਂ ਅਸੀਂ ਤਿਆਰ ਹਾਂ। ਸਾਨੂੰ ਪਤਾ ਹੈ ਕਿ ਇਹ ਭਾਰਤੀ ਮਸਲਾ ਹੈ ਤੇ ਅਸੀਂ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਾਂ। ਜੇਕਰ ਸ਼ਾਂਤੀ ਸਥਾਪਤ ਹੋ ਜਾਂਦੀ ਹੈ ਤਾਂ ਅਸੀਂ ਜ਼ਿਆਦਾ ਸਮਝੌਤੇ, ਯੋਜਨਾਵਾਂ ਤੇ ਨਿਵੇਸ਼ ਲਿਆਉਣ ਵਿੱਚ ਸਫ਼ਲ ਹੋ ਜਾਵਾਂਗੇ।’’ ਇਹੋ ਨਹੀਂ ਉਨ੍ਹਾ ਇਹ ਵੀ ਕਹਿ ਦਿੱਤਾ ਕਿ ਇਸ ਇਲਾਕੇ ਦੀ ਹੱਦ ਕਈ ਦੇਸ਼ਾਂ ਨਾਲ ਜੁੜੀ ਹੋਣ ਕਰਕੇ ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ।
ਅਮਰੀਕੀ ਰਾਜਦੂਤ ਦੀ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਇਸ ਸੰਬੰਧੀ ਵਿਦੇਸ਼ ਮਾਮਲਿਆਂ ਦੇ ਬੁਲਾਰੇ ਅਰਿੰਦਮ ਬਾਗਚੀ ਨੂੰ ਪੁੱਛਿਆ ਤਾਂ ਉਨ੍ਹਾ ਇਹ ਕਹਿ ਕੇ ਚੁੱਪ ਵੱਟ ਲਈ ਕਿ ਮੈਨੂੰ ਕੋਈ ਜਾਣਕਾਰੀ ਨਹੀਂ। ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਰਾਜਦੂਤ ਕੋਲਕਾਤਾ ਦੀ ਯਾਤਰਾ ਕਰ ਰਿਹਾ ਹੋਵੇ ਤੇ ਪ੍ਰੈੱਸ ਕਾਨਫ਼ਰੰਸ ਵੀ ਲਾਵੇ, ਪਰ ਵਿਦੇਸ਼ ਵਿਭਾਗ ਨੂੰ ਪਤਾ ਹੀ ਨਾ ਹੋਵੇ। ਅਸਲ ਵਿੱਚ ਇਸ ਵਰਤਾਰੇ ਪਿੱਛੇ ਮੋਦੀ ਦੀ ਅਮਰੀਕਾ ਯਾਤਰਾ ਸਮੇਂ ਦੋਹਾਂ ਦੇਸ਼ਾਂ ਵਿੱਚ ਬਣੀ ਸਮਝ ਹੈ। ਮੋਦੀ ਨੇ ਸੰਸਾਰ ਪੱਧਰ ’ਤੇ ਅਮਰੀਕਾ ਦੀ ਖੁਸ ਰਹੀ ਸਰਦਾਰੀ ਤੇ ਡੁੱਬ ਰਹੇ ਅਰਥਚਾਰੇ ਨੂੰ ਠੁੰਮ੍ਹਣਾ ਦੇਣ ਲਈ ਭਾਰਤ ਦੀਆਂ ਸੇਵਾਵਾਂ ਅਰਪਣ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਇਸ ਯਾਤਰਾ ਦੌਰਾਨ ਹੋਏ ਇੱਕ ਸਮਝੌਤੇ ਅਧੀਨ ਅਮਰੀਕਾ ਦੇ ਜੰਗੀ ਜਹਾਜ਼ ਭਾਰਤੀ ਨੇਵੀ ਦੇ ਅੱਡਿਆਂ ਨੂੰ ਵਰਤ ਸਕਣਗੇ। ਉਨ੍ਹਾਂ ਨੂੰ ਭਾਰਤੀ ਨੇਵੀ ਦੇ ਅੱਡਿਆਂ ਤੋਂ ਤੇਲ ਭਰਵਾਉਣ, ਮੁਰੰਮਤ ਕਰਾਉਣ ਤੇ ਰੱਖ-ਰਖਾਅ ਤੱਕ ਦੀ ਸਹੂਲਤ ਦਿੱਤੀ ਜਾਵੇਗੀ। ਇਹੋ ਨਹੀਂ ਦਿਵਾਲੀਆ ਹੋਣ ਕੰਢੇ ਪੁੱਜ ਚੁੱਕੇ ਅਮਰੀਕਾ ਤੋਂ 10 ਗੁਣਾ ਵੱਧ ਕੀਮਤ ਉੱਤੇ ਡਰੋਨ ਖਰੀਦ ਕੇ ਮੋਦੀ ਨੇ ਆਪਣੇ ਸਵਾਗਤ ਦਾ ਮੁੱਲ ਵੀ ਤਾਰ ਦਿੱਤਾ ਹੈ। ਅਮਰੀਕੀ ਰਾਜਦੂਤ ਦੇ ਮਨੀਪੁਰ ਵਾਲੇ ਬਿਆਨ ਤੋਂ ਇਹ ਸ਼ੱਕ ਪੱਕਾ ਹੁੰਦਾ ਹੈ ਕਿ ਮੋਦੀ ਸਰਕਾਰ ਅਮਰੀਕਾ ਨਾਲ ਮਿਲ ਕੇ ਉੱਤਰ-ਪੂਰਬੀ ਰਾਜਾਂ ਵਿੱਚ ਇੱਕ ਨਵਾਂ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਅਮਰੀਕੀ ਰਾਜਦੂਤ ਦਾ ਇਹ ਕਹਿਣਾ ਕਿ ਇਸ ਇਲਾਕੇ ਦੀਆਂ ਹੱਦਾਂ ਦੂਜੇ ਦੇਸ਼ਾਂ ਨਾਲ ਲੱਗਦੀਆਂ ਹਨ, ਇਸੇ ਸੋਚ ਵੱਲ ਇਸ਼ਾਰਾ ਕਰਦਾ ਹੈ। ਮੋਦੀ ਸਰਕਾਰ ਨੇ ਇਨ੍ਹਾਂ ਕਦਮਾਂ ਰਾਹੀਂ ਸਾਡੇ ਦੇਸ਼ ਦੀ ਅਜ਼ਾਦ ਵਿਦੇਸ਼ ਨੀਤੀ ਨੂੰ ਅਮਰੀਕਾ ਨਾਲ ਨੱਥੀ ਕਰਨ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਇਹੋ ਹੀ ਹੈ ਮੋਦੀ ਦਾ ਨਿਊ ਇੰਡੀਆ।
-ਚੰਦ ਫਤਿਹਪੁਰੀ



