27.5 C
Jalandhar
Friday, October 18, 2024
spot_img

ਵਿਦਿਆਰਥੀਆਂ ਦੀ ਵਧੀਆ ਪਹਿਲਕਦਮੀ

ਪੱਛਮੀ ਬੰਗਾਲ ਦੇ ਨਰਿੰਦਰਪੁਰ ਕੋਲ ਪੈਂਦੇ ਕੋਡਾਲਿਆ ਇਲਾਕੇ ਦੇ ਸਵਰਣਿਮ ਇੰਟਰਨੈਸ਼ਨਲ ਸਕੂਲ ਦੇ ਕੁਝ ਵਿਦਿਆਰਥੀਆਂ ਨੇ ਪਿਛਲੇ ਸ਼ੁੱਕਰਵਾਰ ਸਕੂਲ ਦੇ ਗੇਟ ਦੇ ਬਾਹਰ ਖੜ੍ਹੇ ਹੋ ਕੇ ਉਨ੍ਹਾਂ ਵਿਦਿਆਰਥੀਆਂ ਦੇ ਨਾਂਅ ਨੋਟ ਕੀਤੇ, ਜਿਨ੍ਹਾਂ ਦੇ ਮਾਪੇ ਬਿਨਾਂ ਹੈਲਮਟ ਪਾਈ ਉਨ੍ਹਾਂ ਨੂੰ ਸਕੂਲ ਛੱਡ ਕੇ ਗਏ ਸਨ। ਸਕੂਲ ਦੀ ਪਿ੍ਰੰਸੀਪਲ ਰੁਮਝੁਮੀ ਬਿਸਵਾਸ ਨੇ ਕਿਹਾ ਕਿ ਇਨ੍ਹਾਂ ਮਾਪਿਆਂ ਨੂੰ ਦੋ ਚਿਤਾਵਨੀਆਂ ਦਿੱਤੀਆਂ ਜਾਣਗੀਆਂ। ਜੇ ਫਿਰ ਵੀ ਨਾ ‘ਸੁਧਰੇ’ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਉਮੀਦ ਹੈ ਕਿ ਇਸ ਨਾਲ ਅਜਿਹੇ ਲੋਕਾਂ ਵਿਚ ਖੁਦ ਨੂੰ ਸੁਰੱਖਿਅਤ ਰੱਖਣ ਦੀ ਆਦਤ ਪੈਦਾ ਹੋ ਜਾਵੇਗੀ।
ਸਕੂਲ ਨੇ ਇਹ ਮੁਹਿੰਮ ਗਰਮੀਆਂ ਦੀਆਂ ਛੁੱਟੀਆਂ ਵਿਚ ਸ਼ੁਰੂ ਕੀਤੀ ਸੀ। ਮਾਪਿਆਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਹੈਲਮਟ ਖਰੀਦਣ ਲਈ ਕੁਝ ਸਮਾਂ ਦਿੱਤਾ ਜਾਵੇ। ਗੇਟ ’ਤੇ ਖੜ੍ਹੇ ਵਿਦਿਆਰਥੀਆਂ ਨੇ ਤਖਤੀਆਂ ਵੀ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਲਿਖਿਆ ਹੋਇਆ ਸੀ ਕਿ ਹੈਲਮਟ ਪਹਿਨਣਾ ਕਿਉ ਜ਼ਰੂਰੀ ਹੈ। ਜਿਨ੍ਹਾਂ ਮਾਪਿਆਂ ਨੇ ਹੈਲਮਟ ਨਹੀਂ ਪਾਏ ਹੋਏ ਸਨ, ਉਨ੍ਹਾਂ ਦੇ ਦੋਪਹੀਆ ਵਾਹਨਾਂ ’ਤੇ ਉਨ੍ਹਾਂ ਸਟਿੱਕਰ ਵੀ ਲਾਏ। ਸਕੂਲ ਵਿਚ ਨੌਵੀਂ ਜਮਾਤ ਤੱਕ ਦੇ ਕਰੀਬ 500 ਵਿਦਿਆਰਥੀ ਹਨ ਤੇ ਲਗਭਗ 70 ਦੋਪਹੀਆ ਵਾਹਨਾਂ ’ਤੇ ਆਉਦੇ ਹਨ। ਕਰੀਬ 50 ਫੀਸਦੀ ਹੈਲਮਟ ਨਹੀਂ ਪਾਉਦੇ। ਅੱਠਵੀਂ ਦੇ ਵਿਦਿਆਰਥੀ ਤਮੋਸ਼ਮਿਤਾ ਮੰਡਲ ਨੇ ਦੱਸਿਆ ਕਿ ਉਸ ਨੇ ਨੋਟ ਕੀਤਾ ਕਿ ਪਿਛਲੇ ਹਫਤੇ ਬਹੁਤੇ ਮਾਪਿਆਂ ਨੇ ਹੈਲਮਟ ਪਾਏ ਹੋਏ ਸਨ। ਜਿਨ੍ਹਾਂ ਨਹੀਂ ਪਾਏ ਸਨ, ਉਨ੍ਹਾਂ ਦੇ ਵਾਹਨਾਂ ’ਤੇ ਸਟਿੱਕਰ ਲਾਏ ਗਏ, ਜਿਨ੍ਹਾਂ ’ਤੇ ਲਿਖਿਆ ਸੀਆਪਣੀ ਤੇ ਪਰਵਾਰ ਦੀ ਸੁਰੱਖਿਆ ਲਈ ਹੈਲਮਟ ਪਾਓ। ਪਿ੍ਰੰਸੀਪਲ ਬਿਸਵਾਸ ਮੁਤਾਬਕ ਕੁਝ ਮਾਪੇ ਦਲੀਲ ਦਿੰਦੇ ਹਨ ਕਿ ਉਹ ਨੇੜੇ ਹੀ ਰਹਿੰਦੇ ਹਨ, ਇਸ ਕਰਕੇ ਹੈਲਮਟ ਦੀ ਖਾਸ ਲੋੜ ਨਹੀਂ, ਪਰ ਉਹ ਇਹ ਨਹੀਂ ਸਮਝਦੇ ਕਿ ਨੇੜੇ ਰਹਿਣ ਦਾ ਮਤਲਬ ਇਹ ਨਹੀਂ ਕਿ ਹਾਦਸਾ ਹੀ ਨਹੀਂ ਹੋਣਾ। ਇਹ ਖਤਰਨਾਕ ਆਦਤ ਹੈ। ਇਹ ਵੀ ਦੇਖਣ ਵਿਚ ਆਉਦਾ ਹੈ ਕਿ ਮਾਪੇ ਤਾਂ ਹੈਲਮਟ ਪਾਉਦੇ ਹਨ, ਪਰ ਬੱਚਿਆਂ ਨੂੰ ਨਹੀਂ ਪੁਆਉਦੇ। ਅਸੀਂ ਚਾਹੰੁਦੇ ਹਾਂ ਕਿ ਬੱਚਿਆਂ ’ਚ ਜ਼ਿੰਮੇਵਾਰੀ ਤੇ ਅਨੁਸ਼ਾਸਨ ਦੀ ਭਾਵਨਾ ਮਜ਼ਬੂਤ ਹੋਵੇ। ਟਰੈਫਿਕ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਪੱਛਮੀ ਬੰਗਾਲ ਦੇ ਇਸ ਸਕੂਲ ਦੀ ਸਾਰੇ ਸਕੂਲਾਂ ਨੂੰ ਰੀਸ ਕਰਨੀ ਚਾਹੀਦੀ ਹੈ। ਹੈਲਮਟ ਪਾਉਣ ਦੀ ਬਚਪਨ ਵਿਚ ਹੀ ਆਦਤ ਪੈ ਜਾਣ ਨਾਲ ਜ਼ਿੰਦਗੀ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ।

Related Articles

LEAVE A REPLY

Please enter your comment!
Please enter your name here

Latest Articles