ਫਰੀਦਕੋਟ (ਐਲਿਗਜੈਂਡਰ ਡਿਸੂਜਾ)
ਮਨੀਪੁਰ ਦੀ ‘ਡਬਲ ਇੰਜਣ’ ਵਾਲੀ ਭਾਜਪਾ ਸਰਕਾਰ ‘ਭਾਰਤੀ ਮਹਿਲਾ ਫੈਡਰੇਸ਼ਨ’ ਦੀ ਕੌਮੀ ਜਨਰਲ ਸਕੱਤਰ ਐਨੀ ਰਾਜਾ ਸਮੇਤ ਤਿੰਨ ਸੀਨੀਅਰ ਔਰਤ ਆਗੂਆਂ ਦੀ ਤੱਥ ਖੋਜ ਕਮੇਟੀ ’ਤੇ ਪੁਲਸ ਵੱਲੋਂ ਦਰਜ ਕੀਤੇ ਗਏ ਝੂਠੇ ਮੁਕੱਦਮੇ ਨੂੰ ਤੁਰੰਤ ਰੱਦ ਕਰੇ, ਵਰਨਾ ਦੇਸ਼-ਵਿਆਪੀ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਹ ਬਿਆਨ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿੱਚ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਨ ਬਾਅਦ ਪ੍ਰੈੱਸ ਦੇ ਨਾਂਅ ਜਾਰੀ ਕੀਤਾ। ਵਰਨਣਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਫਿਰਕੂ ਹਿੰਸਾ ਅਤੇ ਦੰਗਿਆਂ ਦੀ ਅੱਗ ਵਿਚ ਝੁਲਸ ਰਹੇ ਮਨੀਪੁਰ ਦੇ ਹਾਲਾਤ ਲਈ ਔਰਤ ਆਗੂਆਂ ਦੀ ਤਿੰਨ ਮੈਂਬਰੀ ਤੱਥ ਖੋਜ ਕਮੇਟੀ ਨੇ ਮਨੀਪੁਰ ਦਾ ਦੌਰਾ ਕਰਨ ਅਤੇ ਪੀੜਤ ਪਰਵਾਰਾਂ ਨੂੰ ਮਿਲਣ ਉਪਰੰਤ ਇਸ ਤਬਾਹੀ ਲਈ ਭਾਜਪਾ ਦੀ ਸੂਬਾ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ਤੋਂ ਬੁਖਲਾ ਕੇ ਇਹ ਝੂਠਾ ਕੇਸ ਦਰਜ ਕੀਤਾ ਗਿਆ ਹੈ। ਕਾਮਰੇਡ ਅਰਸ਼ੀ ਨੇ ਕਿਹਾ ਕਿ ਜੇ ਭਾਜਪਾ ਨੇ ਅਸਹਿਮਤੀ ਦੀ ਹਰ ਆਵਾਜ਼ ਨੂੰ ਹਕੂਮਤੀ ਜ਼ੋਰ ’ਤੇ ਦਬਾਉਣ ਦੀ ਨੀਤੀ ਜਾਰੀ ਰੱਖੀ ਤਾਂ ਉਸ ਨੂੰ ਆਉਣ ਵਾਲੇ ਦਿਨਾਂ ਵਿੱਚ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਹੋਵੇਗਾ।
ਸੀ ਪੀ ਆਈ ਦੀ ਜ਼ਿਲ੍ਹਾ ਕੌਂਸਲ ਨੂੰ ਕਾਮਰੇਡ ਅਰਸ਼ੀ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ, ਮੀਤ ਸਕੱਤਰ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਕਾਮਰੇਡ ਜਗਤਾਰ ਸਿੰਘ ਭਾਣਾ, ਦਰਸ਼ਨ ਸਿੰਘ ਜਿਊਣਵਾਲਾ, ਹਰਪਾਲ ਸਿੰਘ ਮਚਾਕੀ, ਗੁਰਚਰਨ ਸਿੰਘ ਮਾਨ, ਪ੍ਰਦੀਪ ਬਰਾੜ, ਸੁਖਦਰਸ਼ਨ ਰਾਮ, ਭਲਵਿੰਦਰ ਔਲਖ, ਜਗਤਾਰ ਸਿੰਘ ਰਾਜੋਵਾਲਾ, ਮੁਖਤਿਆਰ ਸਿੰਘ ਭਾਣਾ, ਸੁਖਜਿੰਦਰ ਸਿੰਘ ਤੂੰਬੜਭੰਨ, ਉੱਤਮ ਸਿੰਘ ਸਾਦਿਕ ਅਤੇ ਇਸਤਰੀ ਆਗੂ ਸ਼ਸ਼ੀ ਸ਼ਰਮਾ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਤਾਂ ਪਹਿਲਾਂ ਹੀ ਜਗ ਜ਼ਾਹਰ ਹਨ, ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਇਸ ਰਾਹ ’ਤੇ ਚੱਲ ਪਈ ਹੈ, ਜਿਸ ਦੇ ਖਿਲਾਫ ਏਟਕ ਸਮੇਤ ਚਾਰ ਪ੍ਰਮੁੱਖ ਟਰੇਡ ਯੂਨੀਅਨਾਂ ਵੱਲੋਂ 14 ਜੁਲਾਈ ਨੂੰ ਮੋਹਾਲੀ ਦੇ ਲੇਬਰ ਭਵਨ ਅੱਗੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਫਰੀਦਕੋਟ ਜ਼ਿਲ੍ਹੇ ਤੋਂ ਵੱਧ ਤੋਂ ਵੱਧ ਵਰਕਰਾਂ ਨੂੰ ਮੋਹਾਲੀ ਦੀ ਰੈਲੀ ਵਿੱਚ ਸ਼ਾਮਲ ਕਰਵਾਉਣ ਸੰਬੰਧੀ ਫੈਸਲੇ ਕੀਤੇ ਗਏ। ਮੀਟਿੰਗ ਵਿੱਚ ਪਿਛਲੇ ਮਹੀਨੇ ਕਾਮਰੇਡ ਅਮੋਲਕ ਸਿੰਘ ਸਮੇਤ 7 ਸ਼ਹੀਦਾਂ ਦੀ ਬਰਸੀ ਸਮਾਗਮ ਦਾ ਰੀਵਿਊ ਕਰਦੇ ਹੋਏ ਜ਼ਿਲ੍ਹੇ ਦੇ ਸਮੂਹ ਮੈਂਬਰਾਂ ਅਤੇ ਪਾਰਟੀ ਦੇ ਹਮਦਰਦ ਸਾਥੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇੱਕ ਵਿਸ਼ੇਸ਼ ਮਤੇ ਵਿੱਚ ਪੰਜਾਬ ਸਮੇਤ ਉੱਤਰੀ ਭਾਰਤ ਦੇ ਰਾਜਾਂ ਵਿੱਚ ਹੜ੍ਹਾਂ ਕਾਰਨ ਹੋ ਰਹੀ ਤਬਾਹੀ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਗਈ ਕਿ ਇਸ ਕੁਦਰਤੀ ਆਫਤ ਕਾਰਨ ਪੀੜਤ ਲੋਕਾਂ ਦੀ ਤੁਰੰਤ ਵੱਧ ਤੋਂ ਵੱਧ ਮਦਦ ਕੀਤੀ ਜਾਵੇ।





