ਜੈਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ’ਤੇ ਤਿੱਖਾ ਹਮਲਾ ਕੀਤਾ ਤੇ ਗਹਿਲੋਤ ਨੇ ਵੀ ਠੋਕਵਾਂ ਜਵਾਬ ਦਿੱਤਾ। ਕੁਝ ਮਹੀਨਿਆਂ ਤੱਕ ਸੂਬੇ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਗੇੜੇ ’ਤੇ ਗੇੜੇ ਲਾ ਰਹੇ ਪ੍ਰਧਾਨ ਮੰਤਰੀ ਨੇ ਸੀਕਰ ਵਿਚ ਇਕ ਰੈਲੀ ’ਚ ਕਿਹਾ ਕਿ ਕਾਂਗਰਸ ਰਾਜਸਥਾਨ ’ਚ ਸਿਰਫ ਲੂਟ ਕੀ ਦੁਕਾਨ ਤੇ ਝੂਠ ਕਾ ਬਾਜ਼ਾਰ ਚਲਾ ਰਹੀ ਹੈ ਅਤੇ ‘ਲਾਲ ਡਾਇਰੀ’ ਕਾਂਗਰਸ ਦੇ ਕਾਲੇ ਕਾਰਨਾਮੇ ਉਜਾਗਰ ਕਰੇਗੀ ਤੇ ਅਸੰਬਲੀ ਚੋਣਾਂ ਵਿਚ ਇਸ ਨੂੰ ਹਰਾਏਗੀ।
ਗਹਿਲੋਤ ਨੇ ਜਵਾਬ ਦਿੰਦਿਆਂ ਕਿਹਾ-ਕਾਲਪਨਿਕ ਲਾਲ ਡਾਇਰੀ ਦੀ ਥਾਂ ਲਾਲ ਸਲੰਡਰਾਂ ਤੇ ਲਾਲ ਟਮਾਟਿਆਂ ਦੀ ਗੱਲ ਕਰੋ। ਪ੍ਰਧਾਨ ਮੰਤਰੀ ਨੂੰ ਮਹਿੰਗਾਈ ਕਾਰਨ ਲੋਕਾਂ ਦੇ ਲਾਲ ਹੋਏ ਚਿਹਰੇ ਨਹੀਂ ਦਿਸ ਰਹੇ। ਇਹੀ ਲੋਕ ਚੋਣਾਂ ਵਿਚ ਉਨ੍ਹਾ ਨੂੰ ਲਾਲ ਝੰਡੇ ਦਿਖਾਉਣਗੇ।
ਅਪੋਜ਼ੀਸ਼ਨ ਦੇ ਗੱਠਜੋੜ ‘ਇੰਡੀਆ’ ਉੱਤੇ ਲਗਾਤਾਰ ਹਮਲੇ ਕਰ ਰਹੇ ਮੋਦੀ ਨੇ ਕਿਹਾ ਕਿ ਜਿਵੇਂ ਆਜ਼ਾਦੀ ਦੀ ਲੜਾਈ ਵਿਚ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨੂੰ ਦੁੜਾਉਣ ਲਈ ‘ਕੁਇਟ ਇੰਡੀਆ’ ਦਾ ਨਾਅਰਾ ਦਿੱਤਾ ਸੀ, ਉਸੇ ਤਰ੍ਹਾਂ ਖੁਸ਼ਹਾਲ ਭਾਰਤ ਬਣਾਉਣ ਲਈ ਭਿ੍ਰਸ਼ਟਾਚਾਰ ਕੁਇਟ ਇੰਡੀਆ, ਦਹਿਸ਼ਤਗਰਦੀ ਕੁਇਟ ਇੰਡੀਆ ਤੇ ਪਰਿਵਾਰਵਾਦ ਕੁਇਟ ਇੰਡੀਆ ਵਰਗੇ ਨਾਅਰਿਆਂ ਦੀ ਲੋੜ ਹੈ।
ਬਸਪਾ ਤੋਂ ਕਾਂਗਰਸ ਵਿਚ ਆਏ ਵਿਧਾਇਕ ਰਜਿੰਦਰ ਸਿੰਘ ਗੁਢਾ ਨੇ ਪਿਛਲੇ ਦਿਨੀਂ ਅਸੰਬਲੀ ਵਿਚ ਮਹਿਲਾਵਾਂ ’ਤੇ ਅੱਤਿਆਚਾਰ ਨੂੰ ਲੈ ਕੇ ਗਹਿਲੋਤ ਸਰਕਾਰ ’ਤੇ ਹਮਲਾ ਬੋਲਿਆ ਸੀ। ਉਸ ਨੇ ਲਾਲ ਡਾਇਰੀ ਲਹਿਰਾਉਦਿਆਂ ਦਾਅਵਾ ਕੀਤਾ ਸੀ ਕਿ ਇਸ ਵਿਚ 2020 ’ਚ ਸਚਿਨ ਪਾਇਲਟ ਵੱਲੋਂ ਬਗਾਵਤ ਤੋਂ ਬਾਅਦ ਆਜ਼ਾਦ ਉਮੀਦਵਾਰਾਂ ਵਜੋਂ ਜਿੱਤੇ ਤੇ ਹੋਰਨਾਂ ਵਿਧਾਇਕਾਂ ਨੂੰ ਗਹਿਲੋਤ ਵੱਲੋਂ ਸਰਕਾਰ ਬਚਾਉਣ ਲਈ ਦਿੱਤੇ ਪੈਸਿਆਂ ਦੇ ਵੇਰਵੇ ਹਨ। ਇਸ ਤੋਂ ਬਾਅਦ ਉਸ ਨੂੰ ਬਰਤਰਫ ਕਰ ਦਿੱਤਾ ਗਿਆ।
ਮੋਦੀ ਨੇ ਸਿਆਸੀ ਰੈਲੀ ਤੋਂ ਪਹਿਲਾਂ ਕਿਸਾਨਾਂ ਦੇ ਖਾਤੇ ਵਿਚ ਦੋ ਹਜ਼ਾਰ ਦੀ 14ਵੀਂ ਕਿਸ਼ਤ ਪਾਈ। ਗਹਿਲੋਤ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿਚ ਉਨ੍ਹਾਂ ਦੀ ਤਿੰਨ ਮਿੰਟ ਦੀ ਤਕਰੀਰ ਹਟਾ ਦਿੱਤੀ ਗਈ। ਇਸ ਕਰਕੇ ਉਹ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਸਕਦੇ। ਉਜ ਉਹ ਪ੍ਰਧਾਨ ਮੰਤਰੀ ਦਾ ਰਾਜਸਥਾਨ ਆਉਣ ’ਤੇ ਸਵਾਗਤ ਕਰਦੇ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕੀਤਾ ਕਿ ਗਹਿਲੋਤ ਨੂੰ ਸੱਦਿਆ ਗਿਆ ਸੀ ਤੇ ਤਕਰੀਰ ਵੀ ਰੱਖੀ ਗਈ ਸੀ, ਪਰ ਉਨ੍ਹਾ ਦੇ ਦਫਤਰ ਨੇ ਦੱਸਿਆ ਕਿ ਉਹ ਪੈਰ ਵਿਚ ਸੱਟ ਕਾਰਨ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਸਕਣਗੇ।