ਨਵੀਂ ਦਿੱਲੀ : ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ਦਾ ਨਾਂਅ ‘ਇੰਡੀਆ’ ਰੱਖਣ ਦੀ ਤਜਵੀਜ਼ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਤੀ ਸੀ। ਨਿਤੀਸ਼ ਕੁਮਾਰ ਇਸ ਨਾਲ ਸਹਿਮਤ ਨਹੀਂ ਸਨ ਕਿਉਕਿ ਇੰਡੀਆ ਵਿਚ ਐੱਨ ਡੀ ਏ ਅੱਖਰ ਆਉਦੇ ਹਨ। ਰਾਹੁਲ ਨੇ ਦੱਸਿਆ ਕਿ ਇੰਡੀਆ ਨਾਂਅ ਕਿਉ ਰੱਖਿਆ ਜਾਣਾ ਚਾਹੀਦਾ ਹੈ। ਇਸੇ ਦੌਰਾਨ ਗੱਠਜੋੜ ਇੰਡੀਆ ਨੇ ‘ਜੀਤੇਗਾ ਭਾਰਤ’ ਨੂੰ ਆਪਣੀ ਟੈਗਲਾਈਨ ਬਣਾਇਆ ਹੈ। ਇਸ ਨੂੰ ਵੱਖ-ਵੱਖ ਭਾਸ਼ਾਵਾਂ ਵਿਚ ਉਲਥਾਇਆ ਜਾਵੇਗਾ। ਸੂਤਰਾਂ ਮੁਤਾਬਕ ਮੀਟਿੰਗ ਵਿਚ ਕਈ ਆਗੂਆਂ ਨੇ ਕਿਹਾ ਕਿ ਗੱਠਜੋੜ ਦਾ ਨਾਂਅ ‘ਭਾਰਤ’ ਰੱਖਿਆ ਜਾਵੇ। ਇਸ ਦੇ ਬਾਅਦ ਹੀ ਟੈਗਲਾਈਨ ਵਿਚ ਭਾਰਤ ਸ਼ਾਮਲ ਕੀਤਾ ਗਿਆ ਹੈ।
ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਆਪਣੇ ਟਵਿੱਟਰ ਬਾਇਓ ਤੋਂ ਇੰਡੀਆ ਹਟਾ ਕੇ ਭਾਰਤ ਕਰ ਲਿਆ ਹੈ। ਉਨ੍ਹਾ ਦਾ ਕਹਿਣਾ ਹੈ ਕਿ ਅੰਗਰੇਜ਼ਾਂ ਨੇ ਸਾਡੇ ਦੇਸ਼ ਦਾ ਨਾਂਅ ਇੰਡੀਆ ਰੱਖਿਆ ਸੀ। ਕਾਂਗਰਸ ਆਗੂ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਭਾਜਪਾ ਇੰਡੀਆ ਨਾਂਅ ’ਤੇ ਐਵੇਂ ਵਿਵਾਦ ਪੈਦਾ ਕਰ ਰਹੀ ਹੈ। ਭਾਜਪਾ ਨੇ ਖੁਦ ਮੇਕ ਇਨ ਇੰਡੀਆ ਤੇ ਸ਼ਾਈਨਿੰਗ ਇੰਡੀਆ ਵਰਗੀਆਂ ਸਕੀਮਾਂ ਚਲਾਈਆਂ ਹਨ। ‘ਆਪ’ ਸਾਂਸਦ ਰਾਘਵ ਚੱਢਾ ਨੇ ਕਿਹਾ ਹੈ ਕਿ ਹੁਣ ਚੋਣਾਂ ਐੱਨ ਡੀ ਏ ਬਨਾਮ ਇੰਡੀਆ ਹੋਣਗੀਆਂ ਅਤੇ ਇੰਡੀਆ ਦੀ ਜਿੱਤ ਹੋਵੇਗੀ। ਸੀਟਾਂ ਦੀ ਵੰਡ ਉੱਤੇ ਅਗਲੀ ਮੀਟਿੰਗ ’ਚ ਚਰਚਾ ਕੀਤੀ ਜਾਵੇਗੀ।
ਸੂਤਰਾਂ ਮੁਤਾਬਕ ਹਾਲਾਂਕਿ ਨਿਤੀਸ਼ ਇੰਡੀਆ ਨਾਂਅ ’ਤੇ ਸਹਿਮਤ ਨਹੀਂ ਸਨ, ਪਰ ਬਾਅਦ ਵਿਚ ਮੰਨ ਗਏ। ਨਿਤੀਸ਼, ਲਾਲੂ ਯਾਦਵ ਤੇ ਤੇਜਸਵੀ ਯਾਦਵ ਦੇ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਨਿਕਲ ਜਾਣ ਦੇ ਵਿਵਾਦ ਬਾਰੇ ਸੂਤਰਾਂ ਨੇ ਕਿਹਾ ਕਿ ਉਹ ਮੌਸਮ ਖਰਾਬ ਹੋਣ ਦੀ ਪੇਸ਼ੀਨਗੋਈ ਕਾਰਨ ਪਹਿਲਾਂ ਨਿਕਲ ਗਏ। ਉਨ੍ਹਾਂ ਇਕ ਹੋਰ ਕਾਨਫਰੰਸ ਵਿਚ ਵੀ ਹਿੱਸਾ ਲੈਣਾ ਸੀ।
ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਰਾਜੀਵ ਰੰਜਨ ਸਿੰਘ ਉਰਫ ਲੱਲਨ, ਜਿਹੜੇ ਨਿਤੀਸ਼ ਦੇ ਨਾਲ ਬੇਂਗਲੁਰੂ ਮੀਟਿੰਗ ਵਿਚ ਸ਼ਾਮਲ ਹੋਏ, ਨੇ ਕਿਹਾ ਹੈ ਕਿ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਨਿਤੀਸ਼ ਇੰਡੀਆ ਨਾਂਅ ਨਾਲ ਸਹਿਮਤ ਨਹੀਂ ਸਨ ਅਤੇ ਕਨਵੀਨਰ ਨਾ ਬਣਾਏ ਜਾਣ ’ਤੇ ਨਾਰਾਜ਼ ਹੋ ਗਏ। ਉਨ੍ਹਾ ਕਿਹਾ ਕਿ ਇੰਡੀਆ ਨਾਂਅ ਸਾਰੇ ਆਗੂਆਂ ਦੀ ਸਹਿਮਤੀ ਨਾਲ ਰੱਖਿਆ ਗਿਆ। ਰਹੀ ਗੱਲ ਕਨਵੀਨਰ ਬਣਾਉਣ ਦੀ, ਇਹ ਤਾਂ ਮੀਟਿੰਗ ਦੇ ਏਜੰਡੇ ’ਤੇ ਹੀ ਨਹੀਂ ਸੀ। ਉਨ੍ਹਾ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵਰਗੇ ਭਾਜਪਾ ਆਗੂਆਂ ਵੱਲੋਂ ਨਿਤੀਸ਼ ਦੀ ਨਾਰਾਜ਼ਗੀ ਬਾਰੇ ਬਿਆਨ ਇਸ ਕਰਕੇ ਦਿੱਤੇ ਜਾ ਰਹੇ ਹਨ, ਕਿਉਕਿ ਉਨ੍ਹਾਂ ਨੂੰ ਛਪਾਸ ਰੋਗ (ਮਸ਼ਹੂਰੀ ਕਰਾਉਣ ਦਾ) ਹੈ।
ਲੱਲਨ ਨੇ ਕਿਹਾ ਕਿ ਨਿਤੀਸ਼ ਆਪੋਜ਼ੀਸ਼ਨ ਏਕਤਾ ਦੇ ਸੂਤਰਧਾਰ ਹਨ ਤੇ ਸੂਤਰਧਾਰ ਕਦੇ ਨਾਰਾਜ਼ ਨਹੀਂ ਹੁੰਦਾ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹੁੰਦੇ ਸਨ ਕਿ ਲੋਕ ਇੰਡੀਆ ਲਈ ਵੋਟ ਕਰਨ। ਹੁਣ ਸਮਾਂ ਆ ਗਿਆ ਹੈ ਕਿ ਲੋਕ ਸੱਚਮੁੱਚ ਇੰਡੀਆ ਲਈ ਵੋਟ ਕਰਕੇ ਮੋਦੀ ਨੂੰ ਲਾਂਭੇ ਕਰ ਦੇਣਗੇ। ਉਨ੍ਹਾ ਕਿਹਾ ਕਿ ਭਾਜਪਾ ਨੇ ਜਿਨ੍ਹਾਂ 38 ਪਾਰਟੀਆਂ ਨੂੰ ਇਕੱਠੇ ਕੀਤਾ ਹੈ, ਉਨ੍ਹਾਂ ਵਿਚ ਦਰਜਨ ਤੋਂ ਵੱਧ ਉੱਤਰ-ਪੂਰਬੀ ਸੂਬਿਆਂ ਦੀਆਂ ਹਨ, ਜਿੱਥੇ ਆਸਾਮ ਸਣੇ ਲੋਕ ਸਭਾ ਦੀਆਂ ਸਿਰਫ 23 ਸੀਟਾਂ ਹਨ।
ਇਸੇ ਦੌਰਾਨ ਸ਼ਿਵ ਸੈਨਾ (ਯੂ ਬੀ ਟੀ) ਦੇ ਪ੍ਰਧਾਨ ਊਧਵ ਠਾਕਰੇ ਨੇ ਮੁੰਬਈ ਵਿਚ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਇੰਡੀਆ ਨਾਂਅ ਦਾ ਡਿਕਟੇਟਰਸ਼ਿਪ ਖਿਲਾਫ ਤਕੜਾ ਮੋਰਚਾ ਬਣ ਗਿਆ ਹੈ। ਉਨ੍ਹਾ ਕਿਹਾ-ਲੜਾਈ ਕਿਸੇ ਵਿਅਕਤੀ ਨਾਲ ਨਹੀਂ, ਡਿਕਟੇਟਰਸ਼ਿਪ ਨਾਲ ਹੈ। ਆਗੂ, ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਆਉਦੇ-ਜਾਂਦੇ ਰਹਿੰਦੇ ਹਨ, ਪਰ ਜਿਹੜੀਆਂ ਮਿਸਾਲਾਂ ਕਾਇਮ ਕੀਤੀਆਂ ਜਾ ਰਹੀਆਂ ਹਨ, ਉਹ ਦੇਸ਼ ਲਈ ਘਾਤਕ ਹਨ।