ਨਵੀਂ ਦਿੱਲੀ : ਬਟਾਲਾ ਤੋਂ ਚਾਰ ਵਾਰ ਕਾਂਗਰਸੀ ਵਿਧਾਇਕ ਰਹਿ ਚੁੱਕੇ ਅਸ਼ਵਨੀ ਸੇਖੜੀ ਐਤਵਾਰ ਭਾਜਪਾ ’ਚ ਸ਼ਾਮਲ ਹੋ ਗਏ। ਉਹ ਪਰਵਾਰ ਸਣੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਪੁੱਜੇ।
ਸੇਖੜੀ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕੀਤਾਬਸੰਤੀ ਦੇ ਟਾਂਗੇ ’ਚ ਸਵਾਰ ਹੋਣ ਲਈ ਇਕ ਹੋਰ ਸਵਾਰੀ ਅੱਜ ਦੁਪਹਿਰ ਸਾਢੇ 12 ਵਜੇ ਦਿੱਲੀ ਦੇ ਟਾਂਗਾ ਸਟੇਸ਼ਨ ’ਤੇ ਪੁੱਜ ਰਹੀ ਹੈ। ਅਸ਼ਵਨੀ ਸੇਖੜੀ ਵਾਸ਼ਿੰਗ ਮਸ਼ੀਨ ਲਈ ਤਿਆਰ…। ਜਿਵੇਂ ਹੀ ਸੇਖੜੀ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਖਬਰ ਮਿਲੀ, ਬਟਾਲਾ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਕਾਂਗਰਸ ਭਵਨ ਬਟਾਲਾ ’ਚ ਇਕੱਠੇ ਹੋ ਕੇ ਲੱਡੂ ਵੰਡ ਕੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਮੁਬਾਰਕਾਂ ਦਿੱਤੀਆਂ। ਸੇਖੜੀ ਅਤੇ ਤਿ੍ਰਪਤ ਬਾਜਵਾ ਦੇ ਧੜਿਆਂ ਨਾਲ ਜੁੜੇ ਮੰਨੇ ਜਾਂਦੇ ਕਾਂਗਰਸੀ ਆਗੂ ਪਹਿਲੀ ਵਾਰ ਇਕ ਮੰਚ ’ਤੇ ਖੁੱਲ੍ਹ ਕੇ ਨਾਲ ਨਜ਼ਰ ਆਏ ਅਤੇ ਕਾਂਗਰਸ ਜ਼ਿੰਦਾਬਾਦ ਦੇ ਨਾਅਰੇ ਲਾਏ। ਬਟਾਲਾ ਸਿਟੀ ਕਾਂਗਰਸ ਪ੍ਰਧਾਨ ਸੰਜੀਵ ਸ਼ਰਮਾ ਤੇ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਸੇਖੜੀ ਦੇ ਭਾਜਪਾ ’ਚ ਜਾਣ ਨਾਲ ਕਾਂਗਰਸ ਅਤੇ ਖਾਸਕਰ ਬਟਾਲਾ ਕਾਂਗਰਸ ਨੂੰ ਕੋਈ ਘਾਟਾ ਨਹੀਂ ਪਿਆ, ਸਗੋਂ ਕਾਂਗਰਸ ਮਜ਼ਬੂਤ ਹੋਈ ਹੈ। ਹੁਣ ਬਟਾਲਾ ਕਾਂਗਰਸ ਦੀ ਧੜੇਬੰਦੀ ਖਤਮ ਹੋ ਗਈ ਹੈ, ਜੋ ਸੇਖੜੀ ਵੱਲੋਂ ਪਾਈ ਗਈ ਸੀ।
ਉਨ੍ਹਾਂ ਕਿਹਾ ਕਿ ਪਹਿਲਾਂ ਸੇਖੜੀ ਅਕਾਲੀ ਦਲ ’ਚ ਸ਼ਾਮਲ ਹੋਣ ਜਾ ਰਹੇ ਸਨ, ਫਿਰ ਖਬਰਾਂ ਆਈਆਂ ਕਿ ਆਮ ਆਦਮੀ ਪਾਰਟੀ ਨਾਲ ਗੱਲ ਹੋ ਰਹੀ ਹੈ ਅਤੇ ਹੁਣ ਉਹ ਭਾਜਪਾ ’ਚ ਸ਼ਾਮਲ ਹੋ ਗਏ ਹਨ।





