ਚੰਡੀਗੜ੍ਹ : ਆਲ ਇੰਡੀਆ ਨਰੇਗਾ ਵਰਕਰਜ਼ ਫੈਡਰੇਸ਼ਨ ਏਟਕ ਦੀ ਦੇਸ਼ ਪੱਧਰੀ ਮੀਟਿੰਗ ਪੀਪਲਜ਼ ਕਨਵੈਨਸ਼ਨ ਸੈਂਟਰ, ਸੈਕਟਰ-36 ਬੀ, ਚੰਡੀਗੜ੍ਹ ਵਿਖੇ ਚੇਗਾਰਾ ਸੁਰੇਂਦਰਨ ਸਾਬਕਾ ਪਾਰਲੀਮੈਂਟ ਮੈਂਬਰ ਕੇਰਲਾ ਦੀ ਪ੍ਰਧਾਨਗੀ ਹੇਠ ਸਮਾਪਤ ਹੋਈ।
ਮੀਟਿੰਗ ਵਿੱਚ ਪੰਜਾਬ ਏਟਕ ਦੇ ਪ੍ਰਧਾਨ ਤੇ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਤੇ ਏਟਕ ਦੇ ਕੌਮੀ ਸਕੱਤਰ ਨਿਰਮਲ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ । ਵੱਖ-ਵੱਖ ਸੂਬਿਆਂ ਤੋਂ ਆਏ ਸਾਥੀਆਂ ਨੂੰ ਸੰਬੋਧਨ ਕਰਦਿਆਂ ਏਟਕ ਦੀ ਤਰਫੋਂ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਿਵਾਇਆ ਤੇ ਕੌਮੀ ਪੱਧਰ ’ਤੇ ਨਰੇਗਾ ਕਾਮਿਆਂ ਨੂੰ ਜਥੇਬੰਦ ਕਰਨ ਲਈ ਸਾਥੀਆਂ ਨੂੰ ਵਧਾਈ ਦਿੱਤੀ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਕੋ-ਕਨਵੀਨਰ ਕਸ਼ਮੀਰ ਸਿੰਘ ਗਦਾਈਆ ਨੇ ਦੱਸਿਆ ਕਿ ਦੇਸ਼ ਦੇ 70 ਫੀਸਦੀ ਲੋਕ ਖੇਤੀਬਾੜੀ ਕਰਦੇ ਹਨ, ਇਸ ਲਈ ਨਰੇਗਾ 2005 ਦਾ ਵਿਸਥਾਰ ਕਰਦਿਆਂ ਖੇਤੀਬਾੜੀ ਕਾਮਿਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇ। ਜੇਕਰ ਕੇਂਦਰ ਸਰਕਾਰ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ 2005 ਖੇਤੀ ’ਤੇ ਲਾਗੂ ਕਰ ਦਿੰਦੀ ਹੈ ਤਾਂ ਖੇਤੀਬਾੜੀ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ। ਮੀਟਿੰਗ ਵਿੱਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਾਮਿਆਂ ਦੀ ਬੇਹਤਰੀ ਲਈ ਕੇਂਦਰੀ ਭਲਾਈ ਬੋਰਡ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ। ਕਾਮਿਆਂ ਨੂੰ ਈ ਐੱਸ ਆਈ ਸਕੀਮ ਤਹਿਤ ਲਿਆਂਦਾ ਜਾਵੇ, ਕਾਮੇ ਦੀ ਮੌਤ ਹੋ ਜਾਣ ’ਤੇ 5 ਲੱਖ ਐੱਕਸਗ੍ਰੇਸ਼ੀਆ ਗਰਾਂਟ ਦੇਣਾ ਯਕੀਨੀ ਬਣਾਇਆ ਜਾਵੇ, ਕੇਂਦਰੀ ਬਜਟ ਵਿੱਚ ਲਗਾਤਾਰ ਵਾਧਾ ਕੀਤਾ ਜਾਵੇ। ਕਾਮਿਆਂ ਲਈ ਕੰਮ ਦਿਨਾਂ ਦੀ ਗਿਣਤੀ ਵਧਾ ਕੇ 200 ਦਿਨ, ਮਜ਼ਦੂਰੀ 700 ਰੁਪਏ ਤੁਰੰਤ ਕੀਤੀ ਜਾਵੇ। ਨਰੇਗਾ ਕਾਮਿਆਂ ਨੂੰ ਕੇਰਲਾ ਦੀ ਤਰਜ਼ ’ਤੇ ਕੌਮੀ ਤਿਉਹਾਰਾਂ ਦੀਵਾਲੀ ਤੇ ਦੁਸਹਿਰਾ ’ਤੇ ਤਿਉਹਾਰ ਭੱਤਾ ਦੇਣ ਦੀ ਗਾਰੰਟੀ ਕੀਤੀ ਜਾਵੇ। ਮੀਟਿੰਗ ’ਚ ਦਸੰਬਰ ਦੇ ਪਹਿਲੇ ਹਫਤੇ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਕੌਮੀ ਪੱਧਰੀ ਵਰਕਸ਼ਾਪ ਲਾਉਣ ਅਤੇ ਆਉਣ ਵਾਲੇ ਸਾਲ ਵਿਚ ਪਹਿਲੇ ਮਹੀਨਿਆਂ ’ਚ ਕੌਮੀ ਪੱਧਰੀ ਜਥੇਬੰਦਕ ਕਾਨਫਰੰਸ ਕੇਰਲਾ ਵਿਖੇ ਕਰਨ ਦਾ ਫ਼ੈਸਲਾ ਵੀ ਲਿਆ ਗਿਆ।