ਬਰੇਟਾ/ਬਠਿੰਡਾ (ਰੀਤਵਾਲ/ ਪਰਵਿੰਦਰਜੀਤ)
ਘੱਗਰ ਨਦੀ ਦੇ ਚਾਂਦਪੁਰਾ ਬੰਨ੍ਹ ’ਚ ਪਏ ਪਾੜ ਕਾਰਨ ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ ਤੇ ਉਥੇ ਹਜ਼ਾਰਾਂ ਏਕੜ ਖੜੀ ਫਸਲ ’ਚ ਪਾਣੀ ਪੈਣ ਕਾਰਨ ਫਸਲ ਤਬਾਹ ਹੋ ਗਈ। ਦੂਸਰੇ ਪਾਸੇ ਘੱਗਰ ਅੰਦਰ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਸ਼ਾਸ਼ਨ ਵੱਲੋਂ ਚੌਕਸੀ ਬਣਾ ਕੇ ਰੱਖੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਰਿਸ਼ੀਪਾਲ ਸਿੰਘ ਦੀ ਅਗਵਾਈ ਹੇਠ ਪ੍ਰਭਾਵਤ ਪਿੰਡਾਂ ਅੰਦਰ ਲੋਕਾਂ ਅਤੇ ਪਸ਼ੂ ਧਨ ਦੀ ਸਾਂਭ-ਸੰਭਾਲ ਲਈ ਰਾਹਤ ਕੈਂਪ ਸਥਾਪਤ ਕਰਦਿਆਂ ਅਧਿਕਾਰੀਆਂ ਨੂੰ ਤੁਰੰਤ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ। ਪ੍ਰਸ਼ਾਸਨ ਵੱਲੋਂ ਹੜ੍ਹ ਕੰਟਰੋਲ ਹੈੱਲਪਲਾਇਨ ਨੰ. 01652253482 ਜਾਰੀ ਕੀਤਾ ਗਿਆ ਹੈ। ਚਾਂਦਪੁਰਾ ਬੰਨ੍ਹ ਤੇ ਪਿੰਡ ਸਾਧਨਵਾਸ ਪਾਸੇ 30 ਫੁੱਟ ਦੇ ਕਰੀਬ ਪਾੜ ਪੈਣ ਕਾਰਨ ਜਿੱਥੇ ਇਸ ਦੀ ਭਰਪਾਈ ਲਈ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਹੋਏ ਹਨ, ਉਥੇ ਮਾਰ ਹੇਠ ਆਉਣ ਵਾਲੇ ਪਿੰਡ ਗੋਰਖਨਾਥ, ਚਾਂਦਪੁਰਾ, ਕੁਲਰੀਆਂ ਆਦਿ ਲੱਗਭੱਗ 10 ਪਿੰਡਾਂ ਅੰਦਰ ਰਾਹਤ ਕੈਂਪ ਬਣਾਏ ਗਏ, ਜੋ ਭਾਵਾ, ਕੁਲਰੀਆਂ, ਰਿਉਂਦ ਅਤੇ ਧਰਮਪੁਰਾ ਦੇ ਸਕੂਲਾਂ ਅੰਦਰ ਬਣਾਏ ਗਏ ਹਨ। ਡਿਪਟੀ ਕਮਿਸ਼ਨਰ ਵੱਲੋਂ ਮੌਕੇ ’ਤੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਲੋਕਾਂ ਨੂੰ ਹੜ੍ਹਾਂ ’ਚ ਰਾਹਤ ਲਈ ਕਿਸ਼ਤੀਆਂ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਐੱਸ ਐੱਸ ਪੀ ਮਾਨਸਾ ਡਾ. ਨਾਨਕ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸ਼ਨ ਅਤੇ ਪੁਲਸ ਨੂੰ ਸਹਿਯੋਗ ਦੇਣ। ਇਸ ਕੁਦਰਤੀ ਆਫਤ ਦਾ ਮੁਕਾਬਲਾ ਕਰਨ ਲਈ ਹਰ ਵਿਅਕਤੀ ਸਹਿਯੋਗ ਦਾ ਪਾਤਰ ਬਣੇ। ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਰਾਹਤ ਕੈਂਪਾਂ ਅੰਦਰ ਮੁੱਢਲੇ ਇਲਾਜ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪਾੜ ਦੇ ਭਰਪਾਈ ਕਾਰਜ ’ਚ ਲੱਗੇ ਨਾਇਬ ਤਹਿਸੀਲਦਾਰ ਬਲਕੌਰ ਸਿੰਘ ਨੇ ਦੱਸਿਆ ਕਿ ਪਿੰਡ ਅਤੇ ਆਸਪਾਸ ਦੇ ਲੋਕਾਂ ਵੱਲੋਂ ਪਾੜ ਨੂੰ ਬੰਦ ਕਰਨ ਲਈ ਜੰਗੀ ਪੱਧਰ ’ਤੇ ਯਤਨ ਜਾਰੀ ਹਨ। ਹਲਕਾ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਪਿੰਡਾਂ ਅੰਦਰ ਪ੍ਰਭਾਵਤ ਲੋਕਾਂ ਲਈ ਮਦਦ ਲਈ ਅੱਗੇ ਆਏ। ਉਹਨਾ ਪ੍ਰਭਾਵਤ ਇਲਾਕਿਆਂ ਅੰਦਰ ਪਹੁੰਚ ਕੇ ਪੀਣ ਲਈ ਪਾਣੀ ਅਤੇ ਖਾਣ ਦੀਆਂ ਵਸਤੂਆਂ ਦਾ ਪ੍ਰਬੰਧ ਕੀਤਾ। ਲੋਕਾਂ ਅਨੁਸਾਰ 1993 ਵਿੱਚ ਆਏ ਫਲੱਡ ਕਾਰਨ ਚਾਂਦਪੁਰਾ ਬੰਨ੍ਹ ਤੋਂ ਪ੍ਰਭਾਵਤ ਗੌਰਖਨਾਥ, ਕੁਲਰੀਆਂ, ਚਾਂਦਪੁਰਾ, ਬੀਰੇਵਾਲਾ ਡੋਗਰਾਂ, ਤਾਲਬਵਾਲਾ, ਕਾਲੀਆ, ਕਾਹਨਗੜ੍ਹ, ਬੋਹਾ ਸੜਕ ਤੋਂ ਪਾਰ ਝੁਨੀਰ ਵਾਲੇ ਖੇਤਰ ਤੱਕ ਪਾਣੀ ਦੀ ਮਾਰ ਪਈ ਸੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਫਵਾਹਾਂ ਤੋਂ ਗੁਰੇਜ਼ ਕਰਨ, ਪ੍ਰਸ਼ਾਸਨ ਉਨ੍ਹਾਂ ਦੀ ਹਰ ਮੁਸ਼ਕਲ ਦੇ ਹੱਲ ਲਈ ਉਨ੍ਹਾਂ ਦੇ ਨਾਲ ਹੈ।





