ਏ ਐੱਸ ਆਈ ਤੇ ਸਿਪਾਹੀ ਗਿ੍ਰਫਤਾਰ

0
191

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਸਿਟੀ ਥਾਣਾ-1 ਅਬੋਹਰ ’ਚ ਤਾਇਨਾਤ ਏ ਐੱਸ ਆਈ ਕਿ੍ਰਸ਼ਨ ਲਾਲ ਅਤੇ ਸਿਪਾਹੀ ਰਾਜ ਕੁਮਾਰ ਨੂੰ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਭੀਮ ਸੈਨ ਵਾਸੀ ਪਿੰਡ ਬਜੀਦਪੁਰ ਕੱਟਿਆਂਵਾਲੀ ਨੇ ਵਿਜੀਲੈਂਸ ਬਿਊਰੋ ਥਾਣਾ ਫਿਰੋਜਪੁਰ ਰੇਂਜ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਏ ਐੱਸ ਆਈ ਨੇ 17 ਮਾਰਚ ਨੂੰ ਉਸ ਦੇ ਮੋਬਾਈਲ ਫੋਨ ’ਤੇ ਕਾਲ ਕਰਕੇ ਕਿਹਾ ਸੀ ਕਿ ਕਿਸੇ ਔਰਤ ਨੇ ਉਸ ਖਿਲਾਫ ਛੇੜਛਾੜ ਦੀ ਸ਼ਿਕਾਇਤ ਕੀਤੀ ਹੈ। ਅਗਲੇ ਦਿਨ ਉਹ ਆਪਣੇ ਪਿੰਡ ਦੇ ਵਸਨੀਕ ਸਿਪਾਹੀ ਰਾਜ ਕੁਮਾਰ ਨੂੰ ਨਾਲ ਲੈ ਕੇ ਸਿਟੀ ਥਾਣਾ-1, ਅਬੋਹਰ ਗਿਆ। ਏ ਐੱਸ ਆਈ ਨੇ ਸ਼ਿਕਾਇਤ ਦਾ ਨਿਬੇੜਾ ਕਰਨ ਅਤੇ ਰਾਜ਼ੀਨਾਮਾ ਕਰਵਾਉਣ ਬਦਲੇ 1 ਲੱਖ ਰੁਪਏ ਰਿਸ਼ਵਤ ਮੰਗੀ। ਵਾਰ-ਵਾਰ ਬੇਨਤੀ ਕਰਨ ’ਤੇ 50,000 ਰੁਪਏ ਲੈਣ ਲਈ ਰਾਜ਼ੀ ਹੋਇਆ ਤੇ ਉਸੇ ਦਿਨ 20,000 ਰੁਪਏ ਲੈ ਲਏ। ਇਸ ਉਪਰੰਤ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਬਕਾਇਆ ਰਕਮ ਦੇਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੇ 26 ਮਾਰਚ ਨੂੰ ਕਾਂਸਟੇਬਲ ਰਾਜ ਕੁਮਾਰ ਦੇ ਮੋਬਾਈਲ ਨੰਬਰ ’ਤੇ ਗੂਗਲ ਪੇਅ ਰਾਹੀਂ 15,000 ਰੁਪਏ ਹੋਰ ਅਦਾ ਕੀਤੇ। ਜਦੋਂ ਉਸ ਨੇ ਰਾਜ਼ੀਨਾਮੇ ਦੀ ਕਾਪੀ ਮੰਗੀ ਤਾਂ ਪੁਲਸ ਮੁਲਾਜ਼ਮਾਂ ਨੇ ਬਕਾਇਆ 15,000 ਰੁਪਏ ਮੰਗੇ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਯੂਨਿਟ ਫਾਜ਼ਿਲਕਾ ਦੀ ਟੀਮ ਨੇ ਏ ਐੱਸ ਆਈ ਅਤੇ ਸਿਪਾਹੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਤੋਂ 15,000 ਰੁਪਏ ਲੈਂਦਿਆਂ ਮੌਕੇ ’ਤੇ ਕਾਬੂ ਕਰ ਲਿਆ।

LEAVE A REPLY

Please enter your comment!
Please enter your name here