ਦੀਨਾਨਗਰ/ਗੁਰਦਾਸਪੁਰ (ਬਲਵਿੰਦਰ ਬਿੱਲਾ, ਜਨਕ ਮਹਾਜਨ)
ਗੁਰਦਾਸਪੁਰ ਜ਼ਿਲ੍ਹਾ ਪੁਲਸ ਨੇ 18 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ। ਇਹ ਖੇਪ ਉਹ ਸ੍ਰੀਨਗਰ ਤੋਂ ਲਿਆ ਰਹੇ ਸਨ। ਐੱਸ ਐੱਸ ਪੀ ਦਿਆਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਸਹਾਇਕ ਕਪਤਾਨ ਪੁਲਸ ਦੀਨਾਨਗਰ ਅਦਿੱਤਿਆ ਐੱਸ ਵਾਰੀਅਰ ਅਤੇ ਡੀ ਐੱਸ ਪੀ ਸੁਖਪਾਲ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ 27 ਜੁਲਾਈ ਨੂੰ ਸ਼ੂਗਰ ਮਿੱਲ ਪਨਿਆੜ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਕਾਰ ਸਵਿਫਟ ਡਿਜ਼ਾਇਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈਕਿੰਗ ਕੀਤੀ ਤਾਂ ਉਸ ’ਚ ਵਿਕਰਮਜੀਤ ਸਿੰਘ ਉਰਫ ਵਿੱਕੀ ਵਾਸੀ ਜਖੇਪਲ ਥਾਣਾ ਧਰਮਗੜ੍ਹ ਜ਼ਿਲ੍ਹਾ ਸੰਗਰੂਰ, ਸੰਦੀਪ ਕੌਰ ਉਰਫ ਹਰਮਨ ਵਾਸੀ ਮੀਮਸਾ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਕੁਲਦੀਪ ਸਿੰਘ ਉਰਫ ਕਾਲਾ ਵਾਸੀ ਗੜੂੰਦੀ ਜ਼ਿਲ੍ਹਾ ਮਾਨਸਾ ਸਵਾਰ ਸਨ। ਗੱਡੀ ਦੀ ਤਲਾਸ਼ੀ ਦੌਰਾਨ 18 ਕਿਲੋ ਹੈਰੋਇਨ ਬਰਾਮਦ ਹੋਈ ਤੇ ਇਕ ਕੈਮਰਾ ਵੀ ਮਿਲਿਆ। ਇਸ ਡਰੱਗ ਰੈਕੇਟ ਦਾ ਸਰਗਨਾ ਮਨਦੀਪ ਸਿੰਘ ਧਾਲੀਵਾਲ ਹੈ, ਜੋ ਹੈਰੋਇਨ ਮੰਗਵਾਉਣ ਅਤੇ ਸਪਲਾਈ ਕਰਨ ਦਾ ਕੰਮ ਕਰਦਾ ਹੈ। ਉਹ ਅਮਰੀਕਾ ਤੋਂ ਡਰੱਗ ਰੈਕੇਟ ਚਲਾ ਰਿਹਾ ਹੈ। ਕਾਲਾ ਖਿਲਾਫ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ ਦੋ ਕੇਸ ਦਰਜ ਹਨ।