ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ)-ਘੱਗਰ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਨੇ ਤਿੰਨ ਦਹਾਕੇ ਪਹਿਲਾਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ। ਸਾਲ 1993 ਵਿੱਚ ਆਏ ਭਿਆਨਕ ਹੜ੍ਹਾਂ ਦਾ ਮੰਜਰ ਹਾਲੇ ਤੱਕ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ। ਘੱਗਰ ਦਰਿਆ ਵਿੱਚ ਆਏ ਭਿਆਨਕ ਹੜ੍ਹਾਂ ਨੇ ਹਲਕਾ ਸ਼ੁਤਰਾਣਾ ਵਿੱਚ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਇੱਕ ਪਾਸੇ ਜਿੱਥੇ ਦਰਜਨ ਦੇ ਕਰੀਬ ਪਿੰਡਾਂ ਦੀਆਂ ਲਿੰਕ ਸੜਕਾਂ ਉੱਤੇ ਪਾਣੀ ਭਰ ਜਾਣ ਕਰਕੇ ਸੰਪਰਕ ਟੁੱਟ ਗਿਆ ਹੈ, ਉਥੇ ਬਾਦਸ਼ਾਹਪੁਰ ਦੇ ਬਿਜਲੀ ਗਰਿਡ ਵਿੱਚ ਪਾਣੀ ਭਰ ਜਾਣ ਕਰਕੇ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ। ਇਸੇ ਦੌਰਾਨ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੁਲਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਜਿੱਥੇ ਵੱਡੇ ਪੱਧਰ ਉੱਤੇ ਪ੍ਰਬੰਧ ਕੀਤੇ ਗਏ ਹਨ, ਉਥੇ ਹੜ੍ਹ ਦੇ ਪਾਣੀ ਵਿੱਚ ਘਿਰੇ ਲੋਕਾਂ ਨੂੰ ਕੱਢਣ ਲਈ ਕਿਸ਼ਤੀਆਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਫੌਜ ਦੀ ਮਦਦ ਮੰਗ ਲਈ ਗਈ ਹੈ। ਕੇਂਦਰੀ ਰਾਹਤ ਫੋਰਸ ਦੀਆਂ ਟੀਮਾਂ ਵੀ ਇਲਾਕੇ ਵਿੱਚ ਪਹੁੰਚ ਗਈਆਂ ਹਨ।
ਮੰਗਲਵਾਰ ਘੱਗਰ ਦਰਿਆ ਵਿੱਚ ਪਿੰਡ ਹਰਚੰਦਪੁਰਾ ਅਤੇ ਬਾਦਸ਼ਾਹਪੁਰ ਸਮੇਤ ਹਰਿਆਣਾ ਦੀ ਮੁਸਤਫਾਪੁਰ ਝੀਲ ਤੋਂ ਆਉਣ ਵਾਲੀ ਨਹਿਰ ਵਿੱਚ ਪਏ ਪਾੜਾਂ ਉਪਰੰਤ ਮੰਗਲਵਾਰ ਦੇਰ ਸ਼ਾਮ ਪਿੰਡ ਰਸੋਲੀ, ਅਰਨੇਟੂ, ਸਧਾਰਨਪੁਰ, ਨਾਈਵਾਲਾ ਅਤੇ ਸ਼ੁਤਰਾਣਾ ਵਿੱਚ ਕਈ ਥਾਵਾਂ ਉੱਤੇ ਪਾੜ ਪੈ ਜਾਣ ਕਰਕ ਦਰਜਨਾਂ ਪਿੰਡ, ਜਿਨ੍ਹਾਂ ਵਿਚ ਹਰਚੰਦਪੁਰਾ, ਬਾਦਸ਼ਾਹਪੁਰ, ਸਿਉਨਾ, ਜਲਾਲਪੁਰ, ਅਰਨੇਟੂ, ਉੱਗੋਕੇ, ਧੂੜੀਆਂ, ਨਵਾਂ ਪਿੰਡ ਕਲਵਾਨੂੰ, ਰਾਮਪੁਰ ਪੜਤਾ, ਸਧਾਰਨਪੁਰ, ਝੀਲ, ਭੂੰਡ ਥੇਹ, ਕਰਤਾਰਪੁਰ, ਚਿੱਚੜਵਾਲਾ, ਰਸੋਲੀ, ਸ਼ੁਤਰਾਣਾ, ਨਾਈਵਾਲਾ, ਜੋਗੇਵਾਲ ਤੇ ਗੁਲਾੜ ਆਦਿ ਦੀਆਂ ਫਸਲਾਂ ਡੁੱਬ ਗਈਆਂ ਅਤੇ ਪਾਣੀ ਕਈ ਪਿੰਡਾਂ ਵਿਚ ਵੜ ਰਿਹਾ ਹੈ, ਜਿਸ ਨਾਲ ਭਾਰੀ ਮਾਲੀ ਨੁਕਸਾਨ ਦਾ ਖਤਰਾ ਮੰਡਰਾਉਣ ਲੱਗਾ ਹੈ, ਜਦਕਿ ਹੜ੍ਹ ਦੇ ਪਾਣੀ ਵਿੱਚ ਘਿਰੇ ਮਾਲ ਡੰਗਰ ਅਤੇ ਇਨਸਾਨੀ ਜਾਨਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਫੌਜ ਦੀ ਮਦਦ ਮੰਗ ਲਈ ਗਈ ਹੈ।
ਪਾਣੀ ਨੇ ਹਲਕਾ ਸ਼ੁਤਰਾਣਾ ਦੇ ਤਕਰੀਬਨ ਪੰਜਾਹ ਹਜ਼ਾਰ ਏਕੜ ਵਿਚ ਫਸਲਾਂ ਡੁਬੋਣ ਦੇ ਨਾਲ ਦਰਜਨ ਭਰ ਪਿੰਡਾਂ ਦਾ ਸੜਕੀ ਸੰਪਰਕ ਤੋੜ ਦਿੱਤਾ ਹੈ। ਪਾਣੀ ਦਾ ਵਹਾਅ ਏਨਾ ਤੇਜ਼ ਹੈ ਕਿ ਪਿੰਡਾਂ ਤੋਂ ਬਾਹਰ ਡੇਰਿਆਂ ’ਤੇ ਬੈਠੇ ਲੋਕਾਂ ਨੂੰ ਮਾਲ ਡੰਗਰ ਵੀ ਸੰਭਾਲਣ ਨਹੀਂ ਦਿੱਤਾ ਅਤੇ ਹੁਣ ਲੋਕ ਜਾਨ ਜੋਖਮ ਵਿਚ ਪਾ ਕੇ ਮਾਲ ਡੰਗਰ ਅਤੇ ਕੀਮਤੀ ਸਮਾਨ ਸੁਰੱਖਿਅਤ ਥਾਵਾਂ ’ਤੇ ਲਿਜਾਣ ਲਈ ਮਜਬੂਰ ਹਨ। ਮੰਡੀ ਬਾਦਸ਼ਾਹਪੁਰ ਵਿਚ ਲੱਗੇ ਬਿਜਲੀ ਗਰਿੱਡ ਵਿਚ ਪਾਣੀ ਭਰਨ ਨਾਲ ਬਿਜਲੀ ਸਪਲਾਈ ਵੀ ਬੰਦ ਹੋ ਗਈ, ਜਿਸ ਨਾਲ ਗਰਿਡ ਤੋਂ ਸਪਲਾਈ ਪ੍ਰਾਪਤ ਕਰਨ ਵਾਲੇ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਮੀ ਤੋਂ ਇਲਾਵਾ ਹਨੇਰੇ ਵਿਚ ਰਾਤਾਂ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਡੀ ਐੱਸ ਪੀ ਪਾਤੜਾਂ ਗੁਰਦੀਪ ਸਿੰਘ ਦਿਉਲ ਨੇ ਦੱਸਿਆ ਕਿ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਅਤੇ ਕਿਸੇ ਸੰਭਾਵੀ ਖਤਰੇ ਤੋਂ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਕਿਸ਼ਤੀਆਂ ਅਤੇ ਲੰਗਰ ਦੇ ਪ੍ਰਬੰਧ ਸਮੇਤ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਫੌਜ ਦੀ ਮਦਦ ਮੰਗੀ ਹੈ, ਤਾਂ ਕਿ ਪਾਣੀ ਵਿਚ ਫਸੇ ਲੋਕਾਂ ਨੂੰ ਸਹੀ-ਸਲਾਮਤ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਸਕੇ।
ਐੱਸ ਡੀ ਐੱਮ ਪਾਤੜਾਂ ਨਵਦੀਪ ਕੁਮਾਰ ਨੇ ਦੱਸਿਆ ਕਿ ਫਸਲਾਂ ਦਾ ਨੁਕਸਾਨ ਹੋਣਾ ਸੁਭਾਵਿਕ ਹੈ, ਪਰ ਉਨ੍ਹਾਂ ਦੀ ਪਹਿਲ ਮਨੁੱਖੀ ਅਤੇ ਜਾਨਵਰਾਂ ਦੀ ਜ਼ਿੰਦਗੀ ਬਚਾਉਣਾ ਹੈ।
ਫੌਜ ਦੀ ਮਦਦ ਲੈਣ ਦੇ ਨਾਲ-ਨਾਲ ਕਿਸ਼ਤੀਆਂ ਨੀਵੇਂ ਇਲਾਕਿਆਂ ਵਿਚ ਭੇਜ ਦਿੱਤੀਆਂ ਗਈਆਂ ਹਨ। ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਬੱਸਾਂ ਤੇ ਟਰੱਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਲਾਕੇ ਵਿਚ ਚਾਰ ਥਾਵਾਂ ਉੱਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਠਹਿਰਾਉਣ ਲਈ ਸ਼ੈਲਟਰ ਹਾਊਸ ਬਣਾਏ ਗਏ ਹਨ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਉਤੇ ਯਕੀਨ ਨਾ ਕਰਨ ਅਤੇ ਨੀਵੀਂਆਂ ਥਾਵਾਂ ਉੱਤੇ ਰਹਿਣ ਵਾਲੇ ਲੋਕ ਉੱਚੀਆਂ ਥਾਵਾਂ ਉੱਤੇ ਚਲੇ ਜਾਣ। ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਪਾਤੜਾਂ ਮਨਦੀਪ ਕੌਰ, ਨਾਇਬ ਤਹਿਸੀਲਦਾਰ ਭੀਮ ਸੈਨ ਤੇ ਬੀ ਡੀ ਪੀ ਓ ਪਰਮਜੀਤ ਕੌਰ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਸਥਿਤੀ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਇਸੇ ਦੌਰਾਨ ਭਾਖੜਾ-ਬਿਆਸ ਮੈਨੇੇਜਮੈਂਟ ਭਾਖੜਾ ਡੈਮ ਤੋਂ ਵਾਧੂ ਪਾਣੀ ਤਿੰਨ ਦਿਨ ਤੱਕ ਨਾ ਛੱਡਣ ਲਈ ਮੰਨ ਗਈ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ। ਪਾਕਿਸਤਾਨ ਸਰਹੱਦ ਕੋਲ ਬਣਿਆ ਇਕ ਬੰਨ੍ਹ ਟੁੱਟਣ ਨਾਲ ਸਰਹੱਦੀ ਪਿੰਡਾਂ ਵਿਚ ਪਾਣੀ ਵੜ ਗਿਆ ਹੈ।
ਇਸੇ ਦੌਰਾਨ ਪੌਂਗ ਡੈਮ ਦੇ ਫਲੱਡ ਗੇਟ ਬੁੱਧਵਾਰ ਖੋਲ੍ਹ ਦਿੱਤੇ ਗਏ। ਨੰਗਲ ਡੈਮ ਤੋਂ 20 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਣਾ ਸੀ, ਜਿਸ ਨੇ ਰਾਤ ਤੱਕ ਗੁਰਦਾਸਪੁਰ, ਅੰਮਿ੍ਰਤਸਰ ਤੇ ਤਰਨ ਤਾਰਨ ਪੁੱਜ ਜਾਣਾ ਸੀ। ਇਸ ਨਾਲ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧ ਸਕਦਾ ਹੈ। ਦਰਿਆ ਦੇ ਨਾਲ ਲਗਦੇ ਨੀਵੇਂ ਇਲਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਲੁਧਿਆਣਾ ’ਚ ਬੁੱਢਾ ਦਰਿਆ ਦਾ ਬੰਨ੍ਹ ਟੁੱਟਣ ਨਾਲ ਪਾਣੀ ਲਾਗਲੇ ਇਲਾਕਿਆਂ ਵਿਚ ਵੜ ਗਿਆ ਹੈ। ਤਾਜਪੁਰ ’ਚ ਕਈ ਡੇਅਰੀਆਂ ਡੁੱਬ ਗਈਆਂ ਹਨ। ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਵਿਚ ਰਾਵੀ ਦੇ ਹੜ੍ਹ ਕਾਰਨ ਆਖਰੀ ਸਰਹੱਦੀ ਪਿੰਡ ਘਣੀਏ ਕੇ ਬੇਟ ਦਾ ਸੰਪਰਕ ਬਾਕੀ ਹਿੱਸਿਆਂ ਨਾਲੋਂ ਕੱਟ ਗਿਆ ਹੈ। ਫੌਜੀਆਂ ਨੇ ਬੱਚਿਆਂ ਸਣੇ ਕਰੀਬ 450 ਲੋਕਾਂ ਨੂੰ ਪਿੰਡ ਵਿੱਚੋਂ ਕੱਢਿਆ।





