ਪਿਛਲੇ ਦਿਨੀਂ ਭਾਰੀ ਮੀਂਹ ਤੋਂ ਬਾਅਦ ਪਟਿਆਲਾ ਵਿੱਚ ਆਏ ਹੜ੍ਹ ਮੌਕੇ ਪਟਿਆਲੇ ਰਾਜ ਘਰਾਣੇ ਦੀ ਨੂੰਹ ਪ੍ਰਨੀਤ ਕੌਰ ਵੱਲੋਂ ਨਦੀ ਵਿੱਚ ਨੱਥ ਤੇ ਚੂੜਾ ਚੜ੍ਹਾ ਕੇ ਚੜ੍ਹਦੇ ਪਾਣੀ ਨੂੰ ਨੱਥ ਪਾਉਣ ਦਾ ਉਸ਼ਟੰਡ ਕੀਤਾ ਗਿਆ ਸੀ। ਇਹ ਪਹਿਲੀ ਵਾਰ ਨਹੀਂ, ਜਦੋਂ ਵੀ ਇਸ ਨਦੀ ਵਿੱਚ ਹੜ੍ਹ ਆਉਂਦਾ ਹੈ, ਹਰ ਵਾਰੀ ਰਾਜ ਘਰਾਣੇ ਦੇ ਮੈਂਬਰਾਂ ਵੱਲੋਂ ਇਹੋ ਰਸਮ ਨਿਭਾਈ ਜਾਂਦੀ ਰਹੀ ਹੈ। ਇਹ ਕੋਈ ਨਵੀਂ ਗੱਲ ਨਹੀਂ, ਰਾਜ ਦੀ ਹੋਂਦ ਦੇ ਨਾਲ ਹੀ ਇਹ ਵਰਤਾਰਾ ਸ਼ੁਰੂ ਹੋ ਗਿਆ ਸੀ। ਸੱਤਾਧਾਰੀ ਜਮਾਤ ਧਰਮ ਤੇ ਅੰਧ-ਵਿਸ਼ਵਾਸ ਨੂੰ ਫੈਲਾ ਕੇ ਹੀ ਆਪਣੀ ਸੱਤਾ ਦੀ ਉਮਰ ਲੰਮੀ ਕਰਦੀ ਰਹੀ ਹੈ। ਅੱਜ ਵੀ ਇਹੋ ਵਰਤਾਰਾ ਲਗਾਤਾਰ ਜਾਰੀ ਹੈ। ਹਰ ਉਦਘਾਟਨ ਮੌਕੇ ਨਾਰੀਅਲ ਫੋੜਨਾ ਤੇ ਧਾਰਮਕ ਰਸਮਾਂ ਕਰਨੀਆਂ ਇਸੇ ਵਰਤਾਰੇ ਨੂੰ ਜਿਊਂਦਾ ਰੱਖਣ ਦਾ ਜ਼ਰੀਆ ਹੁੰਦੇ ਹਨ। ਨਦੀ ਵਿੱਚ ਨੱਥ ਤੇ ਚੂੜਾ ਚੜ੍ਹਾਉਣਾ ਵੀ ਲੋਕਾਂ ਵਿੱਚ ਫੈਲੇ ਅੰਧ-ਵਿਸ਼ਵਾਸਾਂ ਨੂੰ ਪੱਕਾ ਕਰਨ ਦਾ ਹੀ ਇੱਕ ਮਨਸੂਬਾ ਹੈ।
ਲੋਕਾਂ ਨੂੰ ਅੰਧ-ਵਿਸ਼ਵਾਸਾਂ ਦੀ ਦਲਦਲ ਵਿੱਚੋਂ ਸਿਰਫ਼ ਅਧਿਆਪਕ ਤੇ ਵਿਗਿਆਨੀ ਹੀ ਕੱਢ ਸਕਦੇ ਹਨ। ਸਾਡੇ ਦੇਸ਼ ਦੀ ਹਾਲਤ ਇਹ ਹੈ ਕਿ ਇਹ ਦੋਵੇਂ ਖੁਦ ਅੰਧ-ਵਿਸ਼ਵਾਸਾਂ ਤੋਂ ਖਹਿੜਾ ਨਹੀਂ ਛੁਡਾ ਸਕੇ। ਤੁਸੀਂ ਦੇਖੋਗੇ ਕਿ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕ, ਖਾਸ ਕਰ ਇਸਤਰੀ ਅਧਿਆਪਕਾਵਾਂ ਸਕੂਲ ਵਿੱਚ ਪੁੱਜਣ ਤੋਂ ਬਾਅਦ ਸਭ ਤੋਂ ਪਹਿਲਾਂ ਅਖਬਾਰ ਖੋਲ੍ਹ ਕੇ ਰਾਸ਼ੀਫਲ ਦੇਖਦੇ ਹਨ। ਇਸੇ ਤਰ੍ਹਾਂ ਇੱਕ ਡਾਕਟਰ ਆਪਣਾ ਕਲੀਨਕ ਖੋਲ੍ਹਣ ਸਮੇਂ ਸਭ ਤੋਂ ਪਹਿਲਾਂ ਲਛਮੀ ਜਾਂ ਕਿਸੇ ਹੋਰ ਗੁਰੂ ਦੀ ਪੂਜਾ ਕਰਦਾ ਹੈ, ਤਾਂ ਜੋ ਉਸ ਦਿਨ ਵੱਧ ਤੋਂ ਵੱਧ ਮਰੀਜ਼ ਆਉਣ।
ਦੋ ਕੁ ਦਿਨ ਪਹਿਲਾਂ ਸਾਡੇ ਦੇਸ਼ ਦੇ ਵਿਗਿਆਨੀਆਂ ਦੀ ਮਿਹਨਤ ਕਾਰਨ ਅਸੀਂ ਚੰਦਰਯਾਨ-3 ਛੱਡਣ ਵਿੱਚ ਕਾਮਯਾਬ ਹੋਏ ਹਾਂ। ਹਕੀਕਤ ਇਹ ਹੈ ਕਿ ਚੰਦਰਯਾਨ ਮਿਸ਼ਨ ਦੀ ਕਾਮਯਾਬੀ ਵਿੱਚ ਲੱਗੇ ਵਿਗਿਆਨੀਆਂ ਨੂੰ ਵੀ ਆਪਣੀ ਮਿਹਨਤ ਅਤੇ ਅਕਲ ਉੱਤੇ ਭਰੋਸਾ ਨਹੀਂ ਹੈ। ਚੰਦਰਯਾਨ ਨੂੰ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਕਾਲਪਨਿਕ ਰੱਬ ਦੀ ਪੂਜਾ ਕੀਤੀ, ਤਾਂ ਜੋ ਉਹ ਮਿਸ਼ਨ ਦੀ ਕਾਮਯਾਬੀ ਵਿੱਚ ਸਹਾਇਤਾ ਕਰੇ। ਵਿਗਿਆਨੀਆਂ ਦੀ ਇੱਕ ਟੀਮ ਨੇ ਆਂਧਰਾ ਪ੍ਰਦੇਸ਼ ਦੇ ਤਿ੍ਰਪੁਤੀ ਵੈਂਕਟਾਚਲਮ ਮੰਦਰ ਜਾ ਕੇ ਪੂਜਾ ਅਰਚਨਾ ਕੀਤੀ। ਹੁਣ ਇਨ੍ਹਾਂ ਕਥਿਤ ਵਿਗਿਆਨੀਆਂ ਬਾਰੇ ਕੀ ਕਹੀਏ, ਜਾਂ ਤਾਂ ਉਹ ਖੁਦ ਅਗਿਆਨੀ ਹਨ ਤੇ ਜਾਂ ਫਿਰ ਸੱਤਾਧਾਰੀਆਂ ਨੂੰ ਖੁਸ਼ ਕਰਨ ਲਈ ਇਹ ਗੈਰ-ਵਿਗਿਆਨੀਆਂ ਕਰਮ ਕਰ ਰਹੇ ਸਨ।
ਸਾਡੇ ਸੰਵਿਧਾਨ ਵਿੱਚ ਵੀ ਵਿਗਿਆਨਕ ਦਿ੍ਰਸ਼ਟੀਕੋਣ ਦੀ ਗੱਲ ਕਹੀ ਗਈ ਹੈ, ਪਰ ਸਾਰੇ ਕੰਮ ਇਸ ਦੇ ਉਲਟ ਹੋ ਰਹੇ ਹਨ। ਸੰਵਿਧਾਨ ਦੇ ਮੌਲਿਕ ਫਰਜ਼ਾਂ ਵਿੱਚ ਲਿਖਿਆ ਗਿਆ ਹੈ ਕਿ ਹਰ ਨਾਗਰਿਕ ਦਾ ਫ਼ਰਜ਼ ਹੈ ਕਿ ਉਹ, ‘ਵਿਗਿਆਨਕ ਦਿ੍ਰਸ਼ਟੀਕੋਣ, ਮਾਨਵਵਾਦ, ਗਿਆਨ ਪ੍ਰਾਪਤੀ ਤੇ ਸੁਧਾਰ ਦੀ ਭਾਵਨਾ ਦਾ ਵਿਕਾਸ ਕਰੇ।’ ਇਸ ਦੇ ਬਾਵਜੂਦ ਸਾਡੇ ਵਿਗਿਆਨਕ ਵਿਗਿਆਨੀ ਵਿਗਿਆਨਕ ਦਿ੍ਰਸ਼ਟੀਕੋਣ ਨੂੰ ਦਫ਼ਨ ਕਰਨ ਵਿੱਚ ਲੱਗੇ ਹੋਏ ਹਨ।
ਜਿਨ੍ਹਾਂ ਵਿਗਿਆਨੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਮਾਜ ਨੂੰ ਅੰਧ-ਵਿਸ਼ਵਾਸਾਂ ਵਿੱਚੋਂ ਕੱਢਣ, ਅਗਰ ਉਹੀ ਅੰਧ-ਵਿਸ਼ਵਾਸੀ ਹੋ ਜਾਣ ਤਾਂ ਸਮਾਜ ਦਾ ਵਿਕਾਸ ਰੁਕ ਜਾਂਦਾ ਹੈ। ਲੋਕ ਗਿਆਨ ਵਿਹੂਣੇ ਹੋ ਕੇ ਅੰਧ-ਵਿਸ਼ਵਾਸਾਂ ਵਿੱਚ ਡੁੱਬੇ ਰਹਿਣਗੇ। ਲੋਕ ਕਿਸਮਤ ਦਾ ਆਸਰਾ ਤੱਕਦੇ ਹੋਏ ਅੱਗੇ ਵਧਣਾ ਭੁੱਲ ਜਾਣਗੇ। ਇਸ ਲਈ ਬੁੱਧੀਜੀਵੀ ਵਰਗ ਦੀ ਜ਼ਿੰਮੇਵਾਰੀ ਹੈ ਕਿ ਉਹ ਖੁਦ ਅੰਧ-ਵਿਸ਼ਵਾਸਾਂ ਤੋਂ ਬਚਣ ਤੇ ਦੂਜਿਆਂ ਨੂੰ ਬਚਾਉਣ। ਇਸ ਨਾਲ ਹੀ ਉਹ ਬਿਹਤਰ ਸਮਾਜ ਦੇ ਨਿਰਮਾਣ ਵਿੱਚ ਆਪਣੀ ਸਾਰਥਕ ਭੂਮਿਕਾ ਨਿਭਾਅ ਸਕਦੇ ਹਨ।
-ਚੰਦ ਫਤਿਹਪੁਰੀ



