ਬਿਜਲੀ ਦੀ ਮੰਗ ਵਧੀ, ਪਰ ਪਲਾਂਟ ਚਲਾਉਣ ’ਚ ਮੁਸ਼ਕਲ

0
221

ਰੋਪੜ : ਬਿਜਲੀ ਦੀ ਮੰਗ ਵੱਧ ਗਈ ਹੈ ਪਰ ਜ਼ੋਰਦਾਰ ਮੀਂਹ ਬੰਦ ਹੋਣ ਤੋਂ 2 ਦਿਨਾਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਬਿਜਲੀ ਉਤਪਾਦਨ ਸ਼ੁਰੂ ਨਹੀਂ ਕਰ ਸਕਿਆ ਸੀ। ਸੂਬੇ ਅੰਦਰ ਬਿਜਲੀ ਦੀ ਮੰਗ ਵੱਧ ਕੇ 13000 ਮੈਗਾਵਾਟ ਪਾਰ ਹੋਣ ਉਪਰੰਤ ਬਿਜਲੀ ਪੈਦਾਵਾਰ ਦੀ ਸਖਤ ਲੋੜ ਹੈ। ਸੂਤਰਾਂ ਅਨੁਸਾਰ ਥਰਮਲ ਪਲਾਂਟ ਰੂਪਨਗਰ ਦੇ ਕੋਲ ਹੈਂਡਲਿੰਗ ਪਲਾਂਟ ’ਚ ਮੀਂਹ ਦਾ ਪਾਣੀ ਇੰਨਾ ਜ਼ਿਆਦਾ ਭਰ ਗਿਆ ਕਿ ਇਸ ਦਾ ਕੰਟਰੋਲ ਰੂਮ ਵੀ ਹੜ੍ਹ ਦੀ ਲਪੇਟ ’ਚ ਆ ਗਿਆ। ਪਲਾਂਟ ਦੇ ਅਧਿਕਾਰੀ ਤੇ ਮੁਲਾਜ਼ਮ ਹੜ੍ਹ ਦੇ ਪਾਣੀ ਨੂੰ ਬਾਹਰ ਕੱਢ ਕੇ ਕੋਲ ਹੈਂਡਲਿੰਗ ਪਲਾਂਟ ਦੀ ਮਸ਼ੀਨਰੀ ਨੂੰ ਚਾਲੂ ਕਰਨ ਲਈ ਦਿਨ-ਰਾਤ ਜੁਟੇ ਹੋਏ ਹਨ ਪਰ ਵੀਰਵਾਰ ਬਾਅਦ ਦੁਪਹਿਰ ਤੱਕ ਥਰਮਲ ਪਲਾਂਟ ਦਾ ਕੋਈ ਵੀ ਯੂਨਿਟ ਚਾਲੂ ਨਹੀਂ ਕੀਤਾ ਜਾ ਸਕਿਆ, ਜਦੋਂ ਕਿ ਬੁੱਧਵਾਰ ਨੂੰ ਹੀ ਪਾਵਰਕਾਮ ਮੈਨੇਜਮੈਂਟ ਵੱਲੋਂ ਬਿਜਲੀ ਦੀ ਮੰਗ ਵਧਣ ਉਪਰੰਤ ਥਰਮਲ ਪਲਾਂਟ ਦੇ ਦੋ ਯੂਨਿਟ ਚਾਲੂ ਕਰਨ ਦੀ ਹਦਾਇਤ ਕਰ ਦਿੱਤੀ ਗਈ ਸੀ। ਪਾਵਰਕਾਮ ਮੈਨੇਜਮੈਟ ਵੱਲੋਂ 6 ਨੰਬਰ ਯੂਨਿਟ ਨੂੰ ਚਾਲੂ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਕੋਲ ਹੈਂਡਲਿੰਗ ਪਲਾਂਟ ਦੀ ਸਮੱਸਿਆ ਜ਼ਿਆਦਾ ਗੰਭੀਰ ਹੋਣ ਕਰਕੇ ਇਸ ਯੂਨਿਟ ਨੂੰ ਕੁੱਝ ਸਮੇਂ ਬਾਅਦ ਹੀ ਬੰਦ ਕਰ ਦਿੱੱਾ ਗਿਆ। ਪਲਾਂਟ ਅੰਦਰ ਕੋਲਾ ਲੈ ਕੇ ਆਈ ਮਾਲ ਗੱਡੀ ਦੇ ਕੋਲੇ ਦੇ ਰੈਕ ਉਤਾਰਨ ਦਾ ਕੰਮ ਵੀ ਮੀਂਹ ਕਾਰਨ ਸਿਰੇ ਨਾ ਚੜ੍ਹ ਸਕਿਆ ਤੇ ਕੋਲਾ ਉਤਾਰਦੇ ਸਮੇਂ ਸੀ ਐੱਚ ਪੀ ਦਾ ਸਮੁੱਚਾ ਸਿਸਟਮ ਠੱਪ ਹੋਣ ਕਾਰਨ 37 ਡੱਬਿਆਂ ਵਿੱਚੋਂ ਕੋਲਾ ਨਹੀਂ ਉਤਾਰਿਆ ਜਾ ਸਕਿਆ, ਜਿਸ ਕਾਰਨ ਮਾਲ ਗੱਡੀ ਦਾ ਪੂਰਾ ਰੈਕ ਹਾਲੇ ਤੱਕ ਥਰਮਲ ਪਲਾਂਟ ਦੇ ਅੰਦਰ ਹੀ ਖੜ੍ਹਾ ਹੈ। ਇਸੇ ਦੌਰਾਨ ਇੰਜੀਨੀਅਰਾਂ ਨੇ ਦੱਸਿਆ ਕਿ ਸਮੱਸਿਆ ’ਤੇ ਕਾਬੂ ਪਾ ਲਿਆ ਗਿਆ ਹੈ ਤੇ ਵੀਰਵਾਰ 6 ਨੰਬਰ ਯੂਨਿਟ ਚਾਲੂ ਕੀਤਾ ਜਾ ਰਿਹਾ ਹੈ ਤੇ ਦੇਰ ਰਾਤ ਤੱਕ ਬਿਜਲੀ ਉਤਪਾਦਨ ਸ਼ੁਰੂ ਹੋ ਜਾਵੇਗਾ।

LEAVE A REPLY

Please enter your comment!
Please enter your name here