ਭਾਜਪਾਈ ਰਾਜਪਾਲ ਬੇਸ਼ਰਮੀ ਨਾਲ ਦਖਲ ਦਿੰਦੇ ਹਨ, ਮਨੀਪੁਰ ਦੇ ਰਾਜਪਾਲ ਕਿੱਥੇ ਹਨ : ਭਗਵੰਤ ਮਾਨ

0
230

ਨਵੀਂ ਦਿੱਲੀ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਸਮਰਥਨ ’ਚ ਸੰਸਦ ਕੰਪਲੈਕਸ ਪਹੁੰਚੇ। ਸੰਜੇ ਸਿੰਘ ਨੂੰ ਇਸ ਪੂਰੇ ਸੈਸ਼ਨ ਲਈ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਮਾਨ ਨੇ ਕਿਹਾ ਕਿ ਸਦਨ ਵਿੱਚ ਵਿਰੋਧੀ ਅਵਾਜ਼ਾਂ ਨੂੰ ਦਬਾਇਆ ਜਾਣਾ ਕੋਈ ਨਵੀਂ ਗੱਲ ਨਹੀਂ, ਪਰ ਜਿਸ ਤਰ੍ਹਾਂ ਉਹ (ਭਾਜਪਾ ਸਰਕਾਰ) ਲੋਕਤੰਤਰ ਦੇ ਮੰਦਰ ਨੂੰ ਚਲਾ ਰਹੀ ਹੈ, ਇਸੇ ਕਾਰਨ ਅੱਜ ਦੇਸ਼ (ਮਨੀਪੁਰ) ਦੀ ਇਹ ਹਾਲਤ ਹੈ। ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਹੈ ਕਿ ਨਫਰਤ ਦੀ ਰਾਜਨੀਤੀ ਨਾਲ ਕੁਝ ਵੀ ਚੰਗਾ ਨਹੀਂ ਨਿਕਲਦਾ। ਅੱਜ ਮਨੀਪੁਰ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਵੀ ਧਰੁਵੀਕਰਨ ਦੀ ਸਸਤੀ ਰਾਜਨੀਤੀ ਦਾ ਨਤੀਜਾ ਹੈ।
ਸੰਜੇ ਸਿੰਘ ਦੀ ਮੁਅੱਤਲੀ ’ਤੇ ਮਾਨ ਨੇ ਕਿਹਾ ਕਿ ਇਹ ਲੋਕਤੰਤਰ ਅਤੇ ਸੰਵਿਧਾਨ ਦੇ ਖਿਲਾਫ ਹੈ, ਜਿਸ ਕਾਰਨ ਅੱਜ ਵਿਰੋਧੀ ਧਿਰ ਦੇ ਸਾਰੇ ਮੈਂਬਰ ਸੰਜੇ ਸਿੰਘ ਦੇ ਨਾਲ ਖੜ੍ਹੇ ਹਨ। ਉਨ੍ਹਾ ਕਿਹਾ ਕਿ ਉਹ ਅੱਠ ਸਾਲ ਸੰਸਦ ਮੈਂਬਰ ਰਹੇ ਅਤੇ ਜਦੋਂ ਵਿਰੋਧੀ ਧਿਰ ਦੇ ਨੇਤਾ ਦੀ ਆਵਾਜ਼ ਹੀ ਨਹੀਂ ਸੁਣੀ ਜਾਂਦੀ ਤਾਂ ਉਹ ਜਨਤਾ ਦੇ ਅਹਿਮ ਮੁੱਦਿਆਂ ਨੂੰ ਉਠਾਉਣ ਲਈ ਆਪਣੀਆਂ ਸੀਟਾਂ ਛੱਡ ਦਿੰਦੇ ਹਨ। ਰਾਜਪਾਲਾਂ ਦੀ ਦੁਰਵਰਤੋਂ ’ਤੇ ਭਾਜਪਾ ਨੂੰ ਘੇਰਦੇ ਹੋਏ ਮਾਨ ਨੇ ਕਿਹਾ ਕਿ ਪੰਜਾਬ ਵਰਗੇ ਰਾਜਾਂ ’ਚ ਜਿੱਥੇ ਗੈਰ-ਭਾਜਪਾ ਸਰਕਾਰ ਹੈ, ਉੱਥੇ ਰਾਜਪਾਲ ਸਰਕਾਰ ਨੂੰ ਸਹੀ ਢੰਗ ਨਾਲ ਕੰਮ ਕਰਨ ਅਤੇ ਵਧੀਆ ਕਾਰਗੁਜ਼ਾਰੀ ਕਰਨ ’ਚ ਬੇਲੋੜੀ ਦਖਲਅੰਦਾਜ਼ੀ ਕਰਦੇ ਹਨ, ਪਰ ਮਨੀਪੁਰ ’ਚ ਜੋ ਤਿੰਨ ਮਹੀਨਿਆਂ ਤੋਂ ਸੜ ਰਿਹਾ ਹੈ, ਹੁਣ ਰਾਜਪਾਲ ਕਿੱਥੇ ਹੈ। ਮਾਨ ਨੇ ਕਿਹਾ ਕਿ ਮਨੀਪੁਰ ਵਿੱਚ ਤੁਰੰਤ ਪ੍ਰਭਾਵ ਨਾਲ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਦਿਆਂ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਿਰਫ ਮਨੀਪੁਰ ਦਾ ਜ਼ਿਕਰ ਕਰਨ ’ਚ 78 ਦਿਨ ਲੱਗ ਗਏ। ਜਦੋਂ ਭਾਰਤ ਦਾ ਅਨਿੱਖੜਵਾਂ ਅੰਗ ਮਨੀਪੁਰ ਸੜ ਰਿਹਾ ਸੀ, ਮੋਦੀ ਅਮਰੀਕਾ, ਫਰਾਂਸ ਅਤੇ ਯੂ ਏ ਈ ਦੇ ਦੌਰੇ ਵਿੱਚ ਰੁਝੇ ਹੋਏ ਸਨ। ਮਾਨ ਨੇ ਕਿਹਾ ਕਿ ਮਨੀਪੁਰ ਵਿੱਚ ਇੰਟਰਨੈੱਟ ’ਤੇ ਪਾਬੰਦੀ ਹੈ ਅਤੇ ਹੁਣ ਤੱਕ ਸਿਰਫ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਪੂਰੇ ਦੇਸ਼ ਨੂੰ ਡਰਾ ਦਿੱਤਾ ਹੈ, ਇਸ ਲਈ ਰਾਜ ਵਿੱਚ ਹਿੰਸਾ ਅਤੇ ਬੇਰਹਿਮੀ ਦੇ ਪੈਮਾਨੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹਨਾ ਕਿਹਾ ਕਿ ਸਾਡੀ ਕੌਮ ਸਾਡੀਆਂ ਧੀਆਂ ਨਾਲ ਅਜਿਹੇ ਦੁਰਵਿਹਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਮਨੀਪੁਰ ਸਰਕਾਰ ਨੂੰ ਭੰਗ ਨਾ ਕਰਨ ਵਾਲੇ ਤਾਨਾਸ਼ਾਹਾਂ ਨੂੰ ਜਲਦੀ ਹੀ ਢੁਕਵਾਂ ਸਬਕ ਸਿਖਾਇਆ ਜਾਵੇਗਾ।
ਉਹਨਾ ਕਿਹਾ ਕਿ ਸੱਤਾ ਦੇ ਨਸ਼ੇ ’ਚ ਧੁੱਤ ਭਾਜਪਾ ਕਿਸੇ ਦੀ ਨਹੀਂ ਸੁਣ ਰਹੀ। ਉਹ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਵੀ ਪਾਲਣਾ ਨਹੀਂ ਕਰ ਰਹੇ। ਉਹ ਦਿੱਲੀ ’ਤੇ ਆਰਡੀਨੈਂਸ ਲਿਆ ਰਹੇ ਹਨ, ਜਦਕਿ ਸੁਪਰੀਮ ਕੋਰਟ ਨੇ ਸਰਬਸੰਮਤੀ ਨਾਲ ਇਸ ਵਿਰੁੱਧ ਫੈਸਲਾ ਸੁਣਾਇਆ। ਉਨ੍ਹਾ ਕਿਹਾ, ਤੁਸੀਂ ਹਰ ਮਹੀਨੇ ‘ਮਨ ਕੀ ਬਾਤ’ ਕਰਦੇ ਹੋ, ਪਰ ਇਕ ਵਾਰ ਭਾਰਤ ਦੇ ਲੋਕਾਂ ਦੀ ‘ਮਨ ਕੀ ਬਾਤ’ ਸੁਣੋ, ਉਹੀ 140 ਕਰੋੜ ਲੋਕ ਜੋ ਅਗਲੀ ਸਰਕਾਰ ਅਤੇ ਪ੍ਰਧਾਨ ਮੰਤਰੀ ਦਾ ਫੈਸਲਾ ਕਰਨਗੇ।

LEAVE A REPLY

Please enter your comment!
Please enter your name here