ਸੰਗਰੂਰ (ਪ੍ਰਵੀਨ ਸਿੰਘ)-ਬੀਤੀ 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ 26 ਜੂਨ ਨੂੰ ਹੋਣ ਵਾਲੀ ਗਿਣਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਲੋਕ ਸਭਾ ਹਲਕੇ ‘ਚ ਪੈਂਦੇ ਸੰਗਰੂਰ ਜ਼ਿਲ੍ਹੇ ਦੇ 5 ਵਿਧਾਨ ਸਭਾ ਹਲਕਿਆਂ ਦੇ ਨਾਲ-ਨਾਲ ਮਲੇਰਕੋਟਲਾ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਵੀ ਦੇਸ਼ ਭਗਤ ਕਾਲਜ ਬਰੜਵਾਲ, ਧੂਰੀ ਵਿਖੇ ਬਣਾਏ ਗਏ ਵੱਖ-ਵੱਖ ਕਾਉਂਟਿੰਗ ਹਾਲਾਂ ‘ਚ ਕਰਵਾਈ ਜਾਵੇਗੀ | ਚੋਣ ਲੜ ਰਹੇ ਉਮੀਦਵਾਰਾਂ, ਗਿਣਤੀ ਪ੍ਰਕਿਰਿਆ ਨਾਲ ਸਬੰਧਤ ਸਮੁੱਚੇ ਚੋਣ ਅਮਲੇ, ਪੁਲਸ ਤੇ ਪ੍ਰਸ਼ਾਸਨਕ ਅਧਿਕਾਰੀਆਂ ਅਤੇ ਮੀਡੀਆ ਨੁਮਾਇੰਦਿਆਂ ਲਈ ਕੀਤੇ ਗਏ ਸਮੁੱਚੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਨਾਲ ਸਬੰਧਤ ਸਾਰੇ ਵਿਧਾਨ ਸਭਾ ਹਲਕਿਆਂ ਤੇ ਮਲੇਰਕੋਟਲਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਸਥਾਪਤ ਕੀਤੇ ਗਏ ਗਿਣਤੀ ਕੇਂਦਰਾਂ ‘ਚ ਕੀਤੀ ਜਾਵੇਗੀ | ਉਨ੍ਹਾ ਕਿਹਾ ਕਿ ਇਸ ਦੇ ਨਾਲ ਹੀ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਵਿਧਾਨ ਸਭਾ ਹਲਕਿਆਂ, ਬਰਨਾਲਾ, ਭਦੌੜ ਤੇ ਮਹਿਲ ਕਲਾਂ ਦੀਆਂ ਵੋਟਾਂ ਦੀ ਗਿਣਤੀ ਐੱਸ. ਡੀ. ਕਾਲਜ ਬਰਨਾਲਾ ਵਿਖੇ ਬਣਾਏ ਗਏ ਕਾਉਂਟਿੰਗ ਹਾਲਾਂ ‘ਚ ਕੀਤੀ ਜਾਵੇਗੀ |
ਉਨ੍ਹਾ ਦੱਸਿਆ ਕਿ ਸਮੂਹ ਟੀਮਾਂ ਨੂੰ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ | ਉਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਆਰੰਭ ਹੋਵੇਗੀ | ਹਰੇਕ ਗਿਣਤੀ ਕੇਂਦਰ ਵਿੱਚ 14 ਟੇਬਲ ਲਗਾਏ ਗਏ ਹਨ ਤੇ ਸਮੂਹ ਚੋਣ ਅਮਲੇ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਅਤੇ ਸ਼ਨਾਖਤੀ ਕਾਰਡਾਂ ਤੋਂ ਬਿਨਾਂ ਕਿਸੇ ਵੀ ਵਿਅਕਤੀ ਦਾ ਦਾਖਲਾ ਨਹੀਂ ਹੋ ਸਕੇਗਾ | ਉਨ੍ਹਾਂ ਦੱਸਿਆ ਕਿ ਸਮੁੱਚੀ ਗਿਣਤੀ ਪ੍ਰਕਿਰਿਆ ਦੀ ਬਕਾਇਦਾ ਵੀਡੀਓਗ੍ਰਾਫੀ ਕਰਵਾਈ ਜਾਵੇਗੀ |
ਉਨ੍ਹਾ ਕਿਹਾ ਕਿ ਵੋਟਾਂ ਦੀ ਗਿਣਤੀ ਸਬੰਧੀ ਸਮੁੱਚੀ ਪ੍ਰਕਿਰਿਆ ਨੂੰ ਪੂਰੇ ਸ਼ਾਂਤੀਪੂਰਵਕ, ਪਾਰਦਰਸ਼ੀ ਤੇ ਸੁਰੱਖਿਅਤ ਢੰਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ | ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਡਰਾਈ ਡੇਅ ਦੇ ਹੁਕਮ ਲਾਗੂ ਰਹਿਣਗੇ |





