ਸ੍ਰੀ ਅਨੰਦਪੁਰ ਸਾਹਿਬ. (ਅਰਵਿੰਦਰ ਸਿੰਘ ਬਿੰਦੀ)-ਭਾਰੀ ਬਰਸਾਤ ਦੌਰਾਨ ਜ਼ਿਲ੍ਹਾ ਰੂਪਨਗਰ ਵਿੱਚ ਪੈਦਾ ਹੋਏ ਹੜ੍ਹਾਂ ਵਰਗੇ ਹਾਲਾਤ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਜਿਸ ਤਰ੍ਹਾਂ ਜ਼ਿਲ੍ਹੇ ਦੇ ਮਹਿਲਾ ਅਧਿਕਾਰੀਆਂ ਨੇ ਆਪਣੀ ਭੂਮਿਕਾ ਨਿਭਾਈ ਹੈ, ਉਸ ਦੀ ਚਹੁੰਪਾਸੀਓਂ ਸ਼ਲਾਘਾ ਹੋ ਰਹੀ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਰੂਪਨਗਰ ਜ਼ਿਲ੍ਹੇ ਦੀ ਭੂਗੋਲਿਕ ਸਥਿਤੀ ਮੁਤਾਬਿਕ ਇੱਥੋਂ ਵਗਦੇ ਦਰਿਆਵਾਂ, ਨਹਿਰਾਂ, ਨਦੀਆਂ, ਭਾਖੜਾ ਡੈਮ ਤੇ ਹੋਰ ਪਹਾੜੀ ਖੇਤਰਾਂ ਤੋਂ ਆਉਣ ਵਾਲੇ ਪਾਣੀ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਸ਼ੁਰੂਆਤੀ ਦੌਰ ਵਿੱਚ ਹੀ ਖੁਦ ਮੌਕਾ ਸੰਭਾਲਿਆ ਅਤੇ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਹਰ ਖੇਤਰ ਵਿੱਚ ਤਾਇਨਾਤ ਅਧਿਕਾਰੀ ਅਤੇ ਕਰਮਚਾਰੀ ਨੂੰ ਸਤਰਕ ਕੀਤਾ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰਵਾਏ, ਆਪਣੇ ਛੋਟੇ ਬੱਚਿਆਂ ਨੂੰ ਘਰ ਵਿੱਚ ਛੱਡ ਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਖੁਦ ਪ੍ਰਭਾਵਿਤ ਖੇਤਰਾਂ ਵਿੱਚ ਉੱਤਰੇ। ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਐੱਨ.ਡੀ.ਆਰ.ਐੱਫ ਟੀਮ ਨੂੰ ਕਿਸ਼ਤੀਆਂ ਰਾਹੀਂ ਲੋਕਾਂ ਦਾ ਬਚਾਅ ਕਰਨ ਵਿੱਚ ਲਗਾਇਆ। ਉਨ੍ਹਾਂ ਵੱਲੋਂ ਸਾਰੇ ਵਿਭਾਗਾਂ ਨੂੰ ਟੀਮ ਵਰਕ ਦੀ ਤਰ੍ਹਾਂ ਕੰਮ ਕਰਨ ਲਈ ਜੋੜਿਆ ਅਤੇ ਖੁਦ ਕਮਾਂਡ ਸੰਭਾਲੀ।
ਭਾਖੜਾ ਡੈਮ, ਦਰਿਆਵਾਂ, ਨਹਿਰਾਂ, ਨਦੀਆਂ ਵਾਲੇ ਜ਼ਿਲ੍ਹਾ ਰੂਪਨਗਰ ਵਿੱਚ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਤੋਂ ਆਏ ਵੱਡੀ ਮਾਤਰਾ ਵਿੱਚ ਪਾਣੀ ਤੋਂ ਲੋਕਾਂ ਦੇ ਜਾਨ-ਮਾਲ ਨੂੰ ਬਚਾਉਣ ਲਈ ਡਿਪਟੀ ਕਮਿਸ਼ਨਰ ਦੇ ਨਾਲ ਈਸ਼ਾ ਸਿੰਗਲ ਐਡੀਸ਼ਨਲ ਡਿਪਟੀ ਕਮਿਸ਼ਨਰ ਵੀ ਪੂਰੀ ਤਰ੍ਹਾਂ ਡਟੇ ਰਹੇ। ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਸਬ ਡਵੀਜ਼ਨ ਦੇ ਐੱਸ.ਡੀ.ਐੱਮ ਮਨੀਸ਼ਾ ਰਾਣਾ ਨੇ ਵੀ ਦੋਵੇਂ ਸਬ-ਡਵੀਜ਼ਨਾਂ ਅਤੇ ਸਬ ਤਹਿਸੀਲ ਨੂਰਪੁਰ ਬੇਦੀ ਵਿੱਚ ਕਮਾਂਡ ਸੰਭਾਲਦੇ ਹੋਏ ਅਧਿਕਾਰੀਆਂ/ਕਰਮਚਾਰੀਆਂ ਦਾ ਹੌਸਲਾ ਬੁਲੰਦ ਕੀਤਾ। ਨੰਗਲ-ਭਾਖੜਾ ਡੈਮ ਦੇ ਅਧਿਕਾਰੀਆਂ ਨਾਲ ਤਾਲਮੇਲ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਸਬ ਤਹਿਸੀਲ ਨੂਰਪੁਰ ਬੇਦੀ ਵਿੱਚ ਦਿਨ-ਰਾਤ ਰਾਹਤ ਤੇ ਬਚਾਅ ਕਾਰਜ ਚੱਲਦੇ ਰਹੇ, ਲੋਕਾਂ ਤੱਕ ਤਿਆਰ ਅਤੇ ਸੁੱਕਾ ਰਾਸ਼ਨ ਪਹੁੰਚਾਇਆ ਗਿਆ, ਰਾਹਤ ਸ਼ਿਵਰ, ਕੰਟਰੋਲ ਰੂਮ, ਹੈਲਪ ਲਾਈਨ ਨੰਬਰ ਜਾਰੀ ਹੋਏ। ਖਾਸ ਤੌਰ ’ਤੇ ਸੀਵਰਮੈਨ, ਸਫਾਈ ਕਰਮਚਾਰੀਆਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਗਿਆ, ਸੇਫਟੀ ਕਿੱਟ, ਬੂਟ, ਬਰਸਾਤੀਆਂ ਉਪਲੱਬਧ ਕਰਵਾਇਆ ਗਈਆਂ।
ਅਨਮਜੋਤ ਕੌਰ ਮੁੱਖ ਮੰਤਰੀ ਫੀਲਡ ਅਫਸਰ ਵੀ ਪ੍ਰਭਾਵਤ ਖੇਤਰਾਂ ਵਿੱਚ ਦਿਨ-ਰਾਤ ਦੌਰੇ ’ਤੇ ਰਹੇ, ਉਸ ਸਮੇਂ ਤੈਨਾਤ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਰਿਤੂ ਕਪੂਰ ਨਾਲ ਉਨ੍ਹਾਂ ਨੇ ਪਿੰਡ-ਪਿੰਡ ਦੌਰਾ ਕੀਤਾ ਤੇ ਲੋਕਾਂ ਤੱਕ ਰਾਹਤ ਪਹੁੰਚਾਈ। ਈਸ਼ਾਨ ਚੌਧਰੀ ਬੀ.ਡੀ.ਪੀ.ਓ ਪੇਂਡੂ ਖੇਤਰਾਂ ਵਿੱਚ ਨੁਕਸਾਨ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਰਾਹਤ ਵੰਡਦੇ ਰਹੇ, ਉਨ੍ਹਾਂ ਨੇ ਰਾਹਤ ਸ਼ਿਵਰਾਂ ਤੱਕ ਲੋਕਾਂ ਨੂੰ ਪਹੁੰਚਾਇਆ। ਭਾਵਨਾ ਦੀਵਾਨ ਐੱਸ.ਡੀ.ਓ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਸੌ ਪ੍ਰਤੀਸ਼ਤ ਜਲ ਸਪਲਾਈ ਲਈ ਛੇਤੀ ਤੋਂ ਛੇਤੀ ਬਹਾਲ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਇਨ੍ਹਾਂ ਮਹਿਲਾ ਅਧਿਕਾਰੀਆਂ ਨੇ ਜਿਸ ਤਰ੍ਹਾਂ ਜ਼ਿਲ੍ਹਾ ਰੂਪਨਗਰ ਵਿੱਚ ਪ੍ਰਭਾਵਿਤ ਖੇਤਰਾਂ ਨੂੰ ਰਾਹਤ ਲਈ ਕਮਾਂਡ ਸੰਭਾਲੀ, ਉਸ ਨਾਲ ਲੋਕਾਂ ਵਿੱਚ ਹੋਰ ਆਤਮ-ਵਿਸ਼ਵਾਸ ਵਧਿਆ। ਇਨ੍ਹਾਂ ਅਧਿਕਾਰੀਆਂ ਨੇ ਆਪਣੇ ਛੋਟੇ-ਛੋਟੇ ਬੱਚੇ ਘਰਾਂ ਵਿਚ ਛੱਡ ਕੇ ਖੁਦ ਫੀਲਡ ਵਿਚ ਦਿਨ-ਰਾਤ ਕੰਮ ਕੀਤਾ। ਭਾਵੇਂ ਜ਼ਿਲ੍ਹੇ ਦੇ ਬਾਕੀ ਅਧਿਕਾਰੀ ਵੀ ਪੂਰੀ ਮਿਹਨਤ ਤੇ ਲਗਨ ਨਾਲ ਕੁਦਰਤੀ ਆਫਤ ਦਾ ਮੁਕਾਬਲਾ ਕਰਦੇ ਰਹੇ, ਪ੍ਰੰਤੂ ਮਹਿਲਾ ਅਧਿਕਾਰੀਆਂ ਦੀ ਸ਼ਾਨਦਾਰ ਭੂਮਿਕਾ ਦੀ ਹਰ ਪਾਸੇ ਚਰਚਾ ਹੈ।