ਪਟਿਆਲਾ : ਚਿਰਾਂ ਦੀ ਰਵਾਇਤ ਮੁਤਾਬਕ ਸ਼ਾਹੀ ਪਰਵਾਰ ਦੀ ਤਰਫੋਂ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਅਤੇ ਉਨ੍ਹਾ ਦੀ ਧੀ ਬੀਬਾ ਜੈ ਇੰਦਰ ਕੌਰ ਨੇ ਮੰਗਲਵਾਰ ਇਥੇ ਪਟਿਆਲਾ ਨਦੀ ਵਿਚ ਨੱਥ-ਚੂੜਾ ਚੜ੍ਹਾਇਆ। ਰੀਤ ਚੱਲੀ ਆ ਰਹੀ ਹੈ ਕਿ ਜਦੋਂ ਵੱਡੀ ਨਦੀ ’ਚ ਪਾਣੀ ਚੜ੍ਹ ਜਾਂਦਾ ਹੈ ਤਾਂ ਸ਼ਾਹੀ ਪਰਵਾਰ ਦੀ ਤਰਫੋਂ ਨਦੀ ਨੂੰ ਨੱਥ- ਚੂੜਾ ਚੜ੍ਹਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਰਸਮ ਅਦਾ ਕਰਨ ਤੋਂ ਬਾਅਦ ਪਾਣੀ ਉਤਰਨ ਲੱਗ ਜਾਂਦਾ ਹੈ। ਦੂਜੇ ਪਾਸੇ ਰਾਜਸੀ ਪਾਰਟੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਸ਼ਾਹੀ ਪਰਵਾਰ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਮੂਰਖ ਬਣਾਉਣ ਦੀ ਇਹ ਕਾਰਵਾਈ ਹੁਣ ਹੋਰ ਨਹੀਂ ਚੱਲੇਗੀ। ਪਟਿਆਲਾ ਨਦੀ ਵਿਚ ਵਧੇਰੇ ਪਾਣੀ ਆਉਣ ਕਰਨ ਇਲਾਕੇ ਦੇ ਕਈ ਖੇਤਰਾਂ ’ਚ ਜਲ-ਥਲ ਹੋ ਗਿਆ ਹੈ।





